ਹਵਾ ਪ੍ਰਦੂਸ਼ਣ ਨੂੰ ਲੈ ਕੇ, ਮੋਦੀ ਦੇ ਆੜੀ ਨੇ ਮੋਦੀ ਦੀ ਕੀਤੀ ਲਾਹ ਪਾਹ!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 24 2020 15:26
Reading time: 2 mins, 20 secs

ਕਹਿੰਦੇ ਹਨ ਕਿ ਪੰਜਾਬ ਤੇ ਹਰਿਆਣੇ ਦਾ ਧੂੰਆਂ ਹਰ ਸਾਲ ਦਿੱਲੀ ਚਲਾ ਜਾਂਦਾ ਹੈ, ਚੰਡੀਗੜ੍ਹ ਨੂੰ ਛੱਡ ਕੇ। ਪਰ ਕਿਸੇ ਨੇ ਵੀ ਹੁਣ ਤੱਕ ਇਹ ਨਹੀਂ ਕਿਹਾ ਕਿ ਦੇਸ਼ ਦਾ ਧੂੰਆਂ ਅਮਰੀਕਾ ਤੱਕ ਵੀ ਪੁੱਜ ਜਾਂਦਾ ਹੈ, ਉਹ ਵੀ ਬਗ਼ੈਰ ਵੀਜ਼ੇ ਤੋਂ। ਹਵਾ ਪ੍ਰਦੂਸ਼ਣ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯਾਰ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਹੁਤ ਜ਼ਿਆਦਾ ਫਿਰਕਮੰਦ ਹੈ। ਟਰੰਪ ਇਸ ਵੇਲੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਬਿਜਾਏ, ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ, ਚੀਨ ਅਤੇ ਰੂਸ ਨੂੰ ਕੋਸ ਰਿਹਾ।

ਟਰੰਪ ਦਾ ਦੋਸ਼ ਹੈ ਕਿ ਭਾਰਤ, ਚੀਨ ਅਤੇ ਰੂਸ ਵਿੱਚ ਹਵਾ ਦੀ ਗੁਣਵਤਾ ਬਹੁਤ ਖ਼ਰਾਬ ਹੈ। ਟਰੰਪ ਨੇ ਪੈਰਿਸ ਪੌਣ-ਪਾਣੀ ਸਮਝੌਤੇ ਨੂੰ ਅਨਿਆਂਪੂਰਣ ਕਰਾਰ ਦਿੱਤਾ ਅਤੇ ਇਸ ਤੋਂ ਅਮਰੀਕਾ ਦੇ ਹਟਣ ਦਾ ਬਚਾਅ ਕੀਤਾ। ਬਿਡੇਨ ਨਾਲ ਪ੍ਰਰੈਜ਼ੀਡੈਂਸ਼ੀਅਲ ਡਿਬੇਟ ਦੌਰਾਨ ਟਰੰਪ ਨੇ ਕਿਹਾ ਕਿ ਚੀਨ ਨੂੰ ਦੇਖੋ, ਉੱਥੋਂ ਦੀ ਹਵਾ ਕਿੰਨੀ ਦੂਸ਼ਿਤ ਹੈ। ਰੂਸ ਅਤੇ ਭਾਰਤ ਨੂੰ ਵੀ ਦੇਖੋ, ਉੱਥੋਂ ਦੀ ਹਵਾ ਵੀ ਕਿੰਨੀ ਪ੍ਰਦੂਸ਼ਿਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੌਣ-ਪਾਣੀ ਪਰਿਵਰਤਨ ਨੂੰ ਲੈ ਕੇ ਲੜਾਈ ਵਿੱਚ ਭਾਰਤ, ਰੂਸ ਅਤੇ ਚੀਨ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ।

ਛਪੀਆਂ ਖ਼ਬਰਾਂ ਦੇ ਮੁਤਾਬਿਕ ਮੋਦੀ ਦੇ ਆੜੀ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਕਾਰਬਨ ਦੀ ਸਭ ਤੋਂ ਘੱਟ ਨਿਕਾਸੀ ਹੈ। ਸਾਡੇ ਕੋਲ ਕਾਰਬਨ ਨਿਕਾਸੀ ਦੇ ਸਭ ਤੋਂ ਚੰਗੇ ਨੰਬਰ ਹਨ, ਜੋ ਅਸੀਂ 35 ਸਾਲਾਂ ਵਿੱਚ ਪ੍ਰਾਪਤ ਕੀਤੇ ਹਨ। ਅਸੀਂ ਉਦਯੋਗਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੇ ਹਾਂ। ਅਮਰੀਕੀ ਰਾਸ਼ਟਰਪਤੀ ਪੌਣ-ਪਾਣੀ ਪਰਿਵਰਤਨ ਦੇ ਮੁੱਦੇ 'ਤੇ ਭਾਰਤ, ਚੀਨ ਅਤੇ ਰੂਸ 'ਤੇ ਪਹਿਲੇ ਵੀ ਦੋਸ਼ ਲਗਾ ਚੁੱਕੇ ਹਨ। ਉਨ੍ਹਾਂ ਨੇ ਪੈਰਿਸ ਪੌਣਪਾਣੀ ਸਮਝੌਤੇ ਤੋਂ ਹਟਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਸਮਝੌਤੇ ਤੋਂ ਹਟਣ ਦਾ ਕਾਰਨ ਇਹ ਹੈ ਕਿ ਸਾਡੇ ਨਾਲ ਗ਼ਲਤ ਵਿਹਾਰ ਕੀਤਾ ਗਿਆ ਹੈ।

ਦੱਸਣਾ ਬਣਦਾ ਹੈ ਕਿ, ਇੱਕ ਪਾਸੇ ਤਾਂ ਟਰੰਪ ਦਾ ਮੁੰਡਾ ਇਹ ਕਹਿ ਰਿਹਾ ਹੈ ਕਿ ਮੋਦੀ ਉਸ ਦੇ ਪਿਓ ਡੋਨਾਲਡ ਟਰੰਪ ਦਾ ਪੱਕਾ ਆੜੀ ਹੈ, ਪਰ ਦੂਜੇ ਪਾਸੇ ਡੋਨਾਲਡ ਟਰੰਪ ਮੋਦੀ ਨੂੰ ਕੋਸ ਰਿਹਾ ਹੈ। ਕੀ ਸੱਚ ਮੁੱਚ ਭਾਰਤ ਦੇ ਅੰਦਰ ਏਨਾ ਪ੍ਰਦੂਸ਼ਨ ਹੈ ਕਿ ਡੋਨਾਲਡ ਟਰੰਪ ਨੂੰ ਵੀ ਇਸ 'ਤੇ ਬੋਲਣਾ ਪੈ ਰਿਹਾ ਹੈ? ਵੈਸੇ, ਅਮਰੀਕਾ ਦੀ ਸਥਿਤੀ ਇਸ ਵੇਲੇ ਆਪਣੀ ਹੀ ਬਹੁਤੀ ਖ਼ਰਾਬ ਹੋਈ ਪਈ ਹੈ। ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵੀ ਹਨ, ਉਸ ਤੋਂ ਪਹਿਲੋਂ ਟਰੰਪ ਦੇ ਅਜਿਹੇ ਬਿਆਨ ਆਉਣਾ, ਇਹ ਸੰਕੇਤ ਜ਼ਰੂਰ ਦਿੰਦੇ ਹਨ ਕਿ, ਉਸ ਨੂੰ ਦੇਸ਼ ਦੇ ਨਾਲ ਨਾਲ ਦੁਨੀਆ ਦੀ ਫਿਕਰ ਹੈ।

ਖ਼ਬਰਾਂ ਇਹ ਵੀ ਹਨ ਕਿ, ਪੈਰਿਸ ਸਮਝੌਤਾ 2015 ਵਿੱਚ ਕੀਤਾ ਗਿਆ ਸੀ। ਇਸ ਵਿੱਚ ਵਿਸ਼ਵ ਤਾਪਮਾਨ ਵਾਧੇ ਨੂੰ ਦੋ ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੀ ਗੱਲ ਹੈ। ਟਰੰਪ ਨੇ 2017 ਵਿੱਚ ਇਸ ਸਮਝੌਤੇ ਤੋਂ ਅਮਰੀਕਾ ਦੇ ਹਟਣ ਦਾ ਐਲਾਨ ਕੀਤਾ ਸੀ, ਪਰ ਹੁਣ ਤੱਕ ਇਹ ਉਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਮੋਦੀ ਦਾ ਯਾਰ ਟਰੰਪ ਵੋਟਾਂ ਬਟੋਰਨ ਦੇ ਲਈ ਦੂਜੇ ਦੇਸ਼ਾਂ 'ਤੇ ਦੋਸ਼ ਮੜ ਰਿਹਾ ਹੈ। ਇੱਥੇ ਦੇਖਣਯੋਗ ਗੱਲ ਇਹ ਵੀ ਹੈ ਕਿ ਭਾਰਤ ਨੂੰ ਟਰੰਪ ਵੱਲੋਂ ਕੋਸਿਆ ਗਿਆ ਹੈ, ਪਰ ਮੋਦੀ ਨੇ ਚੁੱਪੀ ਤਾਣੀ ਹੋਈ ਹੈ ਅਤੇ ਇਸ ਸ਼ਬਦ ਵੀ ਟਰੰਪ ਦੀ ਇਸ ਗੱਲ 'ਤੇ ਨਹੀਂ ਬੋਲਿਆ।