ਪੰਜਾਬ ਦੀ ਕਿਸੇ ਨੂੰ ਫਿਕਰ ਨਹੀਂ, ਸਭ ਆਪਣੇ ਢਿੱਡਾਂ ਦੀ ਸੋਚਦੇ ਨੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 29 2020 15:32
Reading time: 2 mins, 28 secs

ਪੰਜਾਬ ਦੀ ਕਿਸੇ ਨੂੰ ਵੀ ਫਿਕਰ ਨਹੀਂ ਹੈ। ਸਭ ਲੀਡਰ, ਸਭ ਅਧਿਕਾਰੀ, ਕਰਮਚਾਰੀ ਅਤੇ ਹੋਰ ਉੱਚ ਅਹੁਦਿਆਂ 'ਤੇ ਬੈਠੇ ਸਰਕਾਰੀ ਬਾਬੂਆਂ ਨੂੰ ਆਪਣੇ ਢਿੱਡਾਂ ਦੀ ਹੀ ਫਿਕਰ ਹੈ। ਕਿਸਾਨ ਵਿਚਾਰਾ 6 ਮਹੀਨੇ ਖੇਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਫ਼ਸਲ ਪਾਲ ਰਿਹਾ ਹੈ, ਪਰ ਹਾਕਮ ਧਿਰ ਕਿਸਾਨ ਦੀ ਫ਼ਸਲ ਨੂੰ ਭੋਏ ਦੇ ਭਾਅ ਚੁੱਕ ਰਹੀ ਹੈ। ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੀ ਫ਼ਿਕਰ ਤਾਂ, ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਨਹੀਂ ਹੈ।

ਇਹ ਸਿਆਸਤਦਾਨ ਪੰਜ ਸਾਲ ਬਾਅਦ ਵੋਟਾਂ ਲੈਣ ਲਈ ਤਾਂ, ਮੂੰਹ ਚੁੱਕੀ ਆਉਣਗੇ, ਪਰ ਕਿਸਾਨਾਂ ਦੀਆਂ ਕੀ ਸਮੱਸਿਆਵਾਂ ਹਨ, ਉਨ੍ਹਾਂ ਦੇ ਵੱਲ ਕਦੇ ਧਿਆਨ ਨਹੀਂ ਦੇਣਗੇ। ਦਿੱਲੀ ਦੇ ਹਾਕਮਾਂ ਦਾ ਸਦਾ ਹੀ ਵੈਰ ਪੰਜਾਬੀਆਂ ਦੇ ਨਾਲ ਰਿਹਾ ਹੈ। ਪੰਜਾਬੀ ਹਮੇਸ਼ਾ ਹੀ ਮੜਕ ਦੇ ਨਾਲ ਚਲਦੇ ਹਨ, ਜੋ ਦਿੱਲੀ ਦੇ ਹਾਕਮਾਂ ਨੂੰ ਪਾਸੰਦ ਨਹੀਂ। ਕਾਂਗਰਸ, ਭਾਜਪਾ ਜਾਂ ਫਿਰ ਹੋਰ ਸਿਆਸੀ ਪਾਰਟੀਆਂ, ਇਨ੍ਹਾਂ ਸਭ ਨੂੰ ਦੁੱਖ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਹੀ ਹੈ। ਕਈ ਬਾਹਰੋਂ ਆ ਕੇ ਪੰਜਾਬ ਨੂੰ ਢਾਹ ਲਗਾਈ ਜਾ ਰਹੇ ਹਨ।

ਪਰ, ਸਾਡੇ ਕਮਲੇ ਪੰਜਾਬੀ ਉਹਦੀ ਵੀ ਵਾਹ ਵਾਹ ਕਰਵਾਉਣ 'ਤੇ ਲੱਗੇ ਹੋਏ ਹਨ। ਕਈ ਭਾਜਪਾਈ ਲੀਡਰ, ਜੋ ਪੰਜਾਬ ਦੇ ਵਿੱਚ ਹੀ ਜੰਮੇ ਪਲੇ, ਅਤੇ ਪੰਜਾਬ ਦੇ ਅੰਦਰ ਹੀ ਚੋਣਾਂ ਲੜੇ, ਪਰ ਆਪਣੇ ਢਿੱਡਾਂ ਖ਼ਾਤਰ ਪੰਜਾਬ ਦੀ ਜਵਾਨੀ, ਕਿਸਾਨੀ ਨੂੰ ਭੁੱਲ ਕੇ, ਕੇਂਦਰੀ ਹਾਕਮਾਂ ਨਾਲ ਗਿੱਟ ਮਿੱਟ ਕਰਕੇ ਬਹਿ ਗਏ। ਦਰਅਸਲ, ਇਸ ਵੇਲੇ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨ ਮਾਰੂ ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨ ਨੂੰ ਸੰਘਰਸ਼ ਦੀ ਪਿੜ ਵਿੱਚ ਉਤਰਣ ਲਈ ਮਜ਼ਬੂਰ ਕਰ ਦਿੱਤਾ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦੇ ਗਏ ਖੇਤੀ ਬਿੱਲਾਂ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਰੇਲਵੇ ਟਰੈਕਾਂ ਤੋਂ ਧਰਨਾ ਇੱਕ ਵਾਰ ਤਾਂ ਪਿਛਲੇ ਦਿਨੀਂ ਖ਼ਤਮ ਕਰ ਦਿੱਤਾ ਸੀ ਅਤੇ ਰੇਲਵੇ ਟਰੈਕਾਂ 'ਤੇ ਫਿਰ ਤੋਂ ਰੇਲ ਗੱਡੀਆਂ ਦੌੜਣ ਲੱਗ ਗਈਆਂ ਸਨ, ਪਰ ਲੰਘੇ ਸੋਮਵਾਰ ਨੂੰ ਫਿਰ ਤੋਂ ਕਿਸਾਨ ਰੇਲ ਪਟੜੀਆਂ 'ਤੇ ਬੈਠ ਗਏ, ਕਿਉਂਕਿ ਰੇਲਵੇ ਟਰੈਕਾਂ 'ਤੇ ਸਰਕਾਰੀ ਮਾਲ ਗੱਡੀਆਂ ਦੀ ਆਵਾਜਾਈ ਦੀ ਬਿਜਾਏ, ਅੰਬਾਨੀ ਤੇ ਅੰਡਾਨੀ ਦੀਆਂ ਰੇਲਾਂ ਚੱਲਣ ਲੱਗ ਪਈਆਂ ਸਨ।

ਇਸ ਨਾਲ ਮਾਲ ਗੱਡੀਆਂ ਦੀ ਆਵਾਜਾਈ ਮੁੜ ਰੁਕ ਗਈ ਹੈ। ਕੁਝ ਮਾਲ ਗੱਡੀਆਂ ਜਲੰਧਰ ਵਿੱਚ ਖੜ੍ਹੀਆਂ ਰਹਿ ਗਈਆਂ। ਦਰਅਸਲ, ਕਿਸਾਨ ਜਥੇਬੰਦੀਆਂ ਵੱਲੋਂ ਸਿਰਫ਼ ਮਾਲਗੱਡੀਆਂ ਚਲਾ ਕੇ ਖ਼ੁਰਾਕੀ ਤੇ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਹੀ ਟਰੈਕ ਖ਼ਾਲੀ ਕੀਤੇ ਗਏ ਸਨ, ਪਰ ਅੰਬਾਲਾ ਡਵੀਜ਼ਨ ਵੱਲੋਂ ਖ਼ਾਲੀ ਯਾਤਰੀ ਟਰੇਨਾਂ ਨੂੰ ਇੱਕ ਤੋਂ ਦੂਜੀ ਜਗ੍ਹਾ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਨੂੰ ਲੱਗਿਆ ਕਿ ਰੇਲਵੇ ਵੱਲੋਂ ਯਾਤਰੀ ਟਰੇਨਾਂ ਚਲਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਰੋਹ ਵਿੱਚ ਆ ਕੇ ਕਿਸਾਨਾਂ ਨੇ ਰੇਲਵੇ ਟਰੈਕਾਂ 'ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ।

ਇਸ ਵਜ੍ਹਾ ਨਾਲ ਪਾਨੀਪਤ ਤੋਂ ਪੈਟਰੋਲ ਲਿਆਉਣ ਲਈ ਜਲੰਧਰ ਤੋਂ ਖ਼ਾਲੀ ਟਰੇਨ ਭੇਜੀ ਜਾਣੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਕਹਿੰਦੇ ਹਨ, ਕਿ ਪੈਟਰੋਲ ਨਾਲ ਭਰੀਆਂ ਟਰੇਨਾਂ ਅਤੇ ਹੋਰ ਸਮਾਨ, ਜੋ ਰਿਲਾਇੰਸ ਦਾ ਸੀ, ਉਸ ਨੂੰ ਵੀ ਕਿਸਾਨਾਂ ਨੇ ਰੇਲਵੇ ਟਰੈਕ ਤੋਂ ਵਾਪਸ ਮੁੜਵਾ ਦਿੱਤਾ ਗਿਆ। ਰੇਲਵੇ ਵਿਭਾਗ ਨੇ ਗੁੱਸੇ ਵਿੱਚ ਆਉਂਦੇ ਹੋਏ ਮਾਲ ਗੱਡੀਆਂ ਦੀ ਸਪਲਾਈ ਮੁਕੰਮਲ ਤੌਰ 'ਤੇ ਠੱਪ ਕਰ ਦਿੱਤੀ ਗਈ, ਪਰ ਪੰਜਾਬ ਸਰਕਾਰ ਨੇ ਭੋਲੇ ਜਿਹੇ ਮੂੰਹ ਨਾਲ ਕਹਿ ਦਿੱਤਾ ਕਿ, ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ, ਜਦੋਂਕਿ ਇਹ ਸਭ ਕੁੱਝ ਰੇਲਵੇ ਨੇ ਮੋਦੀ ਦੀ ਸ਼ਹਿ 'ਤੇ ਕੀਤਾ ਹੈ।