ਕਿਸਾਨ ਅੰਦੋਲਨ ਨੂੰ ਸਿਆਸਤਦਾਨ ਉਜਾੜਨਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 27 2020 16:04
Reading time: 2 mins, 10 secs

ਇੱਕ ਪਾਸੇ ਤਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ, ਦੂਜੇ ਪਾਸੇ ਕਿਸਾਨ ਅੰਦੋਲਨ 'ਤੇ ਸਿਆਸਤ ਹੋ ਰਹੀ ਹੈ। ਪਰ ਕਿਸਾਨਾਂ ਦੇ ਵੱਲੋਂ ਸਿਆਸਤਦਾਨਾਂ ਨੂੰ ਜਿੱਥੇ ਧਰਨਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ, ਉੱਥੇ ਹੀ ਸੱਤਾਧਿਰ ਨੂੰ ਧਰਨੇ ਵਿੱਚ ਆਉਣ ਤੋਂ ਪਹਿਲੋਂ ਹੀ ਵਰਜਿਆ ਜਾ ਰਿਹਾ ਹੈ। ਕਿਸਾਨਾਂ ਦਾ ਰੋਹ ਇਸ ਵੇਲੇ ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖ਼ਿਲਾਫ਼ ਬਹੁਤ ਜ਼ਿਆਦਾ ਹੈ, ਕਿਉਂਕਿ ਇਹ ਸਭ ਧਿਰਾਂ ਕਿਸਾਨ ਅੰਦੋਲਨ 'ਤੇ ਰੋਟੀਆਂ ਸੇਕ ਰਹੀਆਂ ਹਨ।

ਦੱਸਣਾ ਬਣਦਾ ਹੈ ਕਿ ਕਿਸਾਨਾਂ ਦੇ ਵੱਲੋਂ ਇੱਕ ਪਾਸੇ ਤਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਕਾਂਗਰਸ ਨੂੰ ਖੇਤੀ ਕਾਨੂੰਨਾਂ 'ਤੇ ਘੇਰਿਆ ਜਾ ਰਿਹਾ ਹੈ। ਕਾਂਗਰਸੀ ਤੇ ਅਕਾਲੀ ਆਪਸ ਵਿੱਚ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਬਹਿਸੋ ਬਹਿਸੀ ਹੋ ਜਾ ਰਹੇ ਹਨ, ਜਦੋਂਕਿ ਕਿਸਾਨਾਂ ਦੀ ਗੱਲ ਨਾ ਤਾਂ ਕੈਪਟਨ ਦਲ ਕਰ ਰਿਹਾ ਹੈ ਅਤੇ ਨਾ ਹੀ ਅਕਾਲੀ ਦਲ ਦੇ ਵੱਲੋਂ ਕਿਸਾਨਾਂ ਦੇ ਹਿੱਤ ਗੱਲ ਕੀਤੀ ਜਾ ਰਹੀ ਹੈ।

ਇਨ੍ਹਾਂ ਸਿਆਸਤਦਾਨਾਂ ਦੇ ਵੱਲੋਂ ਕਿਸਾਨਾਂ ਦੇ ਰੋਹ ਨੂੰ ਕਿੰਝ ਖ਼ਤਮ ਕੀਤਾ ਜਾਵੇ, ਉਹਦੇ ਬਾਰੇ ਹੀ ਸੋਚਿਆ ਜਾ ਰਿਹਾ ਹੈ ਅਤੇ ਲਗਾਤਾਰ ਕਿਸਾਨਾਂ ਦੇ ਰੋਹ 'ਤੇ ਕਈ ਤਰਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ ਕਿ ਅਕਾਲੀ ਦਲ ਵਿਧਾਨ ਸਭਾ ਵਿੱਚ ਲਏ ਆਪਣੇ ਸਟੈਂਡ ਤੋਂ ਪਿੱਛੇ ਹਟ ਗਿਆ ਹੈ, ਜਦੋਂਕਿ ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਦੀਆਂ ਕਾਪੀਆਂ ਜਾਰੀ ਕੀਤੀਆਂ।

ਕੈਪਟਨ ਨੂੰ ਮਜੀਠਿਆ ਨੇ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਡੀਕਰਣ ਕਾਨੂੰਨਾਂ ਦੇ ਮੁਕਾਬਲੇ ਤਿੰਨ ਬਿੱਲ ਪਾਸ ਕਰਨ ਤੋਂ ਪਹਿਲਾਂ 3 ਕਰੋੜ ਪੰਜਾਬੀਆਂ ਨੂੰ ਭਰੋਸੇ ਵਿਚ ਕਿਉਂ ਨਹੀਂ ਲਿਆ? ਵੈਸੇ ਤਾਂ ਕਿਸਾਨਾਂ ਦੀ ਲੜਾਈ ਵਿੱਚ ਸਿਆਸਤ ਕਰਨਾ ਠੀਕ ਨਹੀਂ ਹੈ, ਪਰ ਅਕਾਲੀ ਦਲ ਜਾਂ ਫਿਰ ਕਾਂਗਰਸ ਕੋਲ ਹੋਰ ਕੋਈ ਮੁੱਦਾ ਨਹੀਂ। ਅਕਾਲੀ ਦਲ ਦਾ ਵਕਾਰ ਪੰਜਾਬ ਦੇ ਅੰਦਰੋਂ ਖ਼ਤਮ ਹੋ ਚੁੱਕਿਆ ਹੈ ਅਤੇ ਕਾਂਗਰਸ ਦੇ ਵੱਲੋਂ ਜੋ ਵਾਅਦੇ 2017 ਦੀਆਂ ਚੋਣਾਂ ਵੇਲੇ ਕੀਤੇ ਸਨ, ਉਨ੍ਹਾਂ ਨੂੰ ਹੁਣ ਤੱਕ ਪੂਰਿਆ ਨਹੀਂ ਕੀਤਾ ਗਿਆ।

ਦੱਸ ਇਹ ਵੀ ਦਈਏ ਕਿ ਮਜੀਠੀਆ ਨੇ ਬੀਤੇ ਕੱਲ੍ਹ ਕੈਪਟਨ ਦਾ ਝੂਠ ਵੀ ਬੇਨਕਾਬ ਕੀਤਾ ਅਤੇ ਕਿਹਾ ਕਿ ਕੈਪਟਨ ਨੇ ਦਸਮ ਪਿਤਾ ਦੇ ਨਾਂ 'ਤੇ ਝੂਠੀਆਂ ਸਹੁੰਆਂ ਚੁੱਕੀਆਂ ਸਨ, ਕਿਉਂਕਿ ਉਨ੍ਹਾਂ ਦਾ ਕੇਂਦਰ ਨਾਲ ਇਹ ਸੌਦਾ ਹੋਇਆ ਸੀ ਕਿ ਉਹ ਅਜਿਹੇ ਬਿੱਲ ਪਾਸ ਕਰਨਗੇ, ਜਿਸ ਨਾਲ ਪੰਜਾਬ ਅਤੇ ਪੰਜਾਬੀਆ ਦਾ ਕੋਈ ਭਲਾ ਨਹੀਂ ਹੋਵੇਗੀ ਅਤੇ ਇਹ ਸਿਰਫ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦਾ ਰੇਲ ਰੋਕੋ ਸੰਘਰਸ਼ ਖਤਮ ਕਰਵਾਉਣ ਵਿਚ ਉਨ੍ਹਾਂ ਦੀ ਮਦਦ ਕਰਨਗੇ। ਵੈਸੇ, ਕੈਪਟਨ ਤੇ ਮਜੀਠੀਆ ਦੀ ਇਹ ਬੋਲਬਾਣੀ ਤੋਂ ਕਿਸਾਨ ਬਹੁਤ ਤੰਗ ਹਨ ਅਤੇ ਉਹ ਇਨ੍ਹਾਂ ਦੋਵਾਂ ਨੂੰ ਹੀ ਕੋਸਣ 'ਤੇ ਲੱਗੇ ਹੋਏ ਹਨ।