ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਹਿਲਾ ਸੁੱਟੀ ਕੇਂਦਰ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸੈਂਕੜੇ ਕਿਸਾਨਾਂ ਦੇ ਵੱਲੋਂ ਝੋਨੇ ਦੀ ਪਰਾਲੀ ਜਾਂ ਫਿਰ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਹੀ ਵਾਹ ਕੇ, ਆਪਣੀ ਅਗਲੀ ਫ਼ਸਲ ਬੀਜ਼ੀ ਜਾ ਰਹੀ ਹੈ। ਪਰ ਸੈਂਕੜੇ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਦੇ ਕੋਲ ਪਰਾਲੀ ਜਾਂ ਫਿਰ ਨਾੜ ਨੂੰ ਖੇਤਾਂ ਵਿੱਚ ਨਸ਼ਟ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਦੇ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਸਾੜ ਰਹੇ ਹਨ। ਪਰਾਲੀ ਨੂੰ ਅੱਗ ਲਗਾ ਕੇ ਸਾੜਣ ਦਾ ਰਿਵਾਜ਼ ਹੁਣ ਨਹੀਂ ਚੱਲਿਆ, ਬਲਕਿ ਪਿਛਲੇ ਕਈ ਦਹਾਕਿਆਂ ਤੋਂ ਕਿਸਾਨਾਂ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ।

ਦੇਸ਼ ਦੀ ਸੱਤਾ 'ਤੇ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਹਨ, ਹਰ ਸਰਕਾਰ ਦੇ ਵੱਲੋਂ ਹੀ ਪੰਜਾਬ ਦੇ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਹੈ, ਕਿ ਪੰਜਾਬ ਦੇ ਕਿਸਾਨਾਂ ਵੱਲੋਂ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ ਤਾਂ, ਹੀ ਦਿੱਲੀ ਦੇ ਅੰਦਰ ਪ੍ਰਦੂਸ਼ਨ ਵੱਧਦਾ ਹੈ। ਪਰ ਸਰਕਾਰਾਂ ਦੇ ਵੱਲੋਂ ਕਿਸਾਨਾਂ ਦੀਆਂ ਮੁੱਖ ਮੰਗਾਂ ਮੰਨਣ ਤੋਂ ਜਿੱਥੇ ਹਰ ਸਾਲ ਕਿਨਾਰਾ ਕੀਤਾ ਜਾਂਦਾ ਹੈ, ਉੱਥੇ ਹੀ ਸਰਕਾਰਾਂ ਆਪਣੇ ਫ਼ੈਸਲੇ ਕਿਸਾਨਾਂ 'ਤੇ ਥੋਪ ਕੇ, ਕਿਸਾਨ ਵਿਰੋਧੀ ਹੋਣ ਦਾ ਸਬੂਤ ਵੀ ਪੇਸ਼ ਕਰਦੀਆਂ ਰਹਿੰਦੀਆਂ ਹਨ।

ਜਾਣਕਾਰੀ ਦੇ ਮੁਤਾਬਿਕ ਦਿੱਲੀ ਦੀ ਹਵਾ ਨੂੰ ਪਰਾਲੀ ਸਾੜਣ ਕਰਕੇ ਦੂਸ਼ਿਤ ਹੋਣ ਦਾ ਦਾਅਵਾ ਕੇਂਦਰ ਦੇ ਮੰਤਰੀ ਅਤੇ ਦਿੱਲੀ ਦੀ ਸਰਕਾਰ ਕਰਦੀ ਆਈ ਹੈ ਅਤੇ ਹੁਣ ਵੀ ਕਰ ਰਹੀ ਹੈ। ਪਿਛਲੇ ਦਿਨੀਂ ਵੀ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦਾ ਇਹ ਕਿਸਾਨ ਮਾਰੂ ਬਿਆਨ ਆਇਆ ਕਿ, ਪੰਜਾਬ ਦੇ ਅੰਦਰ ਪਰਾਲੀ ਨੂੰ ਅੱਗ ਲੱਗਣ ਦੇ ਕਾਰਨ ਹੀ ਦਿੱਲੀ ਦੇ ਅੰਦਰ ਹਵਾ ਪ੍ਰਦੂਸ਼ਿਤ ਹੋਈ ਹੈ। ਪਰ, ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੇ ਇਨ੍ਹਾਂ ਬਿਆਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਗਲਤ ਸਾਬਤ ਕਰ ਦਿੱਤਾ ਹੈ।

ਲੰਘੇ ਕੱਲ੍ਹ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਧੂੰਆਂ ਨਵੀਂ ਦਿੱਲੀ ਅਤੇ ਹਰਿਆਣਾ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦਾ। ਵਿਗਿਆਨੀਆਂ ਨੇ ਦਾਅਵਾ ਕੀਤਾ ਕਿ 2017 ਤੋਂ 2019 ਦੌਰਾਨ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਸ ਤਹਿਤ ਜਦੋਂ ਹਵਾ ਸ਼ਾਂਤ ਹੁੰਦੀ ਹੈ, ਹਵਾ ਦੀ ਰਫ਼ਤਾਰ 2 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਤਾਂ ਧੁੰਦ ਵਰਗੀ ਸਥਿਤੀ ਬਣੀ ਰਹਿੰਦੀ ਹੈ, ਪਰ ਜਦੋਂ ਹਵਾ ਦੀ ਰਫ਼ਤਾਰ 4 ਤੋਂ 5 ਕਿੱਲੋਮੀਟਰ ਪ੍ਰਤੀ ਘੰਟਾ ਜਾਂ ਮੀਂਹ ਹੁੰਦਾ ਹੈ, ਤਾਂ ਧੁੰਦ ਖ਼ਤਮ ਹੋ ਜਾਂਦੀ ਹੈ ।

ਪੰਜਾਬ ਦਾ ਧੂੰਆਂ ਹਰਿਆਣਾ ਅਤੇ ਨਵੀਂ ਦਿੱਲੀ ਵੱਲ ਤਾਂ ਹੀ ਜਾ ਸਕਦਾ ਹੈ, ਜੇਕਰ ਹਵਾ ਦੀ ਰਫ਼ਤਾਰ 4 ਤੋਂ 5 ਕਿਲੋਮੀਟਰ ਤੋਂ ਜ਼ਿਆਦਾ ਹੋਵੇ ਅਤੇ ਹਵਾ ਵੱਗਣ ਦੀ ਦਿਸ਼ਾ ਵੀ ਉੱਤਰ-ਪੱਛਮੀ ਜਾਂ ਘੱਟੋ-ਘੱਟ ਪੱਛਮੀ ਹੋਵੇ। ਵਿਗਿਆਨੀਆਂ ਨੇ ਦਾਅਵਾ ਕੀਤਾ ਕਿ, 2017, 2018 ਤੇ 2019 ਦੇ ਅੰਕੜਿਆਂ 'ਤੇ ਜੇਕਰ ਨਿਗਾਹ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਦੇ 10 ਜ਼ਿਲ੍ਹੇ ਗੁਰਦਾਸਪੁਰ, ਬੱਲੋਵਾਲ ਸੌਖੜੀ, ਚੰਡੀਗੜ੍ਹ, ਅਮ੍ਰਿਤਸਰ, ਲੁਧਿਆਣਾ, ਪਟਿਆਲਾ, ਅੰਬਾਲਾ, ਬਠਿੰਡਾ, ਫਰੀਦਕੋਟ ਅਤੇ ਅਬੋਹਰ ਤੋਂ ਹਵਾ ਦੀ ਰਫ਼ਤਾਰ ਤੇ ਦਿਸ਼ਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ 1 ਅਕਤੂਬਰ ਤੋਂ 16 ਦਸੰਬਰ ਤੱਕ ਕੀਤਾ ਗਿਆ। ਇਸ ਦੌਰਾਨ ਹਵਾ ਦੀ ਰਫ਼ਤਾਰ 2 ਤੋਂ ਲੈ ਕੇ 5 ਕਿਲੋਮੀਟਰ ਪ੍ਰਤੀ ਘੰਟਾ ਰਹੀ ਅਤੇ ਸਿਰਫ 7 ਨਵੰਬਰ 2019 ਨੂੰ ਹਵਾ ਦੀ ਰਫ਼ਤਾਰ 5.9 ਪ੍ਰਤੀ ਕਿੱਲੋਮੀਟਰ ਪ੍ਰਤੀ ਘੰਟਾ ਸੀ।

ਇਸ ਤੋਂ ਇਲਾਵਾ 7 ਨਵੰਬਰ 2019 ਨੂੰ ਹਵਾ ਦੀ ਦਿਸ਼ਾ ਦੱਖਣ ਪੂਰਬ ਦੇ ਪੂਰਬ ਵੱਲ ਸੀ, ਭਾਵ ਹਵਾਵਾਂ ਗੁਆਂਢੀ ਰਾਜਾਂ ਹਰਿਆਣਾ ਤੇ ਨਵੀਂ ਦਿੱਲੀ ਵਲੋਂ ਪੰਜਾਬ ਵੱਲ ਆ ਰਹੀਆਂ ਸਨ। ਪੰਜਾਬ ਤੋਂ ਹਰਿਆਣਾ ਅਤੇ ਨਵੀਂ ਦਿੱਲੀ ਵਾਲੇ ਪਾਸੇ ਹਵਾ ਨਹੀਂ ਚੱਲੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜੋ ਦਾਅਵਾ ਕੀਤਾ ਹੈ, ਇਸ ਤੋਂ ਇਹੀ ਲੱਗਦਾ ਹੈ ਕਿ ਕੇਂਦਰ ਅਤੇ ਦਿੱਲੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਾਰਨ 'ਤੇ ਤੁਲੀਆਂ ਹੋਈਆਂ ਹਨ ਅਤੇ ਲਗਾਤਾਰ ਪੰਜਾਬ 'ਤੇ ਦੋਸ਼ ਮੜ੍ਹ ਕੇ, ਕਿਸਾਨੀ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ।