ਕਾਲੀ ਦੀਵਾਲੀ: ਆਪਣੇ ਆਸ਼ਿਆਨੇ ਦੀ ਬਜਾਏ ਰੇਲਵੇ ਸਟੇਸ਼ਨ ਤੇ ਡਟੇ ਰਹੇ ਕਿਸਾਨ!!(ਨਿਊਜ਼ਨੰਬਰ ਖਾਸ ਖ਼ਬਰ)

Last Updated: Nov 15 2020 13:51
Reading time: 2 mins, 7 secs

ਲੰਘੇ ਕੱਲ੍ਹ ਇਕ ਪਾਸੇ ਤਾਂ ਦੇਸ਼ ਦੁਨੀਆਂ ਦੇ ਲੋਕ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾ ਰਹੇ ਸਨ, ਉਥੇ ਹੀ ਦੂਜੇ ਪਾਸੇ ਸੰਘਰਸ਼ ਦੀ ਪੈੜ ਵਿੱਚ ਉਤਰੇ ਕਿਸਾਨ ਜਥੇਬੰਦੀਆਂ ਰੇਲਵੇ ਸਟੇਸ਼ਨਾਂ ਤੇ ਹੀ ਕਾਲੀ ਦੀਵਾਲੀ ਮਨਾ ਰਹੇ ਸਨ। ਦੀਵਾਲੀ ਵਾਲੇ ਦਿਨ ਕਿਸਾਨਾਂ ਨੇ ਆਪਣਾ ਸੰਘਰਸ਼ ਮਘਾਈ ਰੱਖਿਆ ਅਤੇ ਰੇਲਵੇ ਸਟੇਸ਼ਨਾਂ ਤੇ ਹੀ ਪੱਕੇ ਮੋਰਚੇ ਜਮਾਈ ਰੱਖੇ। ਆਪਣੇ ਆਸ਼ਿਆਨੇ ਦੀ ਬਜਾਏ ਰੇਲਵੇ ਸਟੇਸ਼ਨਾਂ ਤੇ ਇਸ ਵਾਰ ਕਿਸਾਨਾਂ ਨੇ ਕੋਈ ਪਹਿਲੀ ਵਾਰ ਨਹੀਂ ਦੀਵਾਲੀ ਮਨਾਈ। ਇਸ ਤੋਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਨੂੰ ਅਜਿਹਾ ਰੁਖ਼ ਅਪਣਾਉਣਾ ਪਿਆ ਹੈ ਅਤੇ ਉਨ੍ਹਾਂ ਨੇ ਸੰਘਰਸ਼ ਕਰਕੇ ਕਈ ਤਿਉਹਾਰ ਰੇਲਵੇ ਸਟੇਸ਼ਨਾਂ ਅਤੇ ਸੜਕਾਂ ਤੇ ਮਨਾਏ ਹਨ। ਇਸ ਵਾਰ ਕਿਸਾਨਾਂ ਦੀ ਕਾਲੀ ਦੀਵਾਲੀ ਇਸ ਲਈ ਹੈ, ਕਿਉਂਕਿ ਕੇਂਦਰ ਵਿਚਲੀ ਤਾਨਾਸ਼ਾਹ ਮੋਦੀ ਹਕੂਮਤ ਦੇ ਵੱਲੋਂ ਕਿਸਾਨਾਂ ਦੇ ਨਾਲ ਸ਼ਰ੍ਹੇਆਮ ਧੱਕਾ ਕਰਕੇ ਖੇਤੀ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਮਰਨ ਲਈ ਮਜਬੂਰ ਕੀਤਾ ਹੈ। ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਜਿਸ ਦੇ ਕਾਰਨ ਕਿਸਾਨਾਂ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਵੱਲੋਂ ਇੱਕ ਅਕਤੂਬਰ ਤੋਂ ਸ਼ੁਰੂ ਕੀਤਾ ਹੋਇਆ 'ਰੇਲ ਰੋਕੋ' ਅੰਦੋਲਨ ਦੀਵਾਲੀ ਵਾਲੇ ਦਿਨ ਵੀ ਜਾਰੀ ਰਿਹਾ ਅਤੇ ਕਿਸਾਨਾਂ ਨੇ ਰੇਲਵੇ ਸਟੇਸ਼ਨ ਤੇ ਹੀ ਕਾਲੀ ਦੀਵਾਲੀ ਮਨਾਉਂਦੇ ਹੋਏ ਮੋਦੀ ਸਰਕਾਰ ਦੇ ਖਿਲਾਫ ਜਿਥੇ ਜੰਮ ਕੇ ਨਾਅਰੇਬਾਜ਼ੀ ਕੀਤੀ। ਉਥੇ ਹੀ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਵੀ ਕੋਸਿਆ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਲੰਮੀ ਗੱਲਬਾਤ ਵਾਲੀ ਮੀਟਿੰਗ ਚੱਲਣ ਤੋਂ ਬਾਅਦ ਕੋਈ ਵੀ ਮਸਲਾ ਹੱਲ ਕਿਸਾਨਾਂ ਦਾ ਨਹੀਂ ਨਿਕਲ ਸਕਿਆ, ਜਿਸ ਦੇ ਕਾਰਨ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਰੋਸ ਹੈ। ਕਿਸਾਨਾਂ ਦੇ ਮੁਤਾਬਕ ਕੇਦਰੀ ਮੰਤਰੀਆਂ ਦੇ ਨਾਲ ਮੀਟਿੰਗ ਬੇਸ਼ੱਕ ਸੁਖਾਵੇਂ ਮਾਹੌਲ ਵਿੱਚ ਹੋਈ, ਪਰ ਮੋਦੀ ਸਰਕਾਰ ਹਾਲੇ ਵੀ ਇਨ੍ਹਾਂ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾ ਰਹੀ ਹੈ ਅਤੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ। ਦੱਸਣਾ ਵੀ ਬਣਦਾ ਹੈ ਕਿ ਕੇਂਦਰ ਵੱਲੋਂ ਕੱਲ੍ਹ ਕਿਸਾਨ ਜਥੇਬੰਦੀਆਂ ਦੇ ਸੁਝਾਵਾਂ ਉਪਰ ਵਿਚਾਰ ਚਰਚਾ ਕਰਨ ਲਈ ਕੁਝ ਸਮਾਂ ਮੰਗਿਆ ਤਾਂ ਹੈ, ਪਰ ਲੱਗਦਾ ਨਹੀਂ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨ ਕੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਲਵੇਗੀ। ਕਿਉਂਕਿ ਮੋਦੀ ਸਰਕਾਰ ਇੱਕ ਵਾਰ ਜਿਹੜੇ ਕਾਨੂੰਨ ਪਾਸ ਕਰ ਦਿੰਦੀ ਹੈ, ਉਨ੍ਹਾਂ ਨੂੰ ਵਾਪਸ ਨਹੀਂ ਲੈਂਦੀ। ਸਗੋਂ ਤਾਨਾਸ਼ਾਹ ਨੀਤੀ ਦੇ ਮੁਤਾਬਕ ਕਿਸਾਨਾਂ ਉੱਪਰ ਹੀ ਜ਼ੁਲਮ ਢਾਹੁਣ ਲੱਗ ਜਾਵੇਗੀ। ਦੱਸਣਾ ਬਣਦਾ ਹੈ ਕਿ ਰੇਲਵੇ ਸਟੇਸ਼ਨ ਤੇ ਡਟੇ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਦਿੱਲੀ ਵਿਖੇ ਜੋ ਛੱਬੀ ਅਤੇ ਸਤਾਈ ਨਵੰਬਰ ਨੂੰ ਵੱਡਾ ਮੁਜ਼ਾਹਰਾ ਕਰਨਾ ਹੈ, ਉਸ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਕਿਸਾਨ ਵੱਡੀ ਗਿਣਤੀ ਵਿਚ ਕੇਂਦਰੀ ਹਾਕਮਾਂ ਨੂੰ ਹਿਲਾਉਣ ਲਈ ਦਿੱਲੀ ਪਹੁੰਚਣਗੇ।