ਬੜੀ ਦੇਰ ਨਾਲ ਲੱਗਿਆ ਭਾਜਪਾ ਨੂੰ, ਮੋਦੀ ਦੇ ਸੜੇ ਦੁਸਹਿਰੇ 'ਤੇ ਪੁਤਲੇ ਦਾ ਸੇਕ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 27 2020 16:07
Reading time: 1 min, 53 secs

ਕਿਸਾਨਾਂ ਦੇ ਵੱਲੋਂ 25 ਅਕਤੂਬਰ ਨੂੰ ਪੰਜਾਬ ਭਰ ਦੇ ਅੰਦਰ ਦੁਸਹਿਰੇ ਮੌਕੇ ਰਾਵਨ ਦੇ ਪੁਤਲੇ ਨਾ ਸਾੜ ਕੇ, ਜਿੱਥੇ ਪੁੰਨ ਦਾ ਕੰਮ ਕੀਤਾ, ਉੱਥੇ ਹੀ ਕਿਸਾਨਾਂ ਨੇ ਰਾਵਨ ਦੀ ਜਗ੍ਹਾ 'ਤੇ ਇਸ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਜੋਟੀਦਾਰ ਅੰਬਾਨੀ ਅਤੇ ਅੰਡਾਨੀ ਦੇ ਪੁਤਲੇ ਫ਼ੂਕੇ। ਕਿਸਾਨਾਂ ਦੇ ਵੱਲੋਂ ਬੇਸ਼ੱਕ 25 ਅਕਤੂਬਰ ਨੂੰ ਪੁਤਲੇ ਫ਼ੂਕੇ ਗਏ ਅਤੇ ਵੱਡੇ ਪੱਧਰ 'ਤੇ ਅਖ਼ਬਾਰਾਂ ਦੇ ਵਿੱਚ ਕਿਸਾਨਾਂ ਦੁਆਰਾ ਸਾੜੇ ਗਏ ਮੋਦੀ ਦੇ ਪੁਤਲਿਆਂ ਦੀ ਕਵਰੇਜ਼ ਵੀ ਹੋਈ।

ਪਰ, ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਦੁਆਰਾ ਸਾੜੇ ਗਏ ਮੋਦੀ ਦੇ ਪੁਤਲਿਆਂ ਦਾ ਸੇਕ 48 ਘੰਟਿਆਂ ਬਾਅਦ ਦਿੱਲੀ ਦਰਬਾਰ ਤੱਕ ਪੁੱਜਿਆ ਹੈ। ਦਰਅਸਲ, ਪੰਜਾਬ ਦੇ ਅੰਦਰ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ ਸਵਾ ਮਹੀਨੇ ਤੋਂ ਕਿਸਾਨਾਂ ਦੀ ਲੜਾਈ ਜਾਰੀ ਹੈ ਅਤੇ ਉਨ੍ਹਾਂ ਦੇ ਵੱਲੋਂ ਕੇਂਦਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਰੋਹ ਵੇਖਣ ਨੂੰ ਮਿਲ ਰਿਹਾ ਹੈ।

ਦੱਸਣਾ ਬਣਦਾ ਹੈ ਕਿ, ਪੰਜਾਬ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਦੌਰਾਨ ਦੁਸਹਿਰੇ ਦੇ ਮੌਕੇ 'ਤੇ ਪੰਜਾਬ ਵਿੱਚ ਕਈ ਥਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ, ਉਥੇ ਹੀ ਇਸ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ। ਰਾਹੁਲ ਨੇ ਕਿਹਾ ਸੀ ਕਿ ਭਾਜਪਾ ਤੋਂ ਪੰਜਾਬ ਸਮੇਤ ਪੂਰਾ ਦੇਸ਼ ਤੰਗ ਹੈ, ਇਸ ਲਈ ਹੀ ਮੋਦੀ ਦੇ ਚਾਰੇ ਪਾਸੇ ਪੁਤਲੇ ਫ਼ੂਕੇ ਜਾ ਰਹੇ ਹਨ।

ਰਾਹੁਲ ਦੇ ਬਿਆਨ ਤੋਂ ਬੌਖਲਾਏ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਪੰਜਾਬ ਵਿੱਚ ਇਹ ਡਰਾਮਾ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਹੋਇਆ ਹੈ। ਜਦੋਂਕਿ ਅਸਲ ਸਚਾਈ ਇਹ ਹੈ ਕਿ ਰਾਹੁਲ ਵਰਗੇ ਲੀਡਰਾਂ ਨੂੰ ਕਿਸਾਨਾਂ ਨੇ ਧਰਨਿਆਂ ਵਿੱਚ ਵੜਣ ਨਹੀਂ ਦਿੱਤਾ। ਫਿਰ ਭਾਜਪਾ ਕਿਵੇਂ ਝੂਠ ਬੋਲੀ ਜਾ ਰਹੀ ਹੈ ਕਿ ਰਾਹੁਲ ਦੇ ਇਸ਼ਾਰੇ ਤੇ ਸਭ ਕੁੱਝ ਹੋਇਆ। ਦੱਸਣਾ ਇਹ ਵੀ ਬਣਦਾ ਹੈ ਕਿ, ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਪੂਰੇ ਪੰਜਾਬ ਵਿੱਚ ਪੀਐੱਮ ਮੋਦੀ ਦਾ ਪੁਤਲਾ ਸਾੜਿਆ ਗਿਆ।

ਰਾਹੁਲ ਨੇ ਕਿਹਾ ਕਿ ਇਹ ਦੁਖਦ ਹੈ ਕਿ ਪੰਜਾਬ ਵਿੱਚ ਪੀਐੱਮ ਪ੍ਰਤੀ ਲੋਕਾਂ ਦਾ ਗੁੱਸਾ ਇਸ ਪੱਧਰ ਤੱਕ ਪਹੁੰਚ ਗਿਆ ਹੈ, ਪੀਐੱਮ ਮੋਦੀ ਨੂੰ ਇਨ੍ਹਾਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ। ਰਾਹੁਲ ਨੇ ਆਪਣੇ ਟਵੀਟ ਦੇ ਨਾਲ ਇਕ ਕਾਪੀ ਵੀ ਲਗਾਈ ਸੀ, ਜਿਸ ਵਿੱਚ ਐਤਵਾਰ ਨੂੰ ਪੰਜਾਬ ਵਿੱਚ ਕੁੱਝ ਲੋਕਾਂ ਦੁਆਰਾ ਰਾਵਣ ਦੇ ਪੁਤਲੇ ਦੀ ਜਗ੍ਹਾ 'ਤੇ ਪੀਐੱਮ ਮੋਦੀ ਦਾ ਮਖ਼ੌਟਾ ਲਗਾ ਕੇ ਸਾੜਿਆ ਗਿਆ ਸੀ।