ਅਬ ਕਾਨੂੰਨ ਮੇਰੀ ਮੁੱਠੀ ਮੇਂ ਹੈ! (ਨਿਊਜ਼ਨੰਬਰ ਖ਼ਾਸ ਖ਼ਬਰ)

ਹਿੰਦੀ ਫ਼ਿਲਮਾਂ ਦੇ ਡਾਇਲੋਗ ਇਸ ਵੇਲੇ ਭਾਰਤੀ ਹਾਕਮਾਂ 'ਤੇ ਅਹਿਮ ਢੁੱਕ ਰਹੇ ਹਨ। ਕਾਨੂੰਨ ਨੂੰ ਮੁੱਠੀ ਵਿੱਚ ਕਰਨਾ ਭਾਰਤੀ ਹਾਕਮਾਂ ਦਾ ਹੁਣ ਸੱਜੇ ਹੱਥ ਦਾ ਕੰਮ ਹੋ ਗਿਆ ਹੈ। ਭਾਰਤੀ ਹਾਕਮਾਂ ਦੇ ਨਾਲ ਜਿਹੜੇ ਵੀ ਰਲ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਦੇ ਵਾਰੇ ਨਿਆਰੇ ਹੋ ਜਾਂਦੇ ਹਨ। ਭਾਰਤ ਦੇ ਵਿੱਚ ਇਸ ਵੇਲੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਜਿਸ ਨੇ ਹੁਣ ਤੱਕ ਕਈ ਕੇਸਾਂ ਨੂੰ ਬਿਨ੍ਹਾਂ ਕੁੱਝ ਬੋਲੇ ਹੀ ਆਪਣੇ ਹੱਕ ਵਿੱਚ ਕਰਵਾਇਆ ਹੈ।

ਭਾਰਤੀ ਹਾਕਮਾਂ ਦਾ ਇੱਕ ਬਾਬਾ ਰਾਮਦੇਵ ਹੈ, ਜੋ ਪਹਿਲੋਂ ਯੋਗ ਗੁਰੂ ਸੀ, ਫਿਰ ਉਸ ਨੇ ਆਪਣੀ ਪਤੰਜਲੀ ਹੱਟੀ ਖੋਲ੍ਹੀ ਅਤੇ ਬਾਅਦ ਵਿੱਚ ਉਹ ਹੋਰ ਵੀ ਕਈ ਟੂਣੇ ਟੋਟਕੇ ਲਗਾਉਣ ਲੱਗ ਪਿਆ। ਭਾਰਤ ਵਿੱਚ ਕੋਰੋਨਾ ਲਾਕਡਾਊਨ 22/23 ਮਾਰਚ ਨੂੰ ਲੱਗਿਆ। ਇਸੇ ਦੌਰਾਨ ਹੀ ਰਾਮਦੇਵ ਵਰਗੇ ਵਪਾਰੀਆਂ ਨੂੰ, ਭਾਰਤੀਆਂ ਨੂੰ ਲੁੱਟਣ ਦਾ ਮੌਕਾ ਮਿਲ ਗਿਆ। ਕਈਆਂ ਨੇ ਕੋਰੋਨਾ ਨੂੰ ਖ਼ਤਰਨਾਕ ਦੱਸਿਆ, ਕਈਆਂ ਨੇ ਕਿਹਾ, ਕਿ ਇਹ ਸਰਕਾਰਾਂ ਦੁਆਰਾ ਪੈਦਾ ਕੀਤਾ ਹੋਇਆ ਕੋਰੋਨਾ ਵਾਇਰਸ ਹੈ।

ਕਈ ਕੁੱਝ ਹੁਣ ਵੀ ਚੱਲ ਰਿਹਾ ਹੈ। ਬਹੁਤ ਸਾਰੇ ਵਿਗਿਆਨੀ ਕੋਰੋਨਾ ਦੀ ਦਵਾਈ ਬਣਾ ਵੀ ਰਹੇ ਹਨ, ਪਰ ਆਪਣੇ ਆਪ ਨੂੰ ਵੱਡਾ ਵਿਗਿਆਨੀ ਆਖਣ ਦਾ ਦਾਅਵਾ ਕਰਨ ਵਾਲੇ ਰਾਮਦੇਵ ਨੇ ਕੋਈ ਚਾਰ ਮਹੀਨੇ ਪਹਿਲੋਂ ਕੋਰੋਨਾ ਨੂੰ ਜੜ੍ਹੋ ਖ਼ਤਮ ਕਰਨ ਵਾਸਤੇ ਇੱਕ ਦਵਾਈ ਤਿਆਰ ਕੀਤੀ, ਜਿਸ ਨੂੰ 'ਕੋਰੋਨਿਲ' ਦਾ ਨਾਂਅ ਦਿੱਤਾ ਗਿਆ। ਇਹ ਦਵਾਈ ਕਾਫ਼ੀ ਵਿਵਾਦਾਂ ਵਿੱਚ ਵੀ ਰਹੀ ਅਤੇ ਸਿਹਤ ਮੰਤਰਾਲੇ ਨੇ ਇਸ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ। ਭਾਰਤ ਦੀ ਹੀ ਇੱਕ ਮੈਡੀਕਲ ਕੰਪਨੀ ਨੇ ਰਾਮਦੇਵ 'ਤੇ ਕੇਸ ਠੋਕ ਦਿੱਤਾ, ਕਿ ਉਸ ਦੀ ਕੰਪਨੀ ਦੀ ਦਵਾਈ ਦਾ ਨਾਂਅ ਚੋਰੀ ਕੀਤਾ ਹੈ।

ਚੋਖਾ ਜ਼ੁਰਮਾਨਾ ਵੀ ਰਾਮਦੇਵ ਨੂੰ ਭਰਨਾ ਪਿਆ ਅਤੇ ਸਿਹਤ ਮੰਤਰਾਲੇ ਦੀ ਮੋਹਰ ਨਾ ਲੱਗਣ ਦੇ ਬਾਵਜੂਦ ਵੀ ਰਾਮਦੇਵ ਨੇ ਪਿਛਲੇ 4 ਮਹੀਨੇ ਦੇ ਦੌਰਾਨ 241 ਕਰੋੜ ਰੁਪਏ ਦੀ 'ਕੋਰੋਨਿਲ' ਕਿੱਟਾਂ ਵੇਚ ਦਿੱਤੀਆਂ ਹਨ। ਖ਼ਬਰਾਂ ਮੁਤਾਬਿਕ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਵਿਚਕਾਰ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਸਿਰਫ਼ 4 ਮਹੀਨੇ ਵਿੱਚ 85 ਲੱਖ ਤੋਂ ਵੱਧ ਕੋਰੋਨਿਲ ਕਿੱਟਾਂ ਵੇਚੀਆਂ ਹਨ।

ਕੰਪਨੀ ਦੇ ਅੰਕੜਿਆਂ ਅਨੁਸਾਰ ਇਸ ਦੌਰਾਨ ਕੁੱਲ 241 ਕਰੋੜ ਰੁਪਏ ਦੀਆਂ ਦਵਾਈਆਂ ਵੇਚੀਆਂ ਗਈਆਂ। ਪਤੰਜਲੀ ਨੇ ਪਹਿਲਾਂ-ਪਹਿਲਾਂ ਦਾਅਵਾ ਕੀਤਾ ਸੀ ਕਿ ਇਸ ਦਵਾਈ ਨਾਲ ਕੋਵਿਡ-19 ਦਾ ਇਲਾਜ ਕੀਤਾ ਜਾ ਸਕਦਾ ਹੈ। ਬਾਅਦ ਵਿੱਚ ਯੂ-ਟਰਨ ਲੈਂਦਿਆਂ ਬਾਬੇ ਰਾਮਦੇਵ ਨੇ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਅਜਿਹੀ ਦਵਾਈ ਬਣਾਈ ਹੈ, ਜਿਸ ਨਾਲ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। ਖ਼ੈਰ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਦਵਾਈ ਲਾਂਚ ਨਹੀਂ ਕੀਤੀ ਗਈ, ਪਰ ਫਿਰ ਵੀ ਕਾਨੂੰਨ ਨੂੰ ਮੁੱਠੀ ਵਿੱਚ ਕਰਕੇ ''ਰਾਮੂ' ਨੇ ਪਤੰਜਲੀ ਵਾਲੀ ਹੱਟੀ ਵਿੱਚੋਂ 4 ਮਹੀਨੇ ਵਿੱਚ 241 ਕਰੋੜ ਰੁਪਏ ਦੀ 'ਕੋਰੋਨਿਲ' ਵੇਚ ਦਿੱਤੀ।