ਬਾਦਲ ਟੱਬਰ ਪੰਜਾਬ ਵਾਸਤੇ ਨਿਭਾਅ ਰਿਹੈ ਗੁਲਾਬ ਸਿੰਘ ਡੋਗਰੇ ਵਾਲਾ ਕਿਰਦਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਹੁਤੇ ਪਾਠਕਾਂ ਨੂੰ ਇਹ ਨਹੀਂ ਪਤਾ ਹੋਣਾ, ਕਿ ਗੁਲਾਬ ਸਿੰਘ ਡੋਗਰਾ ਕੌਣ ਹੈ, ਜਿਸ ਦੇ ਬਾਰੇ ਵਿੱਚ ਅਸੀਂ ਉੱਪਰ ਹੈੱਡਲਾਈਨ ਵਿੱਚ ਲਿਖਿਆ ਹੈ। ਇਤਿਹਾਸ ਦੇ ਮੁਤਾਬਿਕ ਗੁਲਾਬ ਸਿੰਘ ਡੋਗਰਾ ਰਾਜਵੰਸ਼ ਅਤੇ ਜੰਮੂ ਅਤੇ ਕਸ਼ਮੀਰ ਰਾਜਘਰਾਣੇ ਦਾ ਬਾਨੀ ਅਤੇ ਜੰਮੂ ਕਸ਼ਮੀਰ ਰਿਆਸਤ ਦਾ ਪਹਿਲਾ ਰਾਜਾ ਸੀ। ਸਿੱਧੇ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਹੀਏ ਤਾਂ ਗੁਲਾਬ ਸਿੰਘ ਡੋਗਰਾ ਨੇ ਸਿੱਖ ਰਾਜ ਵੇਲੇ ਦੇ ਗੱਦਾਰ ਡੋਗਰਾ ਭਰਾਵਾਂ ਵਿੱਚੋਂ ਇਹ ਸਭ ਤੋਂ ਵੱਡਾ ਭਰਾ ਸੀ।

ਜਿਹੜਾ ਸਿੱਖਾਂ ਦੀ ਚੜ੍ਹਦੀਕਲਾਂ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੁਲਾਜ਼ਮਤ ਵਿੱਚ ਆਇਆ ਸੀ ਅਤੇ ਆਪਣੇ ਛੋਟੇ ਭਰਾਵਾਂ ਧਿਆਨ ਸਿੰਘ ਅਤੇ ਸੁਚੇਤ ਸਿੰਘ ਵਾਂਗ ਮਹਾਰਾਜਾ ਰਣਜੀਤ ਸਿੰਘ ਦਾ ਵਿਸੇਸ਼ ਕਿਰਪਾ ਪਾਤਰ ਬਣਿਆ ਸੀ। ਮਹਾਰਾਜਾ ਦੇ ਜਿਉਂਦਿਆਂ ਹੀ ਇਸ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਲਾਹੌਰ ਦਰਬਾਰ ਨੂੰ ਦੋ ਧੜਿਆਂ ਵਿੱਚ ਵੰਡੀ ਰੱਖਿਆ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਤੋਂ ਲੈ ਕੇ ਸਭਰਾਵਾਂ ਦੀ ਲੜਾਈ ਤੱਕ ਸ਼ਾਹੀ ਖ਼ਾਨਦਾਨ ਦੇ ਕਤਲ ਕਰਵਾਏ।

ਸਭ ਤੋਂ ਵੱਡੀ ਗੱਲ ਕਿ ਨਿੱਜੀ ਸਵਾਰਥ ਖਾਤਰ ਲੜਾਈਆਂ ਵਿੱਚ ਗੱਦਾਰੀ ਭਰਿਆ ਰੋਲ ਅਦਾ ਕਰਕੇ ਜਿੱਤਾਂ ਨੂੰ ਹਾਰ ਵਿੱਚ ਬਦਲ ਕੇ ਸਿੱਖ ਰਾਜ ਦੀ ਸਦਾ ਲਈ ਬੇੜੀ ਡੋਬ ਦਿੱਤੀ। ਹੁਣ ਸਾਰੇ ਪਾਠਕ ਸਮਝ ਹੀ ਗਏ ਹੋਣਗੇ ਕਿ ਆਖ਼ਰ ਗੁਲਾਬ ਸਿੰਘ ਡੋਗਰਾ ਨੇ ਪੰਜਾਬ ਅਤੇ ਸਿੱਖ ਰਾਜ ਲਈ ਕੀ ਕੀਤਾ? ਦਰਅਸਲ, ਇਸ ਵੇਲੇ ਬਾਦਲ ਟੱਬਰ ਨੂੰ ਬੁੱਧੀਜੀਵੀ ਇਹੀ ਕਹਿ ਕੇ ਪੁਕਾਰ ਰਹੇ ਹਨ, ਕਿ ਬਾਦਲ ਟੱਬਰ ਪੰਜਾਬ ਵਾਸਤੇ ਗੁਲਾਬ ਸਿੰਘ ਡੋਗਰੇ ਵਾਲਾ ਕਿਰਦਾਰ ਨਿਭਾਅ ਕੇ ਪੰਜਾਬ ਦੀਆਂ ਨੀਹਾਂ ਕੰਮਜ਼ੋਰ ਕਰ ਰਿਹਾ ਹੈ।

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪਿਛਲੇ ਦਿਨੀਂ ਬਾਦਲਾਂ 'ਤੇ ਦੋਸ਼ ਮੜਦੇ ਹੋਏ ਆਖਿਆ ਕਿ, ਬਾਦਲ ਦਲ ਦੇ ਆਗੂ ਆਪਣੇ ਗੈਰ ਕਾਨੂੰਨੀ ਕਾਰੋਬਾਰਾਂ, ਹਵਾਲੇ ਤੇ ਈਡੀ ਤੋਂ ਬਚਣ ਲਈ ਲੁੱਕਵੇਂ ਢੰਗ ਨਾਲ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਲਾਗੂ ਕਰ ਰਹੇ ਹਨ। ਡਿੰਪਾ ਨੇ ਕਿਹਾ 1994 ਤੋਂ ਲੈ ਕੇ 2017 ਤੱਕ ਆਰਐੱਸਐੱਸ ਦਾ ਏਜੰਡਾ ਪੰਜਾਬ ਵਿੱਚ ਲਾਗੂ ਕਰਨ ਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਨਿਭਾਉਂਦੇ ਰਹੇ ਹਨ।

2017 ਤੋਂ ਬਾਅਦ ਇਹ ਕੰਮ ਹੁਣ ਸੁਖਬੀਰ ਸਿੰਘ ਬਾਦਲ ਨੇ ਸਾਂਭ ਲਿਆ ਹੈ। ਉਨ੍ਹਾਂ ਦੋਸ਼ ਮੜਦੇ ਹੋਏ ਆਖਿਆ ਕਿ, ਇਸ ਤਰ੍ਹਾਂ ਇਹ ਬਾਦਲ ਟੱਬਰ ਪੰਜਾਬ ਵਾਸਤੇ ਗੁਲਾਬ ਸਿੰਘ ਡੋਗਰੇ ਵਾਲਾ ਕਿਰਦਾਰ ਨਿਭਾਅ ਰਿਹਾ ਹੈ, ਜੋ ਕਿ ਸਾਡੇ ਸਭਨਾਂ ਲਈ ਖ਼ਤਰੇ ਦੀ ਘੰਟੀ ਹੈ। ਉਕਤ ਆਗੂ ਨੇ ਪੰਜਾਬ ਨੂੰ ਹਿੰਦੋਸਤਾਨ ਦਾ ਦਿਲ ਦੱਸਦੇ ਹੋਏ ਕਿਹਾ ਕਿ ਜੇਕਰ ਕੇਂਦਰ ਨੇ ਪੰਜਾਬ ਦਾ ਸਾਹ ਘੋਟਣ ਦਾ ਯਤਨ ਕੀਤਾ, ਤਾਂ ਅਧਰੰਗ ਹਿੰਦੋਸਤਾਨ ਨੂੰ ਵੀ ਹੋਵੇਗਾ।

ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਵੀ ਪੰਜਾਬੀ, ਹਰੀ ਕ੍ਰਾਂਤੀ ਤੇ ਚਿੱਟੀ ਕ੍ਰਾਂਤੀ ਵਿੱਚ ਮੋਢੀ ਵੀ ਪੰਜਾਬੀ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਵੀ ਪੰਜਾਬੀ ਹਨ। ਮੌਜੂਦਾ ਕਾਲੇ ਕਾਨੂੰਨ ਪੰਜਾਬ ਨੂੰ ਬਰਬਾਦ ਕਰਨ ਲਈ ਕੀਤੀ ਕੋਝੀ ਸਾਜਿਸ਼ ਦਾ ਹਿੱਸਾ ਹਨ। ਪਹਿਲਾਂ ਖਾਦਾਂ ਤੇ ਡੀਜ਼ਲ ਤੋਂ ਸਬਸਿਡੀ ਬੰਦ ਕਰਨੀ, ਨਵੇਂ ਕਾਲੇ ਕਾਨੂੰਨ ਲਿਆਉਣੇ ਤੇ ਹੁਣ ਮਾਲ ਗੱਡੀਆਂ ਦੀ ਆਵਾਜਾਈ ਰੋਕਣੀ ਕੇਂਦਰ ਦੀ ਬਿਮਾਰ ਮਾਨਸਿਕਤਾ ਦਾ ਪ੍ਰਤੀਕ ਹਨ। ਦੇਸ਼ ਦੀ ਏਕਤਾ ਤੇ ਅਖੰਡਤਾ ਵਾਲੀ ਸੋਚ ਭਾਜਪਾ ਨੇ ਕੋਈ ਅਪਣਾਈ ਹੀ ਨਹੀਂ, ਸਗੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਰੱਖਿਆ ਹੈ, ਜਿਸ ਵਿੱੱਚ ਬਹੁਤਾ ਸਾਥ ਅਕਾਲੀ ਦਲ ਨੇ ਵੀ ਦਿੱਤਾ ਹੈ।