ਆਖਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਕਿਉਂ ਭੱਜ ਰਹੇ ਨੇ ਹਾਕਮ? (ਨਿਊਜ਼ਨੰਬਰ ਖਾਸ ਖਬਰ)

Last Updated: Oct 27 2020 16:16
Reading time: 2 mins, 51 secs

ਇਕ ਪਾਸੇ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਨੌਜਵਾਨਾਂ ਬਜ਼ੁਰਗਾਂ ਬੀਬੀਆਂ ਬੱਚਿਆਂ ਦਾ ਸੰਘਰਸ਼ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਜਾਰੀ ਹੈ। ਉਥੇ ਦੂਜੇ ਪਾਸੇ ਸਿਆਸੀ ਧਿਰਾਂ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਦਰਕਿਨਾਰ ਕਰਦੇ ਹੋਇਆ, ਸਿਆਸੀ ਪਾਰਟੀਆਂ ਦੇ ਵੱਲੋਂ ਕਿਸਾਨ ਅੰਦੋਲਨ 'ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਕਿਸਾਨਾਂ ਦੀ ਮੁੱਖ ਮੰਗ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲੋਂ ਅਤੇ ਹੁਣ ਤੱਕ ਵੀ ਇਹ ਹੀ ਹੈ ਕਿ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ।

ਕਿਸਾਨਾਂ ਦੀ ਹਮੇਸ਼ਾ ਹੀ ਇਹ ਚੇਤਾਵਨੀ ਰਹੀ ਹੈ ਕਿ, ਨਵੇਂ ਖੇਤੀ ਕਾਨੂੰਨ ਨੂੰ ਲਾਗੂ ਕਰਕੇ ਸਰਕਾਰ ਨੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਜੋ ਕੋਸ਼ਿਸ਼ ਕੀਤੀ ਹੈ, ਇਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟੌਲ ਪਲਾਜ਼ਿਆਂ ਤੋਂ ਇਲਾਵਾ ਰੇਲ ਪਟੜੀਆਂ 'ਤੇ ਕਿਸਾਨਾਂ ਮਜਦੂਰਾਂ ਬੇਰੁਜ਼ਗਾਰਾਂ ਨੌਜਵਾਨਾਂ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ। ਪੰਜਾਬ ਦੇ ਅੰਦਰੋਂ ਇਸ ਵੇਲੇ ਇਕ ਹੀ ਆਵਾਜ਼ ਉੱਠ ਰਹੀ ਹੈ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਅਤੇ ਕਿਸਾਨ ਹਿੱਤ ਫ਼ੈਸਲੇ, ਕਿਸਾਨ ਦੀ ਮਰਜ਼ੀ ਦੇ ਮੁਤਾਬਕ ਲੈ ਜਾਣ, ਤਾਂ ਜੋ ਕਿਸਾਨੀ ਬਚ ਸਕੇ।

ਵੈਸੇ ਇਥੇ ਇਕ ਸ਼ੁਰੂ ਵਿੱਚ ਹੀ ਸਵਾਲ ਉੱਠਦਾ ਹੈ ਕਿ ਆਖਰ ਹਾਕਮ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਕਿਉਂ ਰਹੇ ਹਨ? ਕਿਉਂ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਹਾਕਮਾਂ ਦੇ ਵਲੋਂ ਕੀਤਾ ਜਾ ਰਿਹਾ ਹੈ? ਕੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਦੇ ਨਾਲ ਹਾਕਮਾਂ ਨੂੰ ਘਾਟਾ ਪੈਣ ਵਾਲਾ ਹੈ? ਅਜਿਹੇ ਬਹੁਤ ਸਾਰੇ ਸਵਾਲ ਹਨ, ਜੋ ਇਸ ਵਕਤ ਕਿਸਾਨ ਅੰਦੋਲਨ ਦੇ ਵਿੱਚੋਂ ਖੜ੍ਹੇ ਹੋ ਰਹੇ ਹਨ, ਪਰ ਇਨ੍ਹਾਂ ਦਾ ਜਵਾਬ ਸਾਨੂੰ ਹਾਕਮਾਂ ਦੇ ਕੋਲ ਨਹੀਂ ਹੈ, ਬਲਕਿ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੇ ਕੋਲੋਂ ਇਨ੍ਹਾਂ ਦਾ ਜਵਾਲ ਮਿਲ ਰਿਹਾ ਹੈ, ਜੋ ਸੰਘਰਸ਼ ਕਰ ਰਹੇ ਹਨ।

ਵੈਸੇ, ਦੱਸ ਦਈਏ ਕਿ ਇੱਕ ਭਾਜਪਾਈ ਨੇ ਲੰਘੇ ਦਿਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਭਾਜਪਾ ਸਰਕਾਰ ਪੂਰੀ ਤਰ੍ਹਾਂ ਜਾਂਦੀ ਹੈ। ਇਸੇ ਲਈ ਹੀ ਨਵਾਂ ਖੇਤੀ ਕਾਨੂੰਨ ਲਿਆਂਦਾ ਗਿਆ ਹੈ। ਪਰ, ਜਦੋਂ ਪੱਤਰਕਾਰ ਨੇ ਉਕਤ ਭਾਜਪਾਈ ਨੂੰ ਇਹ ਸਵਾਲ ਪੁੱਛਿਆ ਕਿ ਜੇਕਰ ਇਹ ਨਵਾਂ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਵਾਸਤੇ ਹੈ, ਤਾਂ ਫਿਰ ਆਖਰ ਕਿਸਾਨ ਕੀ ਚਾਹੁੰਦੇ ਹਨ? ਕਿਉਂ ਕਿਸਾਨ ਸੜਕਾਂ ਅਤੇ ਰੇਲ ਪਟੜੀਆਂ 'ਤੇ ਬੈਠੇ ਹਨ? ਇਸ ਦਾ ਜਵਾਬ ਭਾਜਪਾਈ ਨੇ ਦਿੰਦੇ ਹੋਏ ਕਿਹਾ ਕਿ ਇਹ ਸਭ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੀ ਸ਼ਹਿ 'ਤੇ ਬੈਠੇ ਹਨ।

ਜਦੋਂਕਿ ਅਸਲੀਅਤ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ। ਇਸੇ ਹੀ ਭਾਜਪਾਈ ਨੂੰ ਜਵਾਬ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਉਹ ਭਾਜਪਾਈ ਹਨ, ਜੋ ਕਿਸਾਨਾਂ ਨੂੰ ਉਜਾੜ ਕੇ, ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੇ ਹਨ ਅਤੇ ਅੰਬਾਨੀਆਂ ਤੇ ਅੰਡਾਨੀਆਂ ਦੀ ਗੋਦੀ ਵਿੱਚ ਬਹਿ ਕੇ, ਉਨ੍ਹਾਂ ਹਿੱਤ ਫ਼ੈਸਲੇ ਕਰ ਰਹੇ ਹਨ। ਇਹ ਭਾਜਪਾਈ ਇਸ ਲਈ ਕਿਸਾਨਾਂ ਨੇ ਮੰਗਾਂ ਨੂੰ ਮੰਨਣ ਤੋਂ ਕਿਨਾਰਾ ਕਰ ਜਾਂਦੇ ਹਨ, ਕਿਉਂਕਿ ਕਿਸਾਨਾਂ ਦੀਆਂ ਮੰਗਾਂ ਦੇਸ਼ ਹਿੱਤ ਹਨ, ਜਦੋਂਕਿ ਭਾਜਪਾ ਦੁਆਰਾ ਲਿਆਂਦਾ ਕਾਲਾ ਕਾਨੂੰਨ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾਉਣ ਵਾਲਾ ਹੈ।

ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲ ਪਟੜੀਆਂ ਅਤੇ ਸੜਕਾਂ 'ਤੇ ਸੰਘਰਸ਼ ਦਿਨ ਰਾਤ ਚੱਲ ਰਿਹਾ ਹੈ। ਕਿਸਾਨਾਂ ਦੀ ਇਹੀ ਮੰਗ ਹੈ ਕਿ ਨਵਾਂ ਖੇਤੀ ਕਾਨੂੰਨ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਨਾਲ ਜੋੜ ਕੇ ਆਪਣੇ ਤੌਰ 'ਤੇ ਬੰਦ ਕਰਨ ਨੂੰ ਕਿਸਾਨ ਯੂਨੀਅਨਾਂ 'ਤੇ ਦਬਾਅ ਬਣਾਉਣ ਅਤੇ ਕਿਸਾਨਾਂ ਵਿੱਚ ਆਪਸੀ ਟਕਰਾਅ ਪੈਦਾ ਕਰਨ ਦੀ ਕੋਝੀ ਚਾਲ ਹੈ।

ਹਾਕਮ ਜਮਾਤ ਦੇ ਵੱਲੋਂ ਇਸ ਵਕਤ ਦਲਿਤਾਂ ਦੇ ਨਾਲ ਹਮਦਰਦੀ ਕਰਕੇ, ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣ ਦੀ ਕੋਝੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਕਿਸਾਨਾਂ ਮਜਦੂਰਾਂ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਆਖ਼ਰ ਵਿੱਚ ਇਹੀ ਮੰਗ ਹੈ ਕਿ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕੀਤੇ ਜਾਣ।