ਜੇ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਸਕਦੇ ਨੇ ਤਾਂ ਕਾਲਜ ਤੇ ਯੂਨੀਵਰਸਿਟੀਆਂ ਬੰਦ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਹਾਕਮਾਂ ਦੇ ਵੱਲੋਂ ਕੋਰੋਨਾ ਵਾਇਰਸ ਨੂੰ ਹਊਆ ਬਣਾ ਕੇ ਇਸ ਪ੍ਰਕਾਰ ਜਨਤਾ 'ਤੇ ਥੋਪਿਆ ਜਾ ਰਿਹਾ ਹੈ, ਜਿਵੇਂ ਕੋਰੋਨਾ ਵਾਇਰਸ ਇਨ੍ਹਾਂ ਹਾਕਮਾਂ ਤੋਂ ਵੀ ਵੱਧ ਖ਼ਤਰਨਾਕ ਹੋਵੇ। ਕੈਪਟਨ ਹਕੂਮਤ ਦੇ ਵੱਲੋਂ ਪੰਜਾਬ ਦੇ ਅੰਦਰ ਬਿਨਾਂ ਸੋਚੇ ਸਮਝੇ ਕਰਫਿਊ ਤੇ ਲੌਕਡਾਊਨ ਲਗਾ ਦਿੱਤਾ ਗਿਆ। ਮੋਦੀ ਦੇ ਵਲੋਂ ਦਿੱਲੀ ਬੈਠ ਕੇ ਭਾਰਤ ਵਾਸੀਆਂ ਦੀ ਫ਼ਿਕਰ ਨਾ ਕਰਦਿਆ ਹੋਇਆ, ਆਪਣੇ ਲੋਕਮਾਰੂ ਫ਼ੈਸਲਿਆਂ ਅਤੇ ਕਾਲੇ ਕਾਨੂੰਨ ਲਾਗੂ ਕਰਨ ਦੇ ਲਈ ਕਰੋਨਾ ਨੂੰ ਸੰਕਟ ਅਤੇ ਮਹਾਮਾਰੀ ਦੱਸਦਿਆਂ ਹੋਇਆ ਦੇਸ਼ ਭਰ ਦੇ ਅੰਦਰ ਲਾਕਡਾਊਨ ਤੇ ਕਰਫਿਊ ਲਗਾ ਦਿੱਤਾ ਗਿਆ।

ਇਸ ਦਾ ਸਭ ਤੋਂ ਵੱਧ ਨੁਕਸਾਨ ਵਿਦਿਆਰਥੀ, ਮਜਦੂਰ ਵਰਗ, ਕਿਸਾਨ ਵਰਗ ਅਤੇ ਹੋਰਨਾਂ ਆਮ ਲੋਕਾਂ ਨੂੰ ਹੋਇਆ, ਪਰ ਹਾਕਮ ਜਮਾਤ ਦੇ ਕਿਸੇ ਵੀ ਲੀਡਰ ਨੂੰ ਏਸ ਲਾਕਡਾਊਨ ਤੇ ਕਰਫਿਊ ਦੌਰਾਨ ਨੁਕਸਾਨ ਨਹੀਂ ਪਹੁੰਚਿਆ। ਵਿਦਿਅਕ ਅਦਾਰੇ ਕੋਰੋਨਾ ਦੇ ਬੇਲੋੜੇ ਲਾਕਡਾਊਨ ਦੌਰਾਨ ਸਭ ਬੰਦ ਹੋ ਗਏ, ਪਰ ਸ਼ਰਾਬ ਦੇ ਠੇਕੇ ਸਰਕਾਰ ਦੇ ਵੱਲੋਂ ਕੁੱਝ ਸਮੇਂ ਬਾਅਦ ਹੀ ਖੋਲ੍ਹ ਦੇ ਦਿੱਤੇ ਗਏ। ਵਿੱਦਿਅਕ ਅਦਾਰੇ, ਜਿਵੇਂ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਤੋਂ ਇਲਾਵਾ ਆਈਲੈਟਸ ਸੈਂਟਰ ਆਦਿ ਤਾਂ ਸਭ ਸਰਕਾਰ ਨੇ ਹੁਣ ਰੱਖੇ।

ਪਰ, ਜਿੱਥੋਂ ਸਰਕਾਰ ਨੂੰ ਦੋ ਨੰਬਰੀ ਆਮਦਨ ਹੋਣ ਦੀ ਉਮੀਦ ਸੀ, ਉਹ ਸਰਕਾਰ ਨੇ ਖੋਲ੍ਹ ਦਿੱਤੇ। ਪਿਛਲੇ ਦਿਨੀ ਪੰਜਾਬ ਸੂਬੇ ਵਿੱਚ ਸਕੂਲ ਖੋਲ੍ਹਣ ਦਾ ਫ਼ਰਮਾਨ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ, ਜਦੋਂਕਿ ਯੂਨੀਵਰਸਿਟੀਆਂ ਅਤੇ ਕਾਲਜ ਹਾਲੇ ਵੀ ਬੰਦ ਪਏ ਹਨ, ਜਿਨ੍ਹਾਂ ਨੂੰ ਖੁਲ੍ਹਵਾਉਣ ਦੇ ਵਾਸਤੇ ਵਿਦਿਆਰਥੀ ਯੂਨੀਅਨਾਂ ਸੰਘਰਸ਼ ਕਰ ਰਹੀਆਂ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਪ੍ਰੀਤ ਮੌੜ ਅਤੇ ਵਰਖਾ ਦੋਚਾਨੀਆ ਅੱਜ ਆਪਣੇ ਸਾਥੀਆਂ ਸਮੇਤ ਕੋਟਕਪੁਰਾ ਸਰਕਾਰੀ ਕਾਲਜ ਤੋਂ ਇਲਾਵਾ ਪੰਜਾਬ ਭਰ ਦੇ ਸਰਕਾਰੀ ਕਾਲਜ ਤੇ ਯੂਨੀਵਰਸਿਟੀਆਂ ਖੁਲਵਾਉਣ ਲਈ ਕਾਲਜ ਪ੍ਰਬੰਧਕਾਂ ਤੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪੇ ਗਏ।

ਉਨ੍ਹਾਂ ਦੋਸ਼ ਮੜਿਆ ਕਿ ਸਰਕਾਰ ਨੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਵਿੱਚ ਕਰਫਿਊ ਦਾ ਮਾਹੌਲ ਬਣਾ ਕੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਸੀ। ਵਿਗਿਆਨਕ ਤੌਰ 'ਤੇ ਦੇਖਿਆ ਜਾਵੇ ਤਾਂ ਕਰੋਨਾ ਦਾ ਮੌਰਟੈਲਿਟੀ ਰੇਟ ਕੇਵਲ 1 ਫ਼ੀਸਦੀ ਹੈ, ਭਾਵ 100 ਵਿੱਚੋਂ 1 ਵਿਅਕਤੀ ਹੀ ਮਰਦਾ ਹੈ। ਕਰੋਨਾ ਕਾਰਨ ਜੋ ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚ ਜਾਂ ਤਾਂ ਬਜੁਰਗ ਸਨ, ਜਾਂ ਫਿਰ ਉਹ ਲੋਕ ਸਨ, ਜਿੰਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਸੀ। ਨੌਜਵਾਨਾਂ ਨੂੰ ਇਸ ਬਿਮਾਰੀ ਨਾਲ ਕੋਈ ਖਤਰਾ ਨਹੀਂ ਹੈ।

ਪਰ ਹੁਣ ਜਿੱਥੇ ਸਰਕਾਰ ਨੇ ਸ਼ਾਪਿੰਗ ਮਾਲ, ਰੈਸਟੋਰੈਂਟ, ਸ਼ਰਾਬ ਦੇ ਠੇਕੇ, ਆਇਲਟਸ ਸੈਂਟਰ ਆਦਿ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਉੱਥੇ ਹੀ ਯੂਨੀਵਰਸਿਟੀਆਂ ਅਤੇ ਕਾਲਜਾਂ, ਜਿੱਥੇ ਕਿ ਨੌਜਵਾਨ ਪੜਦੇ ਹਨ, ਉਨ੍ਹਾਂ ਨੂੰ ਖੋਲਣ 'ਤੇ ਲੱਗੀ ਰੋਕ ਨੂੰ ਹਟਾਇਆ ਜਾਵੇ। ਕਿਉਂਕਿ ਇਹ ਰੋਕ ਲਗਾਉਣ ਦਾ ਕੋਈ ਤੁੱਕ ਨਹੀਂ ਬਣਦਾ। ਆਨਲਾਈਨ ਪੜ੍ਹਾਈ ਦੀ ਜਮੀਨੀ ਹਕੀਕਤ ਬਹੁਤ ਹੀ ਖਸਤਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਕਾਲਜ ਖੋਲ ਕੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਨਾ ਕਰਵਾਈਆਂ ਗਈਆਂ ਤਾਂ ਵਿਦਿਆਰਥੀ ਕਾਲਜ ਦੇ ਗੇਟ 'ਤੇ ਬੈਠ ਕੇ ਆਪਣੇ ਆਪ ਕਲਾਸਾਂ ਲਗਾਉਣ ਲਈ ਮਜਬੂਰ ਹੋਣਗੇ।