ਗੰਨੇ ਦੇ ਸੀਜ਼ਨ ਦੌਰਾਨ ਟਰਾਲੀਆਂ ਕਾਰਨ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਚੇਅਰਮੈਨ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ

Last Updated: Nov 16 2020 16:50
Reading time: 1 min, 54 secs

ਖੰਡ ਮਿੱਲਾਂ, ਟਰੈਫਿਕ ਪੁਲਿਸ, ਟਰਾਂਸਪੋਰਟ ਅਧਿਕਾਰੀ ਹਾਦਸੇ ਰੋਕਣ ਲਈ ਸਮਾਂ ਰਹਿੰਦਿਆਂ ਵਿਸ਼ੇਸ਼ ਪਲਾਨ ਤਿਆਰ ਕਰਨ - ਅਮਰਦੀਪ ਚੀਮਾ

ਬਟਾਲਾ, 16 ਨਵੰਬਰ - ਪੰਜਾਬ ਦੀਆਂ ਖੰਡ ਮਿੱਲਾਂ ਵਿੱਚ ਗੰਨੇ ਦੇ ਸੀਜ਼ਨ ਦੀ ਪਿੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਖੇਤੀਬਾੜੀ ਵਿਭਾਗ, ਰੋਡ ਟਰਾਂਸਪੋਰਟ ਵਿਭਾਗ ਅਤੇ ਕੇਨ ਕਮਿਸ਼ਨਰ ਪੰਜਾਬ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸਮਾਂ ਰਹਿੰਦਿਆਂ ਇੱਕ ਵਿਸ਼ੇਸ਼ ਪਲਾਨ ਤਿਆਰ ਕਰਕੇ ਉਸ ਉੱਪਰ ਕਾਰਵਾਈ ਕਰਨ ਤਾਂ ਜੋ ਗੰਨੇ ਦੀਆਂ ਟਰਾਲੀਆਂ ਕਾਰਨ ਸੜਕਾਂ ਉੱਪਰ ਵਾਪਰਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਰਾਜੇਸ਼ ਵਸ਼ਿਸ਼ਟ ਨਾਲ ਗੱਲ ਕਰਦਿਆਂ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਸਾਰੀਆਂ ਖੰਡ ਮਿੱਲਾਂ ਦੇ ਜੀ.ਐੱਮ. ਨੂੰ ਹਦਾਇਤ ਕੀਤੀ ਜਾਵੇ ਕਿ ਉਹ ਸਥਾਨਕ ਪੱਧਰ ’ਤੇ ਟਰੈਫਿਕ ਪੁਲਿਸ, ਟਰਾਂਸਪੋਰਟ ਅਧਿਕਾਰੀਆਂ, ਕਿਸਾਨ ਜਥੇਬੰਦੀਆਂ ਅਤੇ ਉੱਘੇ ਗੰਨਾ ਉਦਪਾਦਕਾਂ ਨਾਲ ਬੈਠ ਕੇ ਵਿਸ਼ੇਸ਼ ਪਲਾਨ ਤਿਆਰ ਕਰਕੇ ਉਸਨੂੰ ਸਮਾਂ ਰਹਿੰਦਿਆਂ ਅਮਲੀ ਰੂਪ ਵਿੱਚ ਲਾਗੂ ਕਰਨ ਤਾਂ ਜੋ ਰਾਤ ਸਮੇਂ ਅਤੇ ਧੁੰਦ ਕਾਰਨ ਗੰਨੇ ਦੀਆਂ ਟਰਾਲੀਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਇਸਦੇ ਨਾਲ ਹੀ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕੇਨ ਕਮਿਸ਼ਨਰ ਪੰਜਾਬ ਸ. ਬਲਵਿੰਦਰ ਸਿੰਘ ਨੂੰ ਵੀ ਹਦਾਇਤ ਕੀਤੀ ਕਿ ਉਹ ਕੋਆਪਰੇਟਿਵ ਸੋਸ਼ਲ ਰਿਸਪਾਂਸੀਬਿਲਟੀ ਫੰਡ ਤਹਿਤ ਖੰਡ ਮਿੱਲਾਂ ਵਿੱਚ ਗੰਨਾਂ ਲੈ ਕੇ ਆਈਆਂ ਟਰਾਲੀਆਂ ਉੱਪਰ ਰਿਫੈਲਕਟਰ ਲਗਾਉਣ। ਉਨ੍ਹਾਂ ਕਿਹਾ ਕਿ ਟਰਾਲੀਆਂ ਉੱਪਰ ਲੱਗੇ ਰਿਫਲੈਕਟਰਾਂ ਕਾਰਨ ਵੀ ਹਾਦਸੇ ਘੱਟ ਹੁੰਦੇ ਹਨ।  

ਸ. ਚੀਮਾ ਨੇ ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇ. ਸ਼ਿਵਾ ਪ੍ਰਸ਼ਾਦ ਨੂੰ ਕਿਹਾ ਕਿ ਉਹ ਟਰਾਂਸਪੋਰਟ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਗੰਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਵਿਭਾਗ ਵਲੋਂ ਲੋੜੀਂਦੀਆਂ ਤਿਆਰੀਆਂ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਈਆਂ ਜਾਣ। ਚੇਅਰਮੈਨ ਚੀਮਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਪਰੋਕਤ ਹਦਾਇਤਾਂ ਦੀ ਪਾਲਣਾ ਕਰਾਉਣ ਉਪਰੰਤ ਕਾਰਵਾਈ ਰਿਪੋਰਟ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ਲਈ ਯਤਨਸ਼ੀਲ ਹੈ ਕਿ ਕਿਸਾਨਾਂ ਦੀ ਫਸਲ ਗੰਨੇ ਨੂੰ ਮਿੱਲਾਂ ਤੱਕ ਲਿਜਾਣ ਸਮੇਂ ਕੋਈ ਮੁਸ਼ਕਲ ਨਾ ਆਵੇ ਅਤੇ ਨਾ ਹੀ ਟਰਾਲੀਆਂ ਕਾਰਨ ਕੋਈ ਸੜਕ ਹਾਦਸਾ ਵਾਪਰੇ। ਸ. ਚੀਮਾ ਨੇ ਕਿਹਾ ਕਿ ਇੱਕ-ਇੱਕ ਜਾਨ ਬੇਸ਼ਕੀਮਤੀ ਹੈ ਅਤੇ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਪ੍ਰਬੰਧਾਂ ਵਿੱਚ ਸਮਾਂ ਰਹਿੰਦਿਆਂ ਅਜਿਹਾ ਸੁਧਾਰ ਕੀਤਾ ਜਾਵੇ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।  

ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇ. ਸ਼ਿਵਾ ਪ੍ਰਸ਼ਾਦ ਸਮੇਤ ਦੂਸਰੇ ਅਧਿਕਾਰੀਆਂ ਨੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਹੇਠਲੇ ਪੱਧਰ ਤੱਕ ਕਰਵਾਈ ਜਾਵੇਗੀ ਤਾਂ ਜੋ ਇਸਦੇ ਵਧੀਆ ਨਤੀਜੇ ਸਾਹਮਣੇ ਆ ਸਕਣ।