ਕਿਤੇ ਚੜਦੇ ਪੰਜਾਬ ਵੀ ਮੋਦੀ ਨੇ ਲਹਿੰਦੇ ਪੰਜਾਬ 'ਚ ਤਾਂ ਨਹੀਂ ਮਿਲਾ ਦਿੱਤਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 30 2020 16:15
Reading time: 2 mins, 31 secs

ਜਿਸ ਪ੍ਰਕਾਰ ਮੋਦੀ ਸਰਕਾਰ ਆਪਣੇ ਦਿੱਤੇ ਬਿਆਨਾਂ ਤੋਂ ਮਾਸਾ ਜਿਹਾ ਵੀ ਪਿੱਛੇ ਨਹੀਂ ਹੱਟ ਰਹੀ, ਲੱਗ ਤਾਂ ਇੰਝ ਰਿਹਾ ਹੈ, ਕਿ ਜਿਵੇਂ ਪੰਜਾਬ ਨੂੰ ਮੋਦੀ ਸਰਕਾਰ ਨੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਨਾਲ ਮਿਲਾ ਦਿੱਤਾ ਹੈ। ਆਪਣੇ ਬਿਆਨਾਂ ਤੋਂ ਭੋਰਾ ਵੀ ਪਿੱਛੇ ਨਾ ਹਟਣ ਵਾਲੇ ਮੋਦੀ ਨੂੰ ਪੰਜਾਬ ਦੇ ਕਿਸਾਨ ਦੂਜਾ ਹਿਟਲਰ ਆਖ ਕੇ ਬੁਲਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ, ਉਹ ਚੜਦੇ ਪੰਜਾਬ ਦੇ ਵਸਨੀਕ ਹਨ ਅਤੇ ਭਾਰਤੀ ਵੋਟਰ ਹਨ, ਇਸ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ, ਮੋਦੀ ਵੀ ਭਾਰਤੀ ਹੋਣ ਦਾ ਸਬੂਤ ਦੇਵੇ।

ਦੱਸ ਦਈਏ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਜਿੱਥੇ ਕਿਸਾਨਾਂ 'ਤੇ ਭਾਰੀ ਅਸਰ ਪਵੇਗਾ, ਉੱਥੇ ਹੀ ਦੇਸ਼ ਦੇ ਹਰ ਵਰਗ 'ਤੇ ਹੀ ਇਨ੍ਹਾਂ ਕਾਨੂੰਨਾਂ ਦੇ ਬਹੁਤ ਜ਼ਿਆਦਾ ਪ੍ਰਭਾਵ ਪੈਣ ਵਾਲਾ ਹੈ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਇਸ ਵੇਲੇ ਰੇਲ ਲਾਈਨਾਂ ਅਤੇ ਸੜਕਾਂ 'ਤੇ ਬੈਠੀਆਂ ਹੋਈਆਂ ਹਨ ਅਤੇ ਮੰਗ ਕਰ ਰਹੀਆਂ ਹਨ ਕਿ ਇਹ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲਏ ਜਾਣ।

ਦੱਸਣਾ ਇਹ ਵੀ ਬਣਦਾ ਹੈ, ਕਿ ਪੰਜਾਬ ਦੇ ਅੰਦਰ ਕਿਸਾਨਾਂ ਦਾ ਸਭ ਤੋਂ ਵੱਧ ਸੰਘਰਸ਼ ਮੋਦੀ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਨਵਾਂ ਖੇਤੀ ਕਾਨੂੰਨ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀ ਮਰਜ਼ੀ ਦੇ ਮੁਤਾਬਿਕ ਕਾਨੂੰਨ ਬਣਾਇਆ ਜਾਵੇ, ਜਿਸ ਦੇ ਨਾਲ ਕਿਸਾਨਾਂ ਨੂੰ ਲਾਭ ਪ੍ਰਾਪਤ ਹੋ ਸਕੇ। ਕਿਸਾਨਾਂ ਦੀਆਂ ਅਣਗਿਣਤ ਮੰਗਾਂ ਦੇ ਵੱਲ ਮੋਦੀ ਸਰਕਾਰ ਪਹਿਲੋਂ ਹੀ ਧਿਆਨ ਨਹੀਂ ਦੇ ਰਹੀ। ਹੁਣ ਅੱਗੇ ਤੋਂ ਵੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਮੋਦੀ ਸਰਕਾਰ ਕਿਸਾਨਾਂ ਦੇ ਬਾਰੇ ਕੁੱਝ ਸੋਚੇਗੀ, ਕਿਉਂਕਿ ਇਹ ਸਰਕਾਰ ਹਮੇਸ਼ਾ ਹੀ ਕਿਸਾਨ ਵਿਰੋਧੀ ਰਹੀ ਹੈ।

ਪੰਜਾਬ ਦੇ ਕਿਸਾਨਾਂ ਵੱਲੋਂ ਸਭ ਤੋਂ ਵੱਧ ਨਵੇਂ ਖੇਤੀ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨਾਲ ਹੁਣ ਹਰਿਆਣੇ ਦੇ ਕਿਸਾਨ ਵੀ ਸ਼ਾਮਲ ਹੋ ਚੁੱਕੇ ਹਨ। ਮੋਦੀ ਸਰਕਾਰ ਦੇ ਵੱਲੋਂ ਆਪਣੇ ਦਿੱਤੇ ਬਿਆਨਾਂ ਤੋਂ ਟੱਸ ਤੋਂ ਮੱਸ ਨਹੀਂ ਹੋਇਆ ਜਾ ਰਿਹਾ, ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੀ ਇਹ ਵਪਾਰੀਆਂ ਦੇ ਪੱਖ ਵਿੱਚ ਫ਼ੈਸਲਾ ਸੁਣਾ ਰਹੀ ਹੈ।

ਜਦੋਂਕਿ ਦੇਸ਼ ਦੇ ਕਿਸਾਨ, ਮਜ਼ਦੂਰ, ਗ਼ਰੀਬ ਤਬਕੇ ਅਤੇ ਆਮ ਲੋਕਾਂ ਦੀਆਂ ਅਣਗਿਣਤ ਮੰਗਾਂ ਨੂੰ ਸਰਕਾਰ ਨੇ ਦੁਰਕਿਨਾਰ ਕਰ ਦਿੱਤਾ ਹੈ। ਹੁਣ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ, ਕਿ ਮੋਦੀ ਸਰਕਾਰ ਇਸ ਲਈ ਵੀ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦੇ ਰਹੀ, ਕਿਉਂਕਿ ਮੋਦੀ ਸਰਕਾਰ ਨੂੰ ਪੰਜਾਬ ਦੇ ਕਿਸਾਨ ਹੀ ਬਾਗੀ ਜਾਪ ਰਹੇ ਹਨ। ਪਰ ਮੋਦੀ ਸਰਕਾਰ ਕਿਸਾਨਾਂ ਨੂੰ ਵੱਖੋ ਵੱਖਰੇ ਨਾਵਾਂ ਦੇ ਨਾਲ ਪੁਕਾਰ ਕੇ, ਕਿਸਾਨਾਂ ਦੇ ਵਿੱਚ ਹੋਰ ਗ਼ੁੱਸਾ ਭਰ ਰਹੀ ਹੈ।

ਦੱਸਣਾ ਬਣਦਾ ਹੈ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਪੰਜਾਬ ਸੂਬੇ ਅੰਦਰ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਕਿਸੇ ਵੀ ਕੀਮਤ 'ਤੇ ਵਾਪਸ ਨਾ ਲਏ ਜਾਣ ਦੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਸਾਨ ਆਗੂ ਕਹਿ ਰਹੇ ਹਨ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਨਾ ਸਮਝੇ, ਕਿਉਂਕਿ ਪੰਜਾਬ ਸੂਬੇ ਦਾ ਕਿਸਾਨ ਦੇਸ਼ ਦਾ ਅੰਨਦਾਤਾ, ਸਰਹੱਦਾਂ 'ਤੇ ਡਟ ਕੇ ਰਾਖੀ ਕਰਨ ਵਾਲਾ ਅਤੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਪਾਉਣ ਵਾਲਾ ਪੰਜਾਬ ਸੂਬਾ ਹੀ ਹੈ।