ਅੰਨਦਾਤੇ ਨੂੰ ਰੋਲ ਕੇ ਖ਼ੁਸ਼ ਨੇ ਹਾਕਮ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 30 2020 16:40
Reading time: 2 mins, 3 secs

ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਦੇ ਲਈ ਦੇਸ਼ ਭਰ ਦੇ ਅੰਦਰ ਕਿਸਾਨ, ਮਜ਼ਦੂਰ, ਨੌਜਵਾਨ, ਬੇਰੁਜ਼ਗਾਰ, ਕਿਰਤੀ, ਮੁਲਾਜ਼ਮ ਵਰਗ ਅਤੇ ਬਜ਼ੁਰਗ ਤੇ ਬੱਚੇ ਬੱਚੀਆਂ ਸੰਘਰਸ਼ ਕਰ ਰਹੇ ਹਨ। ਪਰ ਮੋਦੀ ਸਰਕਾਰ ਨਵੇਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੈ, ਜਿਸ ਦੇ ਕਾਰਨ ਦੇਸ਼ ਭਰ ਦੇ ਅੰਦਰ ਸਮੂਹ ਵਰਗਾਂ ਵਿੱਚ ਰੋਹ ਵੇਖਣ ਨੂੰ ਮਿਲ ਰਿਹਾ ਹੈ।

ਦੱਸਣਾ ਬਣਦਾ ਹੈ, ਕਿ ਸੋਧੇ ਗਏ ਖੇਤੀ ਕਾਨੂੰਨ ਅਤੇ ਤਜਵੀਜ਼ ਬਿਜਲੀ ਸੋਧ ਬਿੱਲ-2020 ਰੱਦ ਕਰਵਾਉਣ ਲਈ ਪੰਜਾਬ  ਦੀਆਂ ਕਰੀਬ 30 ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ”ਰੇਲ ਰੋਕੋ ਅੰਦੋਲਨ” ਵਿੱਚ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਬੱਚੇ ਬੱਚੀਆਂ ਅਤੇ ਔਰਤਾਂ ਵੀ ਸ਼ਾਮਲ ਹਨ। ਧਰਨੇ ਵਿੱਚ ਪਹੁੰਚ ਰਹੇ ਸਮੂਹ ਵਰਗ ਹੀ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਆਰਥਿਕ ਤੰਗੀਆਂ ਨਾਲ ਜੂਝ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ।

ਦੱਸਣਾ ਬਣਦਾ ਹੈ ਕਿ ਪੰਜਾਬ ਦੇ ਅੰਦਰ ਕੈਪਟਨ ਹਕੂਮਤ ਵੀ ਅਜਿਹਾ ਕੁੱਝ ਹੀ ਕਰ ਰਹੀ ਹੈ। ਕੈਪਟਨ ਹਕੂਮਤ ਕਿਸਾਨਾਂ ਦੇ ਜਖ਼ਮਾਂ 'ਤੇ ਮਲਮ ਲਗਾ ਕੇ, ਬੁੱਤਾ ਸਾਰ ਰਹੀ ਹੈ, ਜਦੋਂਕਿ ਕਿਸਾਨਾਂ ਦੀਆਂ ਜੋ ਅਸਲ ਸਮੱਸਿਆਵਾਂ ਹਨ, ਉਨ੍ਹਾਂ ਦੇ ਵੱਲ ਧਿਆਨ ਨਹੀਂ ਦੇ ਰਹੀ। ਸੱਤਾ ਦੇ ਵਿੱਚ ਜਿਹੜੀ ਮਰਜੀ ਸਰਕਾਰ ਆਈ ਹੋਵੇ, ਹਰ ਸਰਕਾਰ ਦੇ ਵੱਲੋਂ ਹੀ ਕਿਸਾਨਾਂ ਦੇ ਨਾਲ ਧਰੋਹ ਕਮਾਇਆ ਜਾਂਦਾ ਹੈ ਅਤੇ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਜੋ ਵੀ ਵਾਅਦੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਕਦੇ ਵੀ ਪੂਰਿਆ ਨਹੀਂ ਕੀਤਾ ਜਾਂਦਾ, ਜਿਸ ਦੇ ਕਾਰਨ ਕਿਸਾਨ ਮਜ਼ਬੂਰੀ ਵੱਸ ਪ੍ਰਦਰਸ਼ਨ ਕਰਨ ਲੱਗ ਪੈਂਦੇ ਹਨ।

'ਨਿਊਜ਼ਨੰਬਰ' ਦੇ ਨਾਲ ਗੱਲਬਾਤ ਕਰਦਿਆਂ ਹੋਇਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਸਮੇਂ ਦੀਆਂ ਸਰਕਾਰਾਂ ਅੰਨਦਾਤੇ ਨੂੰ ਰੋਲ ਕੇ ਹੀ ਖ਼ੁਸ਼ ਹਨ। ਸੱਤਾ ਵਿੱਚ ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਉਹ ਕਿਸਾਨਾਂ ਦੇ ਨਾਲ ਵਾਅਦੇ ਤਾਂ ਅਨੇਕਾਂ ਕਰਦੀ ਹੈ, ਪਰ ਉਨ੍ਹਾਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ, ਇਸ ਵਕਤ ਕਿਸਾਨ ਅੰਦੋਲਨ ਦੀ ਚੜ੍ਹਾਈ ਤੋਂ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਬੁਰੀ ਤਰ੍ਹਾਂ ਬੁਖਲਾਹਟ ਅਤੇ ਘਬਰਾਹਟ ਵਿੱਚ ਹੈ।

ਕਿਸਾਨਾਂ ਨੂੰ ਸ਼ਜਾ ਦੇਣ ਲਈ ਉਹ ਬਦਲਾਖੋਰੀ ਅਤੇ ਹੋਸ਼ੀਆਂ ਹਰਕਤਾਂ 'ਤੇ ਉੱਤਰ ਆਈ ਹੈ ਅਤੇ ਪੰਜਾਬ ਦੀ ਆਰਥਿਕ ਘੇਰਬੰਦੀ ਕਰਕੇ, ਜੀ ਐਸ ਟੀ ਦਾ ਬਕਾਇਆ ਦੇਣੋਂ ਹੱਥ ਘੁੱਟ ਰਹੀ ਹੈ, ਮਾਲ ਗੱਡੀਆਂ ਮੁੜ ਬੰਦ ਕਰ ਰਹੀ ਹੈ। ਪੇਂਡੂ ਵਿਕਾਸ ਫੰਡ ਜਿਹੜਾ 1000 ਕਰੋੜ ਤੋਂ ਵਧ ਹੈ, ਮੋਦੀ ਸਰਕਾਰ ਉਹ ਵੀ ਦੇਣ ਤੋਂ ਕਿਨਾਰਾ ਕਰ ਰਹੀ ਹੈ। ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਅੜੀਅਲ ਵਤੀਰੇ ਖ਼ਿਲਾਫ਼ ਪੂਰੇ ਦੇਸ਼ ਦੇ ਕਿਸਾਨ ਇੱਕ ਜੁੱਟ ਹੋ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਵਿਰੁੱਧ ਇਸ ਤੋਂ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।