ਯੂ.ਪੀ. ਨਾਲੋਂ ਵੀ ਭੈੜਾ ਜੰਗਲ ਰਾਜ ਪੰਜਾਬ 'ਚ!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 24 2020 16:18
Reading time: 2 mins, 31 secs

ਯੂ.ਪੀ. ਦੇ ਹਾਥਰਸ ਵਿਖੇ ਇੱਕ ਕੁੜੀ ਨੂੰ ਜਦੋਂ ਕੁੱਝ ਲੋਕਾਂ ਦੇ ਵੱਲੋਂ ਚੁੱਕ ਕੇ ਬਾਜ਼ਰੇ ਦੇ ਖ਼ੇਤਾਂ ਵਿੱਚ ਬਲਾਤਕਾਰ ਕਰਨ ਤੋਂ ਬਾਅਦ ਅੱਧ ਮੋਈ ਕਰਕੇ ਸੁੱਟ ਦਿੱਤਾ ਗਿਆ ਸੀ ਤਾਂ, ਉਸ ਵੇਲੇ ਭਾਰਤ ਭਰ ਦੇ ਲੋਕਾਂ ਦੇ ਮਨਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਭਰ ਗਿਆ ਸੀ। ਕਿਉਂਕਿ ਕੁੜੀ ਦੇ ਵੱਖ ਵੱਖ ਅੰਗਾਂ 'ਤੇ ਸੱਟਾਂ ਮਾਰਨ ਤੋਂ ਬਾਅਦ ਦਰਿੰਦਿਆਂ ਨੇ ਕੁੜੀ ਦੀ ਜੀਭ ਵੀ ਕੱਟ ਦਿੱਤੀ ਸੀ। ਕੁੱਝ ਦਿਨਾਂ ਬਾਅਦ ਕੁੜੀ ਜ਼ਖਮਾਂ ਦਾ ਤਾਬ ਨਾ ਸਹਾਰਦੀ ਹੋਈ, ਮੌਤ ਨੂੰ ਗਲੇ ਲਗਾ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦਿਵਾਉਣ ਦੇ ਲਈ ਵੱਖ ਵੱਖ ਇਨਕਲਾਬੀ ਧਿਰਾਂ ਦਾ ਸੰਘਰਸ਼ ਜਾਰੀ ਹੈ।

ਦਰਅਸਲ, ਯੂ.ਪੀ. ਦੇ ਵਿੱਚ ਯੋਗੀ ਅਦਿੱਤਿਆ ਨਾਥ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਜਿਸ ਦੀ ਹੁਣ ਵੀ ਤੇ ਪਹਿਲੋਂ ਵੀ ਚਾਰੇ ਪਾਸੇ ਨਿੰਦਾ ਹੋ ਰਹੀ ਸੀ। ਯੋਗੀ ਸਰਕਾਰ ਦੇ ਰਾਜ ਵਿੱਚ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਸਰਕਾਰ ਇਨਾਂ ਘਟਨਾਵਾਂ 'ਤੇ ਪਰਦੇ ਪਾਉਣ 'ਤੇ ਲੱਗੀ ਹੋਈ ਹੈ। ਕਾਂਗਰਸ ਤੋਂ ਇਲਾਵਾ ਹੋਰਨਾਂ ਵਿਰੋਧੀ ਦਲਾਂ ਨੇ ਹਾਥਰਸ ਕੇਸ 'ਤੇ ਬਹੁਤ ਜ਼ਿਆਦਾ ਸਿਆਸਤ ਕੀਤੀ ਅਤੇ ਹੁਣ ਵੀ ਵਿਰੋਧੀ ਧਿਰਾਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ।

ਯੂ.ਪੀ. ਦੇ ਹਾਥਰਸ ਵਿਖੇ ਕੁੜੀ ਦੇ ਬਲਾਤਕਾਰ ਤੋਂ ਬਾਅਦ ਹੋਏ ਕਤਲ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਤਾਂ ਹਾਲੇ ਜਾਰੀ ਹੀ ਸੀ, ਕਿ ਪੰਜਾਬ ਦੇ ਅੰਦਰ ਵੀ ਯੂ.ਪੀ. ਵਰਗੀ ਇੱਕ ਘਟਨਾ ਵਾਪਰ ਗਈ। ਪੰਜਾਬ ਦੇ ਵਿਧਾਨ ਸਭਾ ਹਲਕਾ ਉੜਮੁੜ ਦੇ ਪਿੰਡ ਜਲਾਲਪੁਰ ਵਿਖੇ 6 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਬੱਚੀ ਨੂੰ ਜਿਊਂਦੇ ਸਾੜ ਕੇ ਮਾਰਨ ਦੀ ਘਟਨਾ ਸਾਹਮਣੇ ਆ ਗਈ। ਭਾਵੇਂ ਹੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮ ਕਾਬੂ ਕਰ ਲਏ ਗਏ ਹਨ।

ਪਰ, ਪੰਜਾਬ ਦੀ ਕਾਂਗਰਸ ਸਰਕਾਰ 'ਤੇ ਯੂ.ਪੀ. ਸਰਕਾਰ ਦੇ ਵਾਂਗ ਹੀ ਸਵਾਲ ਉੱਠ ਖੜੇ ਹਨ ਕਿ ਕੀ ਪੰਜਾਬ ਦੇ ਅੰਦਰ ਯੂ. ਪੀ. ਦੇ ਨਾਲੋਂ ਵੀ ਭੈੜਾ ਜੰਗਲ ਰਾਜ ਹੈ? ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਪਰ ਫਿਰ ਵੀ ਲੋਕ ਬੇਖ਼ੌਫ਼ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਪਿੰਡ ਜਲਾਲਪੁਰ ਵਿੱਚ ਜੋ ਘਟਨਾ ਵਾਪਰੀ, ਇਸ ਤੋਂ ਪਹਿਲੋਂ ਵੀ ਪੰਜਾਬ ਦੇ ਹੋਰਨਾਂ ਇਲਾਕਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਹੁਣ ਤੱਕ ਉਕਤ ਮਾਮਲਿਆਂ ਦੇ ਵਿੱਚ ਕੋਈ ਢੁੱਕਵੀਂ ਕਾਰਵਾਈ ਪੁਲਿਸ ਅਤੇ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ।

ਦੱਸਣਾ ਬਣਦਾ ਹੈ ਕਿ 6 ਸਾਲਾਂ ਬੱਚੀ ਹਲਕਾ ਉੜਮੁੜ ਦੇ ਪਿੰਡ ਜਲਾਲਪੁਰ ਦੀ 6 ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਤੇ ਕਤਲ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਪੰਜਾਬ ਨੇ ਮਾਮਲੇ ਦੀ ਜਾਂਚ ਯਕੀਨੀ ਬਣਾਉਣ ਸਬੰਧੀ ਡੀਜੀਪੀ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਸ ਕੇਸ ਵਿੱਚ ਚਲਾਨ ਅਦਾਲਤ ਵਿੱਚ ਜਲਦ ਪੇਸ਼ ਕਰਨ ਲਈ ਵੀ ਕਿਹਾ ਹੈ। ਮੁੱਖ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, 'ਹੁਸ਼ਿਆਰਪੁਰ ਵਿੱਚ 6 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਕਤਲ ਦੀ ਘਟਨਾ ਕਾਫ਼ੀ ਦੁਖਦਾਈ ਤੇ ਹੈਰਾਨ ਕਰਨ ਵਾਲੀ ਹੈ।'

ਦੂਜੇ ਪਾਸੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਮਨੀਸ਼ ਗੁਲਾਟੀ ਨੇ ਉਕਤ ਮਾਮਲੇ 'ਤੇ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਪੁਲਿਸ ਨੂੰ ਉਕਤ ਕੇਸ ਦਾ ਟਰਾਇਲ ਇੱਕ ਹਫਤੇ ਵਿੱਚ ਮੁਕੰਮਲ ਕਰਨ ਲਈ ਆਖਿਆ ਹੈ। ਖ਼ੈਰ, ਸਰਕਾਰ ਨੇ ਬੇਸ਼ੱਕ ਜਾਂਚ ਟੀਮਾਂ ਬਣਾ ਦਿੱਤੀਆਂ ਹਨ, ਇਨ੍ਹਾਂ ਨੇ ਰਿਪੋਰਟਾਂ ਸੌਂਪਣ 'ਤੇ ਵੀ ਕਈ ਸਾਲ ਲਗਾਉਣੇ ਹਨ ਅਤੇ ਫਿਰ ਸਜ਼ਾ ਹੋਣ 'ਤੇ ਅੱਧੀ ਜਿੰਦਗੀ ਲੰਘ ਜਾਣੀ ਹੈ। ਬਾਕੀ ਦੇਖਦੇ ਹਾਂ ਕਿ ਮਾਮਲਾ ਕਿੰਨਾ ਕੁ ਤੇਜ਼ੀ ਨਾਲ ਚੱਲਦਾ ਹੈ।