'ਆਰੋਗਿਆ ਸੇਤੂ' ਐਪ ਲਾਂਚ ਕਰਨ ਵਾਲੇ ਵੀ ਭੁੱਲੇ, ਕਿਸ ਨੇ ਬਣਾਈ 'ਐਪ'? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 30 2020 16:12
Reading time: 2 mins, 51 secs

ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਜਦੋਂ ਆਈ ਕਿ 'ਆਰੋਗਿਆ ਸੇਤੂ' ਐਪ ਕਿਸ ਨੇ ਬਣਾਈ, ਇਸ ਦੇ ਬਾਰੇ ਵਿੱਚ ਮੋਦੀ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਉਸ ਦੇ ਸਬੰਧਿਤ ਵਿਭਾਗਾਂ ਨੂੰ ਵੀ ਨਹੀਂ ਪਤਾ। ਇਹ ਖ਼ਬਰ ਸੁਣਦਿਆਂ ਹੀ ਮਨ ਦੇ ਅੰਦਰ ਇੱਕੇ ਵਾਰੀ ਸਵਾਲ ਉੱਠਿਆ ਕਿ, ਅਜਿਹਾ ਕਿਵੇਂ ਹੋ ਸਕਦਾ ਹੈ? ਭਾਰਤ ਦੇ ਕਰੋੜਾਂ ਲੋਕਾਂ ਦੇ ਵੱਲੋਂ ਕੋਰੋਨਾ ਵਾਇਰਸ ਸਬੰਧੀ ਸਹੀ ਜਾਣਕਾਰੀ ਹਾਂਸਲ ਕਰਨ ਲਈ ਸਰਕਾਰ ਦੇ ਆਦੇਸ਼ਾਂ ਮੁਤਾਬਿਕ 'ਆਰੋਗਿਆ ਸੇਤੂ' ਐਪ ਨੂੰ ਆਪਣੇ ਮੋਬਾਈਲ ਫ਼ੋਨ ਦੇ ਵਿੱਚ ਡਾਊਨਲੋਡ ਕੀਤਾ ਹੋਇਆ ਹੈ।

ਪਰ, ਹੁਣ ਜਦੋਂ ਕਰੋੜਾਂ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ, ਕਿ ਇਹ 'ਆਰੋਗਿਆ ਸੇਤੂ' ਐਪ ਸਰਕਾਰ ਨੂੰ ਵੀ ਨਹੀਂ ਪਤਾ ਕਿਸ ਨੇ ਬਣਾਈ ਤਾਂ, ਲੋਕਾਂ ਦੇ ਮਨਾਂ ਅੰਦਰ ਸਵਾਲ ਉੱਠਦੇ ਸ਼ੁਰੂ ਹੋ ਗਏ ਹਨ, ਕਿ ਕਿਧਰੇ ਕਿਸੇ ਹੈਂਕਰ ਦੇ ਹੱਥ ਤਾਂ ਨਹੀਂ ਆਰੋਗਿਆ ਸੇਤੂ ਐਪ ਦੀ ਕਮਾਨ? ਲੋਕ ਤਰਾਂ ਤਰਾਂ ਦੇ ਸਵਾਲ ਕਰ ਰਹੇ ਹਨ ਕਿ, ਕਿਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਦੇ ਵਿੱਚੋਂ ਕੋਈ ਸੁਰੱਖਿਅਤ ਡਾਟਾ ਤਾਂ ਨਹੀਂ ਚੋਰੀ ਹੋਵੇਗਾ? ਕਿਸੇ ਦੀਆਂ ਕੋਈ ਪਰਸਨਲ ਫ਼ੋਟੋ, ਵੀਡੀਓ ਜਾਂ ਫਿਰ ਕੁੱਝ ਹੋਰ ਮੋਬਾਈਲ ਫ਼ੋਨ ਦਾ ਅੰਦਰੂਲੀ ਡਾਟੇ ਨੂੰ ਨੁਕਸਾਨ ਤਾਂ ਨਹੀਂ ਪਹੁੰਚੇਗਾ?

ਪਤਾ ਨਹੀਂ ਕੀ ਹੋਵੇਗਾ, ਜਾਂਚ ਹਾਲੇ ਜ਼ਾਰੀ ਹੈ, ਪਰ ਹਾਲੇ ਵੀ ਪਤਾ ਨਹੀਂ ਸਰਕਾਰ ਦਾ ਸਿਹਤ ਮੰਤਰਾਲਾ ਅਤੇ ਹੋਰ ਸਬੰਧਤ ਵਿਭਾਗ ਲਗਾ ਸਕੇ, ਕਿ ਆਖ਼ਰ ਆਰੋਗਿਆ ਸੇਤੂ ਐਪ ਕਿਸ ਨੇ ਬਣਾਈ? ਦੱਸਣਾ ਬਣਦਾ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਲੋਕਾਂ ਤੱਕ ਕੋਰੋਨਾ ਵਾਇਰਸ ਸਬੰਧੀ ਸਹੀ ਅਤੇ ਤਾਜ਼ਾ ਜਾਣਕਾਰੀ ਪਹੁੰਚਾਉਣ ਵਾਸਤੇ 2 ਅਪ੍ਰੈਲ 2020 ਨੂੰ 'ਆਰੋਗਿਆ ਸੇਤੂ' ਐਪ ਲਾਂਚ ਕੀਤੀ ਗਈ। ਇਸ ਐਪ ਦੀ ਮਦਦ ਨਾਲ ਆਲੇ-ਦੁਆਲੇ ਦੇ ਕੋਵਿਡ-19 ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਸੀ, ਇਹ ਸਰਕਾਰ ਦੁਆਰਾ ਦਾਅਵਾ ਕੀਤਾ ਗਿਆ।

ਐਪ ਨਾਲ ਜੁੜੀ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਮੁਤਾਬਿਕ ਇਹ ਐਪ ਕੋਵਿਡ-19 ਲਾਗ ਦੇ ਪ੍ਰਸਾਰ ਦੇ ਜੌਖ਼ਮ ਦਾ ਅੰਦਾਜ਼ਾ ਲਗਾਉਣ ਅਤੇ ਲੱਛਣ ਹੋਣ 'ਤੇ ਆਈਸੋਲੇਸ਼ਨ ਤੈਅ ਕਰਨ ਵਿੱਚ ਮਦਦ ਕਰਦੀ ਸੀ। ਆਰੋਗਿਆ ਸੇਤੂ ਐਪ ਨੂੰ ਕੇਂਦਰ ਦੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਲਾਜ਼ਮੀ ਕੀਤਾ ਗਿਆ। ਮੋਦੀ ਸਰਕਾਰ ਨੇ 29 ਅਪ੍ਰੈਲ ਨੂੰ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ, ਜਿਸ ਦਾ ਸਿਰਲੇਖ ਸੀ, 'ਕੋਰੋਨਾਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ 'ਆਰੋਗਿਆ ਸੇਤੂ' ਐਪ ਦਾ ਅਸਰਦਾਰ ਇਸਤੇਮਾਲ।'

ਅਧਿਕਾਰੀ ਤੇ ਕਰਮਚਾਰੀ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਕਹਿਣ ਲੱਗੇ। ਮੋਦੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਰੋਗਿਆ ਸੇਤੂ ਐਪ ਦੇ ਬਾਰੇ ਵਿੱਚ ਇਸ਼ਤਿਹਾਰ ਤੋਂ ਬਾਅਦ ਤਾਂ ਸਭ ਸਮਝ ਹੀ ਸਕਦੇ ਹਾਂ ਕਿ, ਇਹ ਆਰੋਗਿਆ ਐਪ ਸਰਕਾਰ ਨੇ ਹੀ ਬਣਾਈ ਹੈ ਅਤੇ ਸਰਕਾਰ ਹੀ ਇਸ ਨੂੰ ਚਲਾ ਕੇ, ਜਾਣਕਾਰੀ ਐਪ 'ਤੇ ਚਾੜ ਰਹੀ ਹੈ। ਪਰ, ਹੁਣ ਜੇਕਰ ਕਿਸੇ ਭਾਰਤ ਵਾਸੀ ਨੂੰ ਇਹ ਜਾਣਕਾਰੀ ਦੇ ਦਿੱਤੀ ਜਾਵੇ, ਕਿ 'ਆਰੋਗਿਆ ਸੇਤੂ' ਐਪ ਕਿਸ ਨੇ ਬਣਾਈ, ਇਸ ਦੇ ਬਾਰੇ ਵਿੱਚ ਸਰਕਾਰ ਨੂੰ ਵੀ ਨਹੀਂ ਪਤਾ ਤਾਂ, ਦੱਸੋ ਭਾਰਤ ਵਾਸੀਆਂ 'ਤੇ ਕੀ ਬੀਤੇਗੀ?

ਦਰਅਸਲ, ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਮੰਗੀ ਗਈ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ, ਸਰਕਾਰ ਦੇ ਸਿਹਤ ਮੰਤਰਾਲੇ ਅਤੇ ਉਸ ਦੇ ਸਬੰਧਤ ਵਿਭਾਗਾਂ ਨੂੰ ਇਹ ਪਤਾ ਨਹੀਂ ਕਿ ਆਰੋਗਿਆ ਸੇਤੂ ਐਪ ਨੂੰ ਕਿਸ ਨੇ ਤਿਆਰ ਕੀਤੀ ਹੈ। ਜਿਸ ਤੋਂ ਬਾਅਦ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਕੇਂਦਰੀ ਜਨਤਕ ਸੂਚਨਾ ਅਧਿਕਾਰੀਆਂ (ਸੀਪੀਆਈਓ), ਇਲੈਕਟ੍ਰੋਨਿਕਸ ਮੰਤਰਾਲੇ, ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਅਤੇ ਨੈਸ਼ਨਲ ਈ-ਗਵਰਨੈਂਸ ਡਵੀਜ਼ਨ (ਐੱਨਈਜੀਡੀ) ਨੂੰ ਕਾਰਨ ਦੱਸੋਂ ਨੋਟਿਸ ਭੇਜਿਆ ਹੈ।

ਸੀਆਈਸੀ ਨੇ ਮੰਤਰਾਲੇ ਅਤੇ ਸਬੰਧਤ ਵਿਭਾਗਾਂ ਤੋਂ ਪੁੱਛਿਆ ਹੈ ਕਿ ਐਪ ਨਾਲ ਸਬੰਧਤ ਸੂਚਨਾ ਦੇਣ ਵਿੱਚ ਰੁਕਾਵਟ ਪੈਦਾ ਕਰਨ ਅਤੇ ਗੋਲਮੋਲ ਜਵਾਬ ਦੇਣ 'ਤੇ ਕਿਉਂ ਨਾ, ਉਨ੍ਹਾਂ ਖ਼ਿਲਾਫ਼ ਆਰਟੀਆਈ ਐਕਟ ਦੀ ਧਾਰਾ-20 ਖ਼ਿਲਾਫ਼ ਜੁਰਮਾਨਾ ਲਗਾਇਆ ਜਾਵੇ। ਸੀਆਈਸੀ ਨੇ ਐੱਨਆਈਸੀ ਤੋਂ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਜਦੋਂ ਆਰੋਗਿਆ ਸੇਤੂ ਦੀ ਵੈੱਬਸਾਈਟ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਸੇ ਨੇ ਇਸ ਨੂੰ ਡਿਜ਼ਾਈਨ ਅਤੇ ਵਿਕਸਤ ਕੀਤਾ ਹੈ ਅਤੇ ਹੋਸਟ ਵੀ ਉਹੀ ਹੈ, ਉਦੋਂ ਉਸ ਐਪ ਬਣਾਉਣ ਵਾਲੇ ਦੇ ਬਾਰੇ ਵਿੱਚ ਜਾਣਕਾਰੀ ਕਿਉਂ ਨਹੀਂ ਲਈ ਗਈ?