ਦੇਸ਼ ਦੇ ਅਨੇਕਾਂ ਮੁੱਦਿਆਂ 'ਤੇ ਪਰਦਾ ਪਾ ਰਹੇ ਨੇ ਸਮੇਂ ਦੇ ਹਾਕਮ!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਇਸ ਵੇਲੇ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਉਤਰੀਆਂ ਹੋਈਆਂ ਹਨ, ਪਰ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੀ ਇੱਕ ਵੀ ਮੰਗ ਮੰਨਣ ਲਈ ਬਾਂਹ ਨਹੀਂ ਫੜ੍ਹਾਈ ਜਾ ਰਹੀ, ਉਲਟਾ ਕਿਸਾਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਭਾਜਪਾਈ ਲੀਡਰ ਪੁਕਾਰ ਰਹੇ ਹਨ। ਦੇਸ਼ ਦੇ ਅੰਦਰ ਸਭ ਤੋਂ ਵੱਧ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ, ਪਰ ਦੇਸ਼ ਵਿਚਲੀ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਸਮੂਹ ਮੰਗਾਂ ਨੂੰ ਕੁਲਚਣ ਵਾਸਤੇ ਦਿਨ ਪ੍ਰਤੀ ਦਿਨ ਨਵੇਂ ਨਵੇਂ ਢੰਗ ਤਰੀਕੇ ਵਰਤੇ ਜਾ ਰਹੇ ਹਨ।

ਅਹਿਮ ਗੱਲ ਇਹ ਹੈ, ਕਿ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਜਿੱਥੇ ਦੁਰਕਿਨਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰਨਾਂ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਕਿਸਾਨਾਂ ਦੇ ਸੰਘਰਸ਼ 'ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਦੇਸ਼ ਦੇ ਅਨੇਕਾਂ ਮੁੱਦਿਆਂ 'ਤੇ ਪਰਦਾ ਪਾਉਣ ਦੇ ਵਾਸਤੇ ਸਮੇਂ ਦੇ ਹਾਕਮ ਨਵੀਂਆਂ ਨਵੀਆਂ ਸਕੀਮਾਂ ਤਾਂ ਘੜ੍ਹ ਰਹੇ ਹਨ, ਪਰ ਕਿਸਾਨ ਇਸ ਵੇਲੇ ਹਾਕਮਾਂ ਦੀ ਹਰ ਸਕੀਮ ਨੂੰ ਸਮਝ ਚੁੱਕੇ ਹਨ।

ਦਰਅਸਲ, ਦੇਸ਼ ਦੇ ਅੰਦਰ ਭੁੱਖਮਰੀ, ਗ਼ਰੀਬੀ, ਬੇਰੁਜ਼ਗਾਰੀ, ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਤੋਂ ਇਲਾਵਾ ਮਜ਼ਦੂਰਾਂ ਦੇ ਮਸਲੇ ਹਨ, ਪਰ ਸਮੇਂ ਦੇ ਹਾਕਮ ਇਨ੍ਹਾਂ ਮਸਲਿਆਂ ਨੂੰ ਦੁਰਕਿਨਾਰ ਕਰਕੇ, ਆਪਣੀ ਹੀ ਚੌਧਰ ਝਾੜ ਰਹੇ ਹਨ ਅਤੇ ਲੋਕ ਮਸਲਿਆਂ ਨੂੰ ਕੁਚਲਣ 'ਤੇ ਲੱਗੇ ਹੋਏ ਹਨ। ਮੋਦੀ ਸਰਕਾਰ ਜਿੱਥੇ ਕਿਸਾਨੀ ਮਸਲੇ 'ਤੇ ਕੁੱਝ ਵੀ ਕਿਸਾਨਾਂ ਦੇ ਹਿੱਤ ਬੋਲਣ ਨੂੰ ਤਿਆਰ ਨਹੀਂ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਨੇਤਾ ਵੀ ਕਿਸਾਨੀ ਸੰਘਰਸ਼ ਵਿੱਚ ਪਹੁੰਚ ਕੇ, ਬੇਤੁਕੀਆਂ ਗੱਲਾਂ ਕਰਨ 'ਤੇ ਲੱਗੇ ਹੋਏ ਹਨ।

ਦੱਸਣਾ ਬਣਦਾ ਹੈ, ਕਿ ਇੱਕ ਬੰਨ੍ਹੇ ਤਾਂ ਪੰਜਾਬ ਸਮੇਤ ਦੇਸ਼ ਦੇ ਕਿਸਾਨ ਸੜਕਾਂ 'ਤੇ ਹਨ, ਉਪਰੋਂ ਕਿਸਾਨੀ ਮੰਗਾਂ ਨੂੰ ਖ਼ਤਮ ਕਰਨ ਵਾਸਤੇ ਪੰਜਾਬ ਵਿਚਲੀ ਕੈਪਟਨ ਸਰਕਾਰ ਵੀ ਪਿੱਛੇ ਨਹੀਂ ਹੱਟ ਰਹੀ। ਲਗਾਤਾਰ ਮੋਦੀ ਸਰਕਾਰ ਦੇ ਵੱਲੋਂ ਕਿਸਾਨੀ ਮੰਗਾਂਨੂੰ ਕੁਚਲਿਆ ਜਾ ਰਿਹਾ ਹੈ, ਉੱਥੇ ਹੀ ਕੈਪਟਨ ਸਰਕਾਰ ਵੀ ਕਿਸਾਨੀ ਮਸਲੇ ਹੱਲ ਕਰਨ ਦੀ ਬਿਜਾਏ, ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਸ ਵਕਤ ਪੰਜਾਬ ਦੀ ਕੈਪਟਨ ਸਰਕਾਰ 'ਤੇ ਤਿੱਖੇ ਸ਼ਬਦੀ ਵਾਰ ਕਰ ਰਹੇ ਹਨ।

ਆਪ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਅੱਜ ਪੰਜਾਬ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਇਹ ਕੋਈ ਅੱਜ ਦਾ ਮੁੱਦਾ ਨਹੀਂ, ਬਲਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਕਿਸਾਨ ਅਤੇ ਲੋਕ ਪ੍ਰੇਸ਼ਾਨ ਹਨ। ਨੌਜਵਾਨ ਰੁਜ਼ਗਾਰ ਚਾਹੁੰਦੇ ਹਨ। ਨੌਜਵਾਨ ਅੱਜ ਮਜਬੂਰੀ ਵੱਸ ਵਿਦੇਸ਼ ਜਾ ਰਹੇ ਹਨ। ਆਪ ਆਗੂਆਂ ਦਾ ਦੋਸ਼ ਹੈ ਕਿ, ਹੁਣ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਵਿੱਚ ਸਿਰਫ਼ ਬਜ਼ੁਰਗ ਹੀ ਰਹਿ ਜਾਣਗੇ। ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਅੱਜ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ।