ਦੀਵਾਲੀ ਤੋਹਫ਼ਾ: ਤਨਖਾਹਾਂ ਅੱਧੀਆਂ ਕਰਨ ਦਾ ਮਿਲਿਆ! (ਨਿਊਜ਼ਨੰਬਰ ਖਾਸ ਖ਼ਬਰ)

Last Updated: Nov 15 2020 13:35
Reading time: 3 mins, 14 secs

ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਲੋਂ ਇਸ ਵਾਰ ਦੀਵਾਲੀ ਦੇ ਤਿਉਹਾਰ ਤੋਂ ਪਹਿਲੋਂ ਅਤੇ ਦੀਵਾਲੀ ਵਾਲੇ ਦਿਨ ਆਪਣੇ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ਤੇ ਵੱਖ ਵੱਖ ਪ੍ਰਕਾਰ ਦੇ ਤੋਹਫ਼ੇ ਦਿੱਤੇ ਗਏ, ਉਥੇ ਹੀ ਬੈਂਕਾਂ ਵੱਲੋਂ ਆਪਣੇ ਲੱਖਾਂ ਮੁਲਾਜ਼ਮਾਂ ਨੂੰ ਤੋਹਫ਼ੇ ਵਜੋਂ ਪੰਦਰਾਂ ਪ੍ਰਤੀਸ਼ਤ ਤਨਖਾਹਾਂ ਵਿਚ ਵਾਧਾ ਕੀਤਾ ਗਿਆ ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵੱਲੋਂ ਵੀ ਆਪਣੇ ਮੁਲਾਜ਼ਮਾਂ ਨੂੰ ਕਈ ਪ੍ਰਕਾਰ ਦੇ ਤੋਹਫ਼ੇ ਦਿੱਤੇ ਗਏ। ਪਰ ਦੂਜੇ ਪਾਸੋਂ ਸਰਕਾਰ ਦੇ ਵੱਲੋਂ ਆਪਣੇ ਸਰਕਾਰੀ ਵਿਭਾਗਾਂ ਦੇ ਵਿੱਚ ਮੁਲਾਜ਼ਮਾਂ ਨੂੰ ਤੋਹਫ਼ੇ ਦੇਣ ਦੀ ਬਜਾਏ ਉਨ੍ਹਾਂ ਦੀਆਂ ਤਨਖਾਹਾਂ ਜਿੱਥੇ ਰੋਕ ਲਈਆਂ ਗਈਆਂ, ਉਥੇ ਹੀ ਉਨ੍ਹਾਂ ਨੂੰ ਦੀਵਾਲੀ ਮੌਕੇ ਲਾਭ ਦੇਣ ਦੀ ਬਜਾਇ ਹਾਨੀ ਹੋ ਹੀ ਪਹੁੰਚਾਈ ਅਤੇ ਵੱਡੀ ਗਿਣਤੀ ਵਿੱਚ ਤਨਖ਼ਾਹਾਂ ਕਾਪਾ ਹੀ ਫੇਰ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਵਿਰਾਸਤ ਏ ਖਾਲਸਾ ਦੇ ਅਧਿਕਾਰੀਆਂ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਇਹ ਵੱਡਾ ਤੋਹਫਾ ਦਿੱਤਾ ਕਿ ਪੱਚੀ ਹਜ਼ਾਰ ਰੁਪਏ ਤੋਂ ਉਨ੍ਹਾਂ ਦੀ ਤਨਖਾਹ ਘਟਾ ਕੇ ਬਾਰਾਂ ਹਜ਼ਾਰ ਰੁਪਏ ਕਰ ਦਿੱਤੀ ਗਈ। ਵੈਸੇ ਇਨ੍ਹਾਂ ਵੱਡਾ ਤੋਹਫ਼ਾ ਹੋਰ ਵੀ ਕਈ ਅਦਾਰਿਆਂ ਨੇ ਨਹੀਂ ਦਿੱਤਾ ਹੋਣਾ, ਜਿੰਨਾ ਵਿਰਾਸਤ ਏ ਖਾਲਸਾ ਦੇ ਅਧਿਕਾਰੀਆਂ ਨੇ ਆਪਣੇ ਕਰਮਚਾਰੀਆਂ ਨੂੰ ਦਿੱਤਾ ਹੈ। ਮਹਿੰਗਾਈ ਦੇ ਇਸ ਦੌਰ ਵਿੱਚ ਜਦੋਂ ਰੋਜ਼ਾਨਾ ਜ਼ਰੂਰਤ ਵਾਲੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹ ਰਹੇ ਹਨ, ਉਥੇ ਹੀ ਮੁਲਾਜ਼ਮਾਂ ਦਾ ਘੱਟ ਤਨਖਾਹ ਨਾਲ ਗੁਜ਼ਾਰਾ ਨਹੀਂ ਹੋ ਰਿਹਾ। ਪਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਫੇਰੇ ਕਾਪੇ ਦੇ ਕਾਰਣ ਹੁਣ ਮੁਲਾਜ਼ਮਾਂ ਦੇ ਚੁੱਲ੍ਹੇ ਸਰਦੀ ਵਿਚ ਹੋਰ ਠੰਡੇ ਹੋ ਗਏ ਹਨ। ਇੱਥੇ ਸਵਾਲ ਉੱਠਦਾ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਮੁਲਾਜ਼ਮਾਂ ਨੂੰ ਵਿਰਾਸਤ ਏ ਖ਼ਾਲਸਾ ਵੱਲੋਂ ਲਾਭ ਦੇਣਾ ਚਾਹੀਦਾ ਸੀ, ਪਰ ਉਨ੍ਹਾਂ ਦੇ ਵੱਲੋਂ ਤਨਖਾਹਾਂ ਵਧਾਉਣ ਦੀ ਥਾਂ ਘਟਾ ਕੇ ਅੱਧੀਆਂ ਕਰ ਦਿੱਤੀਆਂ ਗਈਆਂ। ਜਿਸ ਦੇ ਕਾਰਨ ਹੁਣ ਮੁਲਾਜ਼ਮਾਂ ਨੂੰ ਅੱਗੇ ਦਾ ਰਸਤਾ ਕੋਈ ਨਹੀਂ ਦਿਸ ਰਿਹਾ। ਦੱਸਣਾ ਇਹ ਵੀ ਬਣਦਾ ਹੈ ਕਿ ਕੋਰੋਨਾ ਕਾਲ ਨੇ ਜਿੱਥੇ ਲੱਖਾਂ ਮੁਲਾਜ਼ਮਾਂ ਦੀਆਂ ਨੌਕਰੀਆਂ ਪਹਿਲੋਂ ਹੀ ਖੋਹ ਲਈਆਂ ਹਨ, ਉੱਥੇ ਹੀ ਬਚੇ ਖੁਚੇ ਮੁਲਾਜ਼ਮਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹੋਏ ਪ੍ਰਾਈਵੇਟ ਅਦਾਰੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਅੱਧੀਆਂ ਕਰ ਕੇ ਉਨ੍ਹਾਂ ਦੇ ਨਾਲ ਸ਼ਰ੍ਹੇਆਮ ਧੱਕਾ ਕਰ ਰਹੇ ਹਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਸ਼ਵ ਪ੍ਰਸਿੱਧ ਮਿਊਜ਼ੀਅਮ ਵਿਰਾਸਤ ਏ ਖਾਲਸਾ ਦੇ ਕਰਮਚਾਰੀਆਂ ਨਾਲ ਮਿਊਜ਼ੀਅਮ ਅਧਿਕਾਰੀਆਂ ਵੱਲੋਂ ਅਜਿਹਾ ਧੱਕਾ ਕਰਕੇ ਉਨ੍ਹਾਂ ਦੀਆਂ ਤਨਖ਼ਾਹਾਂ ਤੇ ਕਾਪਾ ਫੇਰ ਕੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਦੇ ਲਈ ਮਜ਼ਬੂਰ ਕਰ ਦਿੱਤਾ ਹੈ। ਦੱਸਣਾ ਵੀ ਬਣਦਾ ਹੈ ਕਿ ਵਿਰਾਸਤ ਏ ਖ਼ਾਲਸਾ ਵਿੱਚ ਪਿਛਲੇ ਦੱਸ ਸਾਲਾਂ ਤੋਂ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਹੁਣ ਅਗਲਾ ਰਸਤਾ ਕੋਈ ਨਹੀਂ ਵਿਖਾਈ ਦੇ ਰਿਹਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਨਖਾਹਾਂ ਨੂੰ ਫਿਰ ਤੋਂ ਵਧਾਉਣ ਦੇ ਲਈ ਸੰਘਰਸ਼ ਦਾ ਰਸਤਾ ਅਪਣਾਉਣਗੇ। ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਵਿਰਾਸਤ-ਏ-ਖਾਲਸਾ ਦੇ ਅਧਿਕਾਰੀਆਂ ਵਲੋਂ ਉਨਾਂ ਨੂੰ ਦੀਵਾਲੀ ਦਾ ਬਹੁਤ ਅਜੀਬ ਜਿਹਾ ਤੋਹਫਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਅੱਜ ਸਵੇਰ ਉਦੋਂ ਉਨਾਂ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ, ਜਦੋਂ ਉਨਾਂ ਨੂੰ ਇਹ ਦੱਸਿਆ ਗਿਆ ਕਿ ਉਨਾਂ ਦੀ ਤਨਖਾਹ 25000 ਰੁਪਏ ਮਹੀਨਾ ਤੋਂ ਘਟਾ ਕੇ 12000 ਰੁਪਏ ਮਹੀਨਾ ਕਰ ਦਿੱਤੀ ਗਈ ਤੇ ਜੇਕਰ ਉਹ ਚਾਹੁਣ ਤਾਂ ਇਸ ਤਨਖਾਹ ਤੇ ਕੰਮ ਕਰ ਸਕਦੇ ਹਨ ਤੇ ਜੇਕਰ ਨਹੀਂ ਤਾਂ ਨੋਕਰੀ ਛੱਡ ਕੇ ਜਾ ਸਕਦੇ ਹਨ। ਵਿਰਾਸਤ ਏ ਖਾਲਸਾ ਦੇ ਉਪਰੋਕਤ ਕਰਮਚਾਰੀਆਂ ਨੇ ਦੱਸਿਆ ਕਿ ਉਨਾਂ ਵਿੱਚੋਂ ਕਈਆਂ ਨੇ ਐਕਟਿਵਾ ਤੇ ਮੋਟਰਸਾਇਕਲ ਕਿਸ਼ਤਾਂ ਤੇ ਲਏ ਹੋਏ ਹਨ ਤੇ ਕਈਆਂ ਨੇ ਬੈਂਕ ਲੋਨ ਲਏ ਹੋਏ ਹਨ ਤੇ ਜੇਕਰ ਉਨਾਂ ਦੀਆਂ ਤਨਖਾਹਾਂ ਹੀ ਅੱਧੀਆਂ ਕਰ ਦਿੱਤੀਆਂ ਗਈਆਂ ਤਾਂ ਉਹ ਲਏ ਹੋਏ ਲੋਨ ਦੀਆਂ ਕਿਸ਼ਤਾਂ ਕਿਵੇਂ ਮੋੜਨਗੇ? ਸਿਰਫ 12000 ਰੁਪਏ ਤਨਖ਼ਾਹ ਵਿੱਚ ਅਪਣੇ ਘਰ ਦਾ ਗੁਜਾਰਾ ਕਿਵੇਂ ਕਰਨਗੇ। ਉਨਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਬਿਜਲੀ ਦੇ ਮੋਟੇ ਬਿੱਲ, ਪਾਣੀ ਦਾ ਬਿੱਲ, ਕਰਿਆਨਾ, ਦੁੱਧ, ਸਬਜੀਆਂ ਤੇ ਰੋਜ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ ਤੇ 12000 ਰੁਪਏ ਮਹੀਨਾ ਤਨਖਾਹ ਨਾਲ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਉਨਾਂ ਮੈਨੇਜਮੈਂਟ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿਛਲੇ 10-15 ਸਾਲਾਂ ਤੋਂ ਅਪਣੀ ਡਿਊਟੀ ਨੂੰ ਸੇਵਾ ਸਮਝ ਕੇ ਕਰ ਰਹੇ ਹਨ ਤੇ ਕਦੇ ਵੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ, ਇਸ ਲਈ ਉਨਾਂ ਨੂੰ, ਉਨਾਂ ਦਾ ਬਣਦਾ ਹੱਕ ਜਰੂਰ ਦਿੱਤਾ ਜਾਵੇ। ਵਿਰਾਸਤ-ਏ-ਖਾਲਸਾ ਦੇ ਕਰਮਚਾਰੀਆਂ ਨੇ ਕਿਹਾ ਕਿ ਹੋਰ ਤਾਂ ਹੋਰ ਹੁਣ ਸਾਡੇ ਕੋਲੋਂ ਕੰਪਨੀ 7500 ਰੁਪਏ ਜੁਆਨਿੰਗ ਫੀਸ ਦੇ ਰੂਪ ਵਿੱਚ ਰਿਸ਼ਵਤ ਦੀ ਮੰਗ ਵੀ ਕਰ ਰਹੀ ਹੈ, ਜੋ ਬਰਦਾਸ਼ਤ ਤੋਂ ਬਾਹਰ ਵਾਲੀ ਗੱਲ ਹੈ।