ਸ਼ਾਂਤ ਨਹੀਂ ਹਨ ਸਰਹੱਦਾਂ: ਕਈ ਮਾਵਾਂ ਦੇ ਪੁੱਤ ਸ਼ਹੀਦ ਕਰਵਾ ਕੇ ਖ਼ੁਸ਼ ਨੇ ਹਾਕਮ ! (ਨਿਊਜ਼ਨੰਬਰ ਖਾਸ ਖ਼ਬਰ)

Last Updated: Nov 16 2020 14:38
Reading time: 3 mins, 34 secs

ਜੰਮੂ ਕਸ਼ਮੀਰ ਤੋਂ ਲੈ ਕੇ ਭਾਰਤ ਦੇ ਹੋਰ ਕਈ ਖਿੱਤਿਆਂ ਦੇ ਵਿਚ ਰੋਜ਼ਾਨਾ ਹੀ ਗੋਲੀਬਾਰੀ ਹੋ ਰਹੀ ਹੈ। ਜਿਸ ਦੇ ਕਾਰਨ ਕਈ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਸੁਹਾਗਣਾਂ ਦੇ ਪਤੀ ਅਤੇ ਬੱਚਿਆਂ ਦੇ ਪਿਤਾ ਸ਼ਹੀਦ ਹੋ ਰਹੇ ਹਨ। ਪਰ ਸਮੇਂ ਦੇ ਹਾਕਮਾਂ ਨੂੰ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਨਾਲ ਕੋਈ ਹਮਦਰਦੀ ਨਹੀਂ। ਕਿਉਂਕਿ ਹਾਕਮਾਂ ਨੂੰ ਸਿਰਫ਼ ਵੋਟਾਂ ਦੇ ਨਾਲ ਮਤਲਬ ਹੈ। ਜਦੋਂ ਵੀ ਦੇਸ਼ ਦੇ ਅੰਦਰ ਜਿਹੜੇ ਵੀ ਸੂਬੇ ਵਿੱਚ ਚੋਣਾਂ ਹੁੰਦੀਆਂ ਹਨ, ਉੱਦੋਂ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਸਰਹੱਦਾਂ 'ਤੇ ਹੁੰਦੀ ਗੋਲੀਬਾਰੀ ਅਤੇ ਫ਼ੌਜੀਆਂ ਦੀ ਬਹਾਦਰੀ ਦਾ ਰੱਟਾ ਲਗਾ ਬੈਠਦਾ ਹੈ ਅਤੇ ਸ਼ਹੀਦਾਂ ਦੇ ਨਾਮ ਤੇ ਵੋਟਾਂ ਲੈ ਕੇ ਆਪਣੀ ਪਾਰਟੀ ਦੀ ਸਰਕਾਰ ਬਣਾ ਲੈਂਦਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸਰਹੱਦਾਂ ਉਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਭੋਰਾ ਫਿਕਰ ਨਹੀਂ। ਸਰਹੱਦਾਂ ਤੋਂ ਨਫ਼ਰਤ ਭਰੀ ਬਿਆਨਬਾਜ਼ੀ ਦੇਸ਼ ਦੇ ਪੀ ਐਮ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਦੇਸ਼ ਦਾ ਮਾਹੌਲ ਤਾਂ ਵਿਗੜ ਹੀ ਰਿਹਾ ਹੈ, ਨਾਲ ਹੀ ਦੁਸ਼ਮਣਾਂ ਦੇ ਵੱਲੋਂ ਵੀ ਭਾਰਤੀ ਜਵਾਨਾਂ ਨੂੰ ਲਲਕਾਰਿਆ ਜਾ ਰਿਹਾ ਅਤੇ ਭਾਰਤੀ ਜਵਾਨਾਂ ਵੱਲੋਂ ਦੁਸ਼ਮਣਾਂ ਨੂੰ ਲਲਕਾਰਿਆਂ ਜਾ ਰਿਹਾ ਹੈ। ਜਿਸ ਦੇ ਕਾਰਨ ਦੋਵਾਂ ਦੇਸ਼ਾਂ ਵਿੱਚ ਤਣਾਅ ਪੈਦਾ ਹੋ ਰਹੇ ਹਨ ਅਤੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ। ਇਸ ਵਕਤ ਭਾਰਤ ਦਾ ਰੌਲਾ ਸਿਰਫ਼ ਚੀਨ ਅਤੇ ਪਾਕਿਸਤਾਨ ਦੇ ਨਾਲ ਹੀ ਹੈ। ਚੀਨ ਅਤੇ ਪਾਕਿਸਤਾਨ ਦੇ ਵੱਲੋਂ ਭਾਰਤੀ ਫ਼ੌਜੀਆਂ 'ਤੇ ਗੋਲੀਬਾਰੀ ਕੀਤੀ ਜਾਂਦੀ ਹੈ, ਜਦੋਂ ਕਿ ਭਾਰਤੀ ਫ਼ੌਜੀਆਂ ਦੇ ਵੱਲੋਂ ਵੀ ਚੀਨੀ ਫ਼ੌਜੀਆਂ ਤੇ ਜਾਂ ਫਿਰ ਪਾਕਿਸਤਾਨੀ ਫੌਜੀਆਂ ਤੇ ਗੋਲੀਬਾਰੀ ਕੀਤੀ ਜਾਂਦੀ ਹੈ। ਜਿਸ ਦੇ ਕਾਰਨ ਦੋਵੇਂ ਪਾਸਿਆਂ ਤੋਂ ਹੀ ਜਵਾਨ ਸ਼ਹੀਦੀ ਜਾਮ ਪੀ ਜਾਂਦੇ ਹਨ। ਪਰ ਇਹ ਜਵਾਨ ਸ਼ਹੀਦ ਹੁੰਦੇ ਹੀ ਕਿਉਂ ਹਨ? ਇਸ ਦੇ ਪਿੱਛੇ ਵਜ੍ਹਾ ਜਾਣੀਏ ਤਾਂ ਸਿੱਧੀ ਜਿਹੀ ਗੱਲ ਹੈ ਕਿ ਹਾਕਮਾਂ ਵੱਲੋਂ ਕੀਤੀ ਜਾਂਦੀ ਨਫ਼ਰਤ ਭਰੀ ਬਿਆਨਬਾਜ਼ੀ ਦੇ ਕਾਰਨ ਹੀ ਸਰਹੱਦਾਂ ਤੇ ਰੋਜ਼ਾਨਾ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਰਹਿੰਦੇ ਹਨ। ਕਰੀਬ ਢਾਈ ਮਹੀਨੇ ਪਹਿਲੋਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਚੀਨ ਸਰਹੱਦ ਤੇ ਕਰੀਬ ਵੀਹ ਜਵਾਨਾਂ ਦੀ ਮੌਤ ਦੀ ਖ਼ਬਰ ਜਦੋਂ ਆਈ ਤਾਂ ਸਭਨਾਂ ਦੇ ਮਨਾਂ ਵਿੱਚ ਚੀਨ ਪ੍ਰਤੀ ਰੋਹ ਸੀ। ਬਹੁਤ ਸਾਰੇ ਭਾਜਪਾਈਆਂ ਤੋਂ ਇਲਾਵਾ ਆਮ ਲੋਕਾਂ ਨੇ ਚੀਨ ਦੇ ਪੁਤਲੇ ਫੂਕੇ ਚੀਨ ਦੇ ਸਾਮਾਨ ਦਾ ਬਾਈਕਾਟ ਕੀਤਾ ਗਿਆ। ਇਸ ਤੋਂ ਇਲਾਵਾ ਚੀਨੀ ਫ਼ੌਜੀਆਂ ਦੇ ਵਿਰੁੱਧ ਨਫ਼ਰਤ ਭਰੀ ਬਿਆਨਬਾਜ਼ੀ ਭਾਜਪਾਈਆਂ ਦੇ ਵੱਲੋਂ ਕੀਤੀ ਗਈ। ਬੇਸ਼ੱਕ ਹੁਣ ਚੀਨੀ ਸਾਮਾਨ ਸਾਡੇ ਦੇਸ਼ ਦੇ ਅੰਦਰ ਘੱਟ ਵਿਕ ਰਿਹਾ ਹੈ, ਇਸ ਦਾ ਚੀਨ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਚੀਨ ਦੀਆਂ ਦਰਜਨਾਂ ਐਪ ਮੋਦੀ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ, ਇਸ ਦਾ ਵੀ ਚੀਨੀਆਂ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਨੁਕਸਾਨ ਤਾਂ ਸਾਡੀ ਭਾਰਤੀ ਫ਼ੌਜ ਦਾ ਹੀ ਹੋਇਆ ਹੈ, ਜਿਨ੍ਹਾਂ ਦਾ ਸਿਰਫ਼ ਹਾਕਮਾਂ ਦੇ ਵੱਲੋਂ ਹੀ ਨੁਕਸਾਨ ਕੀਤਾ ਗਿਆ ਹੈ। ਰੋਜ਼ਾਨਾ ਹੀ ਸਰਹੱਦ ਤੇ ਹੁੰਦੀ ਗੋਲੀਬਾਰੀ ਦੀ ਜੇਕਰ ਗੱਲ ਕਰੀਏ ਤਾਂ ਇਸ ਦਾ ਨੁਕਸਾਨ ਦੋਵਾਂ ਪਾਸਿਆਂ ਦੇ ਫੌਜੀਆਂ ਨੂੰ ਹੋ ਰਿਹਾ ਹੈ। ਲੰਘੇ ਦਿਨੀਂ ਪਾਕਿਸਤਾਨ ਉਤੇ ਭਾਰਤੀ ਫ਼ੌਜੀਆਂ ਵੱਲੋਂ ਇਹ ਦੋਸ਼ ਮੜਿਆ ਗਿਆ, ਕਿ ਉਨ੍ਹਾਂ ਦੇ ਵੱਲੋਂ ਜੰਮੂ ਕਸ਼ਮੀਰ ਨਾਲ ਲਗਦੀ ਐੱਲ ਓ ਸੀ ਉੱਤੇ ਲਗਾਤਾਰ ਗੋਲੀਬਾਰੀ ਕਰਕੇ ਭਾਰਤੀ ਜਵਾਨਾਂ ਸਮੇਤ ਕਈ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਭਾਰਤੀ ਫ਼ੌਜੀਆਂ ਦੇ ਵੱਲੋਂ ਵੀ ਪਾਕਿਸਤਾਨ ਤੇ ਗੋਲੀਬਾਰੀ ਕੀਤੀ ਗਈ ਕਹਿੰਦੇ ਹਨ ਕਿ ਹੁਣ ਬੀਐਸਐਫ ਦੇ ਵੱਲੋਂ ਸਰਹੱਦ ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਪਰ ਜੇਕਰ ਦੂਜੇ ਪਾਸੇ ਵੇਖੀਏ ਤਾਂ ਗੋਲੀਬਾਰੀ ਦੀ ਦੋਵਾਂ ਪਾਸਿਆਂ ਤੋਂ ਜ਼ਰੂਰਤ ਹੀ ਕਿਉਂ ਪਈ? ਦੋਵਾਂ ਦੇਸ਼ਾਂ ਦੇ ਹਾਕਮ ਇਹੀ ਚਾਹੁੰਦੇ ਹਨ ਕਿ ਸਰਹੱਦਾਂ 'ਤੇ ਫੌਜੀ ਜਵਾਨ ਲੜਦੇ ਰਹਿਣ ਮਰਦੇ ਰਹਿਣ, ਉਹ ਆਪਣੀ ਰਾਜਗੱਦੀ 'ਤੇ ਉਸੇ ਤਰ੍ਹਾਂ ਹੀ ਟਿਕੇ ਰਹਿਣ। ਦੇਸ਼ ਦੇ ਪ੍ਰਧਾਨਮੰਤਰੀ ਨੂੰ ਵੀ ਜਨਤਾ ਦੀ ਭੋਰਾ ਫਿਕਰ ਨਹੀਂ, ਉਹ ਨਫ਼ਰਤ ਭਰੀ ਬਿਆਨਬਾਜ਼ੀ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਤੋਰ ਰਿਹਾ ਹੈ। ਇਥੇ ਦੱਸਣਾ ਵਿਸ਼ੇਸ਼ ਤੌਰ ਤੇ ਇਹ ਵੀ ਬਣਦਾ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦਾ ਸੰਘਰਸ਼ ਜਾਰੀ ਹੈ। ਜਿਸ ਨੂੰ ਦਬਾਉਣ ਦੇ ਲਈ ਹਾਕਮਾਂ ਦੇ ਵੱਲੋਂ ਨਵੀਆਂ ਨਵੀਆਂ ਸਕੀਮਾਂ ਘੜ ਕੇ ਸਰਹੱਦਾਂ ਤੇ ਗੋਲੀਬਾਰੀ ਆਦਿ ਕਰਵਾਈ ਜਾਰੀ ਹੈ। ਇਸ ਦਾ ਨੁਕਸਾਨ ਕਿਸੇ ਇੱਕ ਨੂੰ ਨਹੀਂ, ਬਲਕਿ ਬਹੁਤ ਸਾਰੇ ਤਬਕਿਆਂ ਨੂੰ ਹੋ ਰਿਹਾ ਹੈ। ਕਿਉਂਕਿ ਸਰਹੱਦਾਂ ਤੇ ਕਿਸੇ ਵੀ ਲੀਡਰ ਦਾ ਕੋਈ ਪੁੱਤ ਆਦਿ ਸ਼ਹੀਦ ਨਹੀਂ ਹੋ ਰਿਹਾ, ਆਮ ਲੋਕਾਂ ਦੇ ਹੀ ਪੁੱਤ ਸ਼ਹੀਦ ਹੋ ਰਹੇ ਹਨ। ਜਿਸ ਕਰਕੇ ਹੁਣ ਸਾਡੀ ਨੌਜਵਾਨ ਪੀੜ੍ਹੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਹਾਕਮ ਕੀ ਕਰ ਰਹੇ ਹਨ ਅਤੇ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ? ਮੋਦੀ ਹਕੂਮਤ ਦੇ ਵੱਲੋਂ ਦੇਸ਼ ਦੇ ਅੰਦਰ ਹਮੇਸ਼ਾਂ ਹੀ ਨਫ਼ਰਤ ਭਰੀ ਬਿਆਨਬਾਜ਼ੀ ਕਰਕੇ ਦੇਸ਼ ਦੇ ਲੋਕਾਂ ਨੂੰ ਲੜਾਇਆ ਮਰਵਾਇਆ ਜਾਂਦਾ ਰਿਹਾ ਹੈ ਅਤੇ ਹੁਣ ਵੀ ਸਰਹੱਦਾਂ ਤੇ ਗੋਲੀਬਾਰੀ ਕਰਵਾ ਕੇ ਕਈ ਮਾਵਾਂ ਦੇ ਪੁੱਤ ਸ਼ਹੀਦ ਇਨ੍ਹਾਂ ਹਾਕਮਾਂ ਦੇ ਵੱਲੋਂ ਕਰਵਾ ਦਿੱਤੇ ਗਏ ਹਨ।