ਵੇ ਲੋਕੋ ਲੋਹੜਾ ਪੈ ਗਿਆ: ਹੱਕ ਮੰਗਣ ਤੇ ਨੌਕਰੀਓਂ ਕੱਢਣ ਦੇ ਨੋਟਿਸ !(ਨਿਊਜ਼ਨੰਬਰ ਖਾਸ ਖ਼ਬਰ)

Last Updated: Nov 15 2020 14:04
Reading time: 2 mins, 29 secs

ਇਕ ਪਾਸੇ ਜਿਥੇ ਕਈ ਸਰਕਾਰੀ ਵਿਭਾਗਾਂ ਦੇ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਕੋਈ ਬੋਨਸ ਵਗੈਰਾ ਨਹੀਂ ਦਿੱਤਾ ਗਿਆ, ਉਥੇ ਹੀ ਕਈ ਅਦਾਰਿਆਂ ਦੇ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਹੀ ਫਾਰਗ ਕਰ ਦਿੱਤਾ ਗਿਆ। ਜਿਸ ਦੇ ਕਾਰਨ ਇਨ੍ਹਾਂ ਮੁਲਾਜ਼ਮਾਂ ਨੇ ਕਾਲੀ ਦੀਵਾਲੀ ਮਨਾਈ ਦੱਸਣਾ ਬਣਦਾ ਹੈ ਕਿ ਦੀਵਾਲੀ ਦੇ ਤਿਉਹਾਰ ਤੇ ਲੋਕ ਇੱਕ ਦੂਜੇ ਨੂੰ ਗਿਫਟ ਹਰ ਵਾਰ ਦਿੰਦੇ ਹਨ ਜਾਂ ਫਿਰ ਨੌਕਰੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬੌਸ ਤਨਖਾਹਾਂ ਵਿਚ ਵਾਧਾ ਕਰਕੇ ੳੁਨ੍ਹਾਂ ਨੂੰ ਗਿਫਟ ਦਿੰਦੇ ਹਨ। ਪਰ ਸਰਕਾਰ ਦੇ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕੋਈ ਗਿਫਟ ਨਾਂ ਦੇ ਕੇ ਜਿੱਥੇ ਧੋਖਾ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਨੂੰ ਗਿਫਟ ਦੇ ਰੂਪ ਵਿੱਚ ਉਨ੍ਹਾਂ ਦੀਆਂ ਨੌਕਰੀਆਂ ਹੀ ਖੋਹੀਆਂ ਜਾ ਰਹੀਆਂ ਹਨ। ਮਗਨਰੇਗਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਉਹ ਕਲਮਛੋਡ਼ ਹਡ਼ਤਾਲ ਤੇ ਚੱਲ ਰਹੇ ਹਨ। ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੁਲਾਜ਼ਮਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ, ਪਰ ਇਹ ਮੀਟਿੰਗ ਬੇਸਿੱਟਾ ਹੀ ਰਹੀ ਹੈ। ਜਿਸ ਦੇ ਕਾਰਨ ਮੁਲਾਜ਼ਮਾਂ ਨੇ ਜਿੱਥੇ ਉੱਚ ਅਧਿਕਾਰੀਆਂ ਤੋਂ ਇਲਾਵਾ ਕਾਂਗਰਸ ਦੇ ਵਿਧਾਇਕਾਂ ਅਤੇ ਹੋਰਨਾਂ ਲੀਡਰਾਂ ਦੇ ਨਾਲ ਵਾਰ ਵਾਰ ਰਾਬਤਾ ਕਾਇਮ ਕਰਕੇ ਆਪਣੀਆਂ ਨੌਕਰੀਆਂ ਨੂੰ ਪੱਕੇ ਕਰਵਾਉਣ ਹਾੜ੍ਹੇ ਕੱਢੇ ਜਾ ਰਹੇ ਹਨ। ਉੱਥੇ ਹੀ ਵਾਰ ਵਾਰ ਇਨ੍ਹਾਂ ਲੀਡਰਾਂ ਦੇ ਵੱਲੋਂ ਮੁਲਾਜ਼ਮਾਂ ਨੂੰ ਵਿਸਵਾਸ਼ ਦੇ ਕੇ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਮੰਨ ਲੈਣ ਦਾ ਭਰੋਸਾ ਤਾਂ ਹਰ ਵਾਰ ਲੀਡਰ ਦਿੰਦੇ ਰਹੇ ਹਨ। ਪਰ ਕਦੇ ਵੀ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਅਤੇ ਜਿਸ ਦੇ ਕਾਰਨ ਮੁਲਾਜ਼ਮਾਂ ਦਾ ਭਰੋਸਾ ਇਨ੍ਹਾਂ ਲੀਡਰਾਂ ਤੋਂ ਉੱਠ ਚੁੱਕਿਆ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਲੀਡਰ ਅਤੇ ਅਧਿਕਾਰੀ ਮਗਨਰੇਗਾ ਮੁਲਾਜ਼ਮਾਂ ਨੂੰ ਇਹ ਵਿਸ਼ਵਾਸ ਪਿਛਲੇ ਦਿਨਾਂ ਦੇ ਵਿੱਚ ਦਿੰਦੇ ਰਹੇ ਕਿ ਦੀਵਾਲੀ ਮੌਕੇ ਉਨ੍ਹਾਂ ਮੁਲਾਜ਼ਮਾਂ ਨੂੰ ਕੋਈ ਤੋਹਫਾ ਦਿੱਤਾ ਜਾਵੇਗਾ। ਪਰ ਮੁਲਾਜ਼ਮਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਨੂੰ ਨੌਕਰੀਆਂ ਤੋਂ ਫਾਰਗ ਕਰਨ ਦੇ ਹੀ ਨੋਟਿਸ ਜਾਰੀ ਹੋ ਜਾਣਗੇ। ਮੁਲਾਜ਼ਮਾਂ ਦੀਆਂ ਆਸਾਂ ਤੇ ਹਾਕਮਾਂ ਦੇ ਵੱਲੋਂ ਪਾਣੀ ਫੇਰ ਦਿੱਤਾ ਗਿਆ ਹੈ, ਜਿਸਦੇ ਕਾਰਨ ਮੁਲਾਜ਼ਮਾਂ ਵਿੱਚ ਬਹੁਤ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੱਸਣਾ ਬਣਦਾ ਹੈ ਕਿ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾਉਣ ਦੇ ਲਈ ਹੁਣ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਜਲਦ ਤੋਂ ਜਲਦ ਆਪਣੀਆਂ ਡਿਊਟੀਆਂ ਤੇ ਵਾਪਸ ਆ ਜਾਣ ਨਹੀਂ ਤਾਂ ਉਨ੍ਹਾਂ ਦੀਆਂ ਪੂਰੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਵੈਸੇ ਵੇਖਿਆ ਜਾਵੇ ਤਾਂ ਸੰਘਾ ਹੱਕ ਹਰ ਕਰਮਚਾਰੀ ਨੂੰ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਮੁਲਾਜ਼ਮਾਂ ਕੋਲੋਂ ਉਨ੍ਹਾਂ ਦਾ ਇਹ ਹੱਕ ਵੀ ਖੋਹ ਲਿਆ ਗਿਆ। ਮਗਨਰੇਗਾ ਮੁਲਾਜ਼ਮਾਂ ਦੀ ਮੰਨੀਏ ਤਾਂ ਅੜੀਅਲ ਰਵੱਈਏ ਤੋਂ ਮੁਲਾਜ਼ਮਾਂ ਵਿੱਚ ਹੁਣ ਪੂਰੇ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਮੁਲਾਜ਼ਮਾਂ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਕਿ ਜਲਦ ਹੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੌਕਰੀਆਂ ਤੋਂ ਫਾਰਗ ਕਰਨ ਦੇ ਨੋਟਿਸ ਦੀਆਂ ਕਾਪੀਆਂ ਸਾਡ਼ੀਆਂ ਜਾਣਗੀਆਂ। ਦੇਖਣਾ ਹੁਣ ਇਹ ਬਣਦਾ ਹੈ ਕਿ ਕੀ ਮੁਲਾਜ਼ਮ ਪ੍ਰਸ਼ਾਸਨ ਦੇ ਅੱਗੇ ਝੁਕ ਕੇ ਫਿਰ ਤੋਂ ਡਿਊਟੀ ਤੇ ਵਾਪਸ ਚਲੇ ਜਾਣਗੇ ਜਾਂ ਫਿਰ ਪ੍ਰਸ਼ਾਸਨ ਮੁਲਾਜ਼ਮਾਂ ਅੱਗੇ ਝੁਕ ਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਕੇ ਸਥਿਤੀ ਨੂੰ ਕੰਟਰੋਲ ਵਿੱਚ ਕਰੇਗਾ। ਬਾਕੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦਾ ਹੈ?