ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਬਲੈਕ ਸਪਾਟ ਖਤਮ ਕਰਨ ਲਈ ਕਿਹਾ

Last Updated: Nov 07 2020 20:05
Reading time: 2 mins, 1 sec

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਬਟਾਲਾ

ਨੈਸ਼ਨਲ ਹਾਈਵੇ ਤੋਂ ਬਟਾਲਾ ਦੇ ਐਂਟਰੀ ਪੁਆਇੰਟਾਂ ’ਤੇ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਚੇਅਰਮੈਨ ਚੀਮਾ ਅੱਗੇ ਆਏ

ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਬਲੈਕ ਸਪਾਟ ਖਤਮ ਕਰਨ ਲਈ ਕਿਹਾ

ਚੀਮਾ ਦੀ ਮੰਗ ਉੱਪਰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਵਿਸ਼ੇਸ਼ ਸਰਵੇ ਕਰਕੇ ਬਲੈਕ ਸਪਾਟ ਖਤਮ ਕੀਤੇ ਜਾਣਗੇ

ਬਟਾਲਾ, 7 ਨਵੰਬਰ - ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੋਂ ਬਟਾਲਾ ਸ਼ਹਿਰ ਨੂੰ ਮੁੜਦੇ ਮੋੜਾਂ ਉੱਪਰ ਨਿੱਤ ਦਿਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਅੱਗੇ ਆਏ ਹਨ। ਚੇਅਰਮੈਨ ਸ. ਚੀਮਾ ਨੇ ਇਹ ਸਾਰਾ ਮਸਲਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਿੱਲੀ ਸਥਿਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ, ਜਿਨ੍ਹਾਂ ਨੇ ਇਸ ਮਸਲੇ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਬੀਤੇ ਦਿਨ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਇਹ ਮਸਲਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸ. ਐੱਸ.ਐੱਸ. ਸੰਧੂ ਨਾਲ ਗੱਲ ਕਰਕੇ ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੋਂ ਬਟਾਲਾ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਹੋਰ ਰਹੇ ਜਾਨਲੇਵਾ ਸੜਕ ਹਾਦਸਿਆਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ। ਸ. ਚੀਮਾ ਨੇ ਕਿਹਾ ਕਿ ਗਲਤ ਡਿਜ਼ਾਇਨਿੰਗ ਕਾਰਨ ਇਹ ਸੜਕ ਹਾਦਸੇ ਵਾਪਰ ਰਹੇ ਹਨ ਜਿਸ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਤੁਰੰਤ ਇੱਕ ਵਿਸ਼ੇਸ਼ ਸਰਵਾ ਕੀਤਾ ਜਾਵੇ ਅਤੇ ਜੋ ਵੀ ਘਾਟ ਜਾਂ ਕਮੀਂ ਹੈ ਉਸ ਨੂੰ ਠੀਕ ਕੀਤਾ ਜਾਵੇ।

ਚੇਅਰਮੈਨ ਚੀਮਾ ਦੀ ਇਸ ਮੰਗ ਉੱਪਰ ਕਾਰਵਾਈ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸ. ਐੱਸ.ਐੱਸ. ਸੰਧੂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਯਸਪਾਲ ਨੂੰ ਹਦਾਇਤ ਕੀਤੀ ਹੈ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਇਨ੍ਹਾਂ ਬਲੈਕ ਸਪਾਟ ਦਾ ਵਿਸ਼ੇਸ਼ ਸਰਵਾ ਕਰਕੇ ਇਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਵੇ। ਚੇਅਰਮੈਨ ਸ. ਸੰਧੂ ਨੇ ਸ. ਚੀਮਾ ਨੂੰ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਟੀਮ ਵਲੋਂ ਹਾਦਸਾ ਵਾਪਰਨ ਵਾਲੀਆਂ ਥਾਵਾਂ ਦਾ ਵਿਸ਼ੇਸ਼ ਸਰਵੇ ਕੀਤਾ ਜਾਵੇਗਾ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਜੋ ਵੀ ਕੰਮ ਕਰਨ ਦੀ ਲੋੜ ਪਵੇਗੀ ਉਹ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਪੰਜਾਬ ਪੁਲਿਸ ਕੋਲੋਂ ਵੀ ਹਾਦਸਾ ਵਾਪਰਨ ਵਾਲੀਆਂ ਥਾਵਾਂ ਦੀ ਸੂਚੀ ਲਈ ਜਾਵੇਗੀ ਅਤੇ ਉਨ੍ਹਾਂ ਥਾਵਾਂ ਦੀਆਂ ਤੁਰੱਟੀਆਂ ਦੂਰ ਕੀਤੀਆਂ ਜਾਣਗੀਆਂ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੋਂ ਬਟਾਲਾ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੀ ਗਲਤ ਡਿਜਾਇਨਿੰਗ ਕਾਰਨ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਹ ਨੈਸ਼ਨਲ ਹਾਈਵੇ ਕੋਲੋਂ ਇਨ੍ਹਾਂ ਬਲੈਕ ਸਪਾਟ ਨੂੰ ਖਤਮ ਕਰਾ ਕੇ ਹੀ ਦਮ ਲੈਣਗੇ ਕਿਉਂਕਿ ਇਹ ਮਸਲਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।