ਅੰਨਦਾਤੇ ਦੀ ਹੁਣ ਦਿੱਲੀ ਵੱਲ ਨੂੰ ਕੂਚ!(ਨਿਊਜ਼ਨੰਬਰ ਖਾਸ ਖ਼ਬਰ)

Last Updated: Nov 16 2020 16:35
Reading time: 2 mins, 21 secs

ਪਿਛਲੇ ਦਿਨੀਂ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਤਿੰਨ ਮੰਤਰੀਆਂ ਦੇ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਜੋ ਮੰਗਾਂ ਸਨ, ਉਨ੍ਹਾਂ ਨੂੰ ਕੇਂਦਰ ਦੇ ਤਿੰਨ ਮੰਤਰੀਆਂ ਦੇ ਵੱਲੋਂ ਨਾ ਮੰਨਿਆ ਗਿਆ। ਜਿਸ ਦੇ ਕਾਰਨ ਇਹ ਮੀਟਿੰਗ ਬੇਸਿੱਟਾ ਰਹੀ ਬੇਸ਼ੱਕ ਕਿਸਾਨਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਮੰਤਰੀਆਂ ਨੇ ਸਾਂਭ ਕੇ ਰੱਖ ਲਿਆ ਅਤੇ ਕਿਹਾ ਕਿ ਉਹ ਇਨ੍ਹਾਂ ਉੱਤੇ ਵਿਚਾਰ ਕਰਨਗੇ। ਪਰ ਜੇਕਰ ਤਰਕ ਦੇ ਆਧਾਰ ਤੇ ਵੇਖੀਏ ਤਾਂ ਸਰਕਾਰ ਕਿਸਾਨਾਂ ਦੁਆਰਾ ਦਿੱਤੇ ਗਏ ਸੁਝਾਵਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਕਦੇ ਵੀ ਨਹੀਂ ਮੰਨਣਗੇ। ਕਿਉਂਕਿ ਕੇਂਦਰ ਸਰਕਾਰ ਹੈਗੀ ਹੀ ਕਿਸਾਨ ਵਿਰੋਧੀ ਹੈ। ਜੇਕਰ ਇਹ ਸਰਕਾਰ ਕਿਸਾਨ ਵਿਰੋਧੀ ਨਾ ਹੁੰਦੀ ਤਾਂ ਖੇਤੀ ਕਾਨੂੰਨ ਹੀ ਕਿਉਂ ਲੈ ਕੇ ਆਉਂਦੀ ਜੋ ਕਿਸਾਨਾਂ ਨੂੰ ਮਾਰਨ ਵਾਲੇ ਹਨ। ਦੱਸ ਦਈਏ ਕਿ ਦਿੱਲੀ ਵਿਚ ਹੋਈ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਜਿੱਥੇ ਬੇਸਿੱਟਾ ਰਹੀ, ਉੱਥੇ ਹੀ ਉਨ੍ਹਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਛੱਬੀ ਅਤੇ ਸਤਾਈ ਨਵੰਬਰ ਨੂੰ ਪੰਜਾਬ ਸਮੇਤ ਦੇਸ਼ ਭਰ ਵਿੱਚੋਂ ਦੱਸ ਹਜ਼ਾਰ ਤੋਂ ਵੱਧ ਟਰੈਕਟਰ ਲੈ ਕੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਅਤੇ ਕੇਂਦਰੀ ਹਾਕਮਾਂ ਨੂੰ ਜਗਾਉਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਵਿੱਚ ਦੋ ਦਿਨਾਂ ਮੋਰਚਾ ਲਗਾ ਕੇ ਬੈਠਣਗੇ। ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸੰਸਦ ਮੈਂਬਰਾਂ ਅਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰਨਾਂ ਦੀਆਂ ਰਿਹਾਇਸ਼ਾਂ ਦਾ ਵੀ ਘਿਰਾਓ ਕਰਨ ਲਈ ਮਜਬੂਰ ਹੋ ਜਾਣਗੇ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਅਤੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਦੀ ਪੈੜ ਵਿੱਚ ਉੱਤਰੀਆਂ ਹੋਈਆਂ ਹਨ। ਪਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ ਅਤੇ ਕਿਸਾਨਾਂ ਨੂੰ ਅਤਿਵਾਦੀ ਵੱਖਵਾਦੀ ਅਤੇ ਹੋਰ ਵੀ ਕਈ ਪ੍ਰਕਾਰ ਦੇ ਨਾਵਾਂ ਨਾਲ ਪੁਕਾਰਿਆ ਜਾ ਰਿਹਾ। ਜਿਸ ਕਾਰਨ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਤੇ ਤੁਲੀ ਹੋਈ ਹੈ ਅਤੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹੱਥ ਦੇਣਾ ਚਾਹੁੰਦੀ ਹੈ। ਪੰਜਾਬ ਸਮੇਤ ਦੇਸ਼ ਦੇ ਕਈ ਸਰਕਾਰੀ ਤੇ ਸਰਕਾਰੀ ਕੰਪਨੀਆਂ ਨੂੰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਕੁਝ ਕੁ ਜਿਹੜੇ ਬਚੇ ਖੁਚੇ ਅਦਾਰੇ ਅਤੇ ਸਰਕਾਰੀ ਕੰਪਨੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਵੀ ਸਰਕਾਰ ਨਿੱਜੀ ਹੱਥਾਂ ਵਿੱਚ ਦੇਣ ਦੇ ਲਈ ਸਕੀਮਾਂ ਘੜ ਰਹੀ ਹੈ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਸੈਕਟਰ ਹੀ ਇੱਕ ਅਜਿਹਾ ਸੈਕਟਰ ਸੀ, ਜਿੱਥੇ ਕਿਸਾਨ ਵੀ ਖ਼ੁਸ਼ ਸੀ ਮਜ਼ਦੂਰ ਵੀ ਖੁਸ਼ ਸੀ ਅਤੇ ਉਸ ਦੇ ਨਾਲ ਜੁੜੇ 80 ਪ੍ਰਤੀਸ਼ਤ ਦੇਸ਼ ਦੇ ਲੋਕ ਖੁਸ਼ ਸਨ। ਪਰ ਸਰਕਾਰ ਵੱਲੋਂ ਹੁਣ ਜਦੋਂ ਨਵੇਂ ਕਾਨੂੰਨ ਲਿਆਂਦੇ ਗਏ ਹਨ, ਇਨ੍ਹਾਂ ਦੇ ਨਾਲ ਸਮੂਹ ਵਰਗਾਂ ਤੇ ਹੀ ਭਾਰੀ ਅਸਰ ਪਵੇਗਾ। ਕਿਉਂਕਿ ਉਹ ਵਰਗ ਜੋ ਕਿਸਾਨ ਦੇ ਨਾਲ ਜੁੜੇ ਸਨ, ਉਹ ਵੀ ਕਿਸਾਨ ਵਾਂਗ ਤਬਾਹ ਹੋ ਜਾਣਗੇ। ਕਿਸਾਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਛੱਬੀ ਅਤੇ ਸਤਾਈ ਨਵੰਬਰ ਨੂੰ ਕੇਂਦਰ ਵਿਚਲੀ ਮੋਦੀ ਸਰਕਾਰ ਦਾ ਵਿਰੋਧ ਕਰਦਿਆਂ ਹੋਇਆਂ ਦਿੱਲੀ ਵਿਖੇ ਵਧ ਚਡ਼੍ਹ ਕੇ ਸੰਘਰਸ਼ ਵਿਚ ਹਿੱਸਾ ਲੈਣ।