ਦਲਿਤ ਵਿਰੋਧੀ ਬਣੀ 'ਬਸਪਾ' ਵਾਲੀ ਮਾਇਆਵਤੀ.? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 30 2020 16:11
Reading time: 2 mins, 36 secs

ਬਹੁਜਨ ਸਮਾਜ ਪਾਰਟੀ ਨੂੰ, ਸਮੂਹ ਦਲਿਤ ਆਪਣੀ ਹੀ ਪਾਰਟੀ ਸਮਝਦੇ ਸਨ, ਪਰ ਹੁਣ ਦਲਿਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦੀ ਪਾਰਟੀ ਨਹੀਂ ਰਹੀ। ਬਹੁਜਨ ਸਮਾਜ ਪਾਰਟੀ ਵੀ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਗਿੱਟ ਮਿੱਟ ਕਰਨ ਦੇ ਬਾਰੇ ਵਿੱਚ ਸੋਚ ਚੁੱਕੀ ਹੈ। ਇਹ ਐਲਾਨ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕੀਤਾ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਾਰਟੀ ਹੁਣ ਰਾਜਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਉਮੀਦਵਾਰ ਨੂੰ ਵੋਟ ਕਰ ਸਕਦੀ ਹੈ।

ਦੱਸਣਾ ਬਣਦਾ ਹੈ, ਕਿ ਸਮੂਹ ਦਲਿਤ ਸ਼ੁਰੂ ਤੋਂ ਇਹੋ ਸੋਚਦੇ ਆਏ ਹਨ ਕਿ ਬਹੁਜਨ ਸਮਾਜ ਪਾਰਟੀ ਦਲਿਤਾਂ ਦੀ ਗੱਲ ਕਰਨ ਵਾਲੀ ਇੱਕ ਅਜਿਹੀ ਪਾਰਟੀ ਹੈ, ਜੋ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ 'ਤੇ ਪਹਿਰਾ ਦਿੰਦੀ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਹਮੇਸ਼ਾ ਹੀ ਦਲਿਤਾਂ ਦੇ ਹੱਕ ਵਿੱਚ ਖੜਦੇ ਰਹੇ ਹਨ ਅਤੇ ਹਮੇਸ਼ਾ ਹੀ ਉਨ੍ਹਾਂ ਨੇ ਮਨੁੱਖਤਾ ਦੀ ਗੱਲ ਕੀਤੀ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ 'ਤੇ ਪਹਿਰਾ ਦੇਣ ਵਾਲੀ ਬਹੁਜਨ ਸਮਾਜ ਪਾਰਟੀ ਹੁਣ ਦਲਿਤ ਵਿਰੋਧੀ ਪਾਰਟੀ ਬਣ ਚੁੱਕੀ ਹੈ, ਇਹ ਕਹਿਣਾ ਕਿਸੇ ਹੋਰ ਦਾ ਨਹੀਂ, ਬਲਕਿ ਖੁਦ ਬਸਪਾ ਆਗੂ ਹੀ ਕਹਿ ਰਹੇ ਹਨ।

ਬਸਪਾ ਆਗੂਆਂ ਦਾ ਦੋਸ਼ ਹੈ ਕਿ, ਪਿਛਲੇ ਕੁੱਝ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਇਸ ਲਈ ਹੀ ਅੱਗੇ ਨਹੀਂ ਵੱਧ ਸਕੀ, ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ, ਭਾਜਪਾ ਦੇ ਨਾਲ ਮਿਲ ਕੇ ਦਲਿਤਾਂ 'ਤੇ ਅੱਤਿਆਚਾਰ ਕਰਵਾਉਣ ਦੇ ਵਿੱਚ ਰੁੱਝੀ ਹੋਈ ਹੈ। ਮਾਇਆਵਤੀ ਨੂੰ ਸਿਰਫ਼ ਤੇ ਸਿਰਫ਼ ਕੁਰਸੀ ਦੀ ਹੀ ਭੁੱਖ ਹੈ ਅਤੇ ਉਹ ਹਮੇਸ਼ਾ ਹੀ ਦਲਿਤਾਂ ਦੇ ਵਿਰੁੱਧ ਚਾਲ ਚਲਦੀ ਆਈ ਹੈ। ਦਲਿਤਾਂ ਨਾਲ ਹੇਜ਼ ਕਰਕੇ, ਦਲਿਤਾਂ ਦੇ ਹੱਕ ਵਿੱਚ ਖੜਣ ਦੀ ਗੱਲ ਕਰਕੇ, ਕੁਰਸੀ ਹਾਂਸਲ ਕਰਨਾ, ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦਾ ਸ਼ੁਰੂ ਤੋਂ ਹੀ ਕੰਮ ਕਰ ਰਿਹਾ।

ਦਰਅਸਲ, ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਵਿੱਚ ਪੈਦਾ ਹੋਏ ਬਵਾਲ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਰਾਜਸਭਾ ਚੋਣਾਂ ਤੋਂ ਪਹਿਲਾਂ ਬਗਾਵਤ ਕਰਨ ਵਾਲੇ 7 ਵਿਧਾਇਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਈ ਦਿੱਤਾ ਹੈ। ਇਹੀ ਨਹੀਂ ਮਾਇਆਵਤੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਰਾਜਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਉਮੀਦਵਾਰ ਨੂੰ ਵੋਟ ਕਰ ਸਕਦੀ ਹੈ। ਮਾਇਆਵਤੀ ਨੇ 7 ਵਿਧਾਇਕਾਂ 'ਤੇ ਦੋਸ਼ ਲਗਾਇਆ ਕਿ ਉਹ ਅਖਿਲੇਸ਼ ਯਾਦਵ ਦੀ ਪਾਰਟੀ ਨਾਲ ਮਿਲ ਕੇ ਬਸਪਾ ਨੂੰ ਤੋੜਨਾ ਚਾਹੁੰਦੇ ਹਨ।

ਇਸ ਸਬੰਧ ਵਿੱਚ ਮਾਇਆਵਤੀ ਦਲ ਦੇ ਨੇਤਾ ਲਾਲਜੀ ਵਰਮਾ ਤੋਂ ਰਿਪੋਰਟ ਵੀ ਮੰਗੀ ਸੀ। ਰਿਪੋਰਟ ਆਉਣ ਤੋਂ ਬਾਅਦ ਵੀਰਵਾਰ ਨੂੰ ਇਹ ਕਾਰਵਾਈ ਕੀਤੀ ਗਈ। ਪ੍ਰੈਸ ਕਾਨਫਰੰਸ ਕਰਕੇ ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਨਾਲ ਬਸਪਾ ਦਾ ਗਠਜੋੜ ਇਕ ਗ਼ਲਤ ਫ਼ੈਸਲਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ 1995 ਗੈਸਟ ਹਾਊਸ ਕਾਂਡ ਦਾ ਮੁਕੱਦਮਾ ਵਾਪਸ ਲੈਣਾ ਵੀ ਗ਼ਲਤੀ ਸੀ। ਮਾਇਆਵਤੀ ਨੇ ਸਾਰੇ ਸੱਤ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ।

ਦੂਜੇ ਪਾਸੇ, 7 ਵਿਧਾਇਕਾਂ ਜਿਨ੍ਹਾਂ 'ਤੇ ਮਾਇਆਵਤੀ ਨੇ ਦੋਸ਼ ਲਗਾਏ ਹਨ, ਉਨ੍ਹਾਂ ਦਾ ਸ਼ਰੇਆਮ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਭਾਜਪਾ ਦੇ ਨਾਲ ਮਿਲ ਕੇ, ਹੁਣ ਆਪਣਾ ਦਲਿਤ ਵਿਰੋਧੀ ਚਿਹਰਾ ਵਿਖਾ ਦਿੱਤਾ ਹੈ। ਉਨ੍ਹਾਂ ਨੂੰ ਤਾਂ ਪਹਿਲੋਂ ਹੀ ਪਤਾ ਸੀ ਕਿ ਮਾਇਆਪਤੀ ਭਾਜਪਾ ਦੇ ਨਾਲ ਮਿਲ ਕੇ, ਦਲਿਤਾਂ ਦੀਆਂ ਮੰਗਾਂ ਨੂੰ ਲਤਾੜਣ 'ਤੇ ਲੱਗੀ ਹੋਈ ਹੈ। ਹੁਣ ਮਾਇਆਵਤੀ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਰਾਜਸਭਾ ਚੋਣਾਂ ਵਿੱਚ ਵੋਟ ਪਾਉਣ ਦਾ ਕਹਿ ਕੇ, ਸਾਬਤ ਕਰ ਦਿੱਤਾ ਹੈ, ਕਿ ਉਹ ਵੀ ਭਾਜਪਾ ਦੇ ਨਾਲ ਮਿਲੀ ਹੋਈ ਹੈ।