ਦੁਸਹਿਰੇ 'ਤੇ ਸੜਣਗੇ ਦੇਸ਼ ਦੇ ਦੁਸ਼ਮਣ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 24 2020 15:25
Reading time: 2 mins, 27 secs

ਭਲਕੇ 25 ਅਕਤੂਬਰ ਨੂੰ ਦੁਨੀਆ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਣਾ ਹੈ। ਹਿੰਦੂ ਧਰਮ ਦੇ ਨਾਲ ਸਬੰਧਤ ਲੋਕ ਕੱਲ੍ਹ ਨੂੰ ਮਹਾਤਮਾ ਰਾਵਣ ਜੀ ਦੇ ਪੁਤਲੇ ਸਾੜਣਗੇ, ਜੋ ਕਿ ਬਿਲਕੁਲ ਗ਼ਲਤ ਹੈ। ਜਦੋਂਕਿ ਇਨਕਲਾਬੀ ਜਥੇਬੰਦੀਆਂ ਨੇ ਭਲਕੇ ਦੁਸਹਿਰੇ ਮੌਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਅਤੇ ਅਡਾਨੀਆਂ, ਅੰਬਾਨੀਆਂ ਤੋਂ ਇਲਾਵਾ ਹੋਰ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।

ਦੱਸਣਾ ਬਣਦਾ ਹੈ ਕਿ ਨੌਜਵਾਨ ਭਾਰਤ ਸਭਾ ਮੋਦੀ, ਮੋਹਨ ਭਾਗਵਤ ਤੇ ਅੰਬਾਨੀ ਅੰਡਾਨੀ ਨੂੰ ਦੇਸ਼ ਦੇ ਦੁਸ਼ਮਣ ਕਹਿ ਕੇ ਪੁਕਾਰ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਆਰ ਐਸ ਐਸ ਦੇ ਵੱਲੋਂ ਹਰ ਸਾਲ ਹੀ 25 ਅਕਤੂਬਰ ਨੂੰ ਆਪਣਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਭਾਵੇਂ ਹੀ ਇਸ ਸਥਾਪਨਾ ਦਿਵਸ ਦੇ ਮੌਕੇ ਵੱਡੀ ਗਿਣਤੀ ਵਿੱਚ ਆਰਐਸਐਸ ਵਾਲੇ ਸ਼ਾਮਲ ਹੁੰਦੇ ਹਨ, ਪਰ ਲੱਗਦਾ ਹੈ ਕਿ ਇਸ ਵਰ੍ਹੇ ਆਰਐਸਐਸ ਵਾਲੇ ਆਪਣੀ ਸੰਸਥਾ ਦਾ ਸਥਾਪਨਾ ਦਿਵਸ ਮਨਾ ਹੀ ਨਹੀਂ ਪਾਉਣਗੇ।

ਕਿਉਂਕਿ ਇਸ ਵਾਰ, ਨੌਜਵਾਨ ਭਾਰਤ ਸਭਾ ਤੋਂ ਇਲਾਵਾ ਹੋਰ ਇਨਕਲਾਬੀ ਧੜੇ 25 ਅਕਤੂਬਰ ਨੂੰ ਆਰ ਐਸ ਐਸ ਦੇ ਸਥਾਪਨਾ ਦਿਵਸ ਮੌਕੇ ਵੱਡੇ ਇਕੱਠ ਕਰਕੇ, ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਪੰਜਾਬ ਭਰ ਵਿੱਚ ਪ੍ਰਧਾਨ ਮੰਤਰੀ ਮੋਦੀ, ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਅਤੇ ਅਡਾਨੀਆਂ, ਅੰਬਾਨੀਆਂ ਦੇ ਪੁਤਲੇ ਫੂਕੇ ਜਾਣਗੇ। 'ਨਿਊਜ਼ਨੰਬਰ' ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ, ਜਨਰਲ ਸਕੱਤਰ ਮੰਗਾ ਆਜਾਦ ਨੇ ਆਪਣੇ ਕੱਲ੍ਹ ਦੇ ਪਲਾਨ ਬਾਰੇ ਚਾਨਣਾ ਪਾਇਆ।

ਉਨ੍ਹਾਂ ਦੱਸਿਆ ਕਿ ਆਰ ਐਸ ਐਸ 25 ਅਕਤੂਬਰ ਨੂੰ ਹਰ ਸਾਲ ਆਪਣਾ ਸਥਾਪਨਾ ਦਿਵਸ ਮਨਾਉਂਦੀ ਹੈ। ਭਾਜਪਾ ਦੀ ਮਾਂ ਜਥੇਬੰਦੀ ਆਰ ਐਸ ਐਸ ਦੇਸ਼ ਦੀ ਸੰਪੰਤੀ, ਜਮੀਨਾਂ ਕਾਰਪੋਰੇਟ ਨੂੰ ਵੇਚਣ ਦੀ ਮੁੱਦਈ ਹੈ। ਬੀਜੇਪੀ ਇਸ ਦਾ ਸਿਆਸੀ ਵਿੰਗ ਹੈ। ਜਿਸ ਰਾਹੀਂ ਸੱਤਾ ਦਾ ਸਾਰਾ ਕੰਟਰੋਲ ਆਰ ਐਸ ਐਸ ਕੋਲ ਹੈ। ਆਰ ਐਸ ਐਸ ਖੁਦ ਨੂੰ ਰਾਸ਼ਟਰ ਨਿਰਮਾਤਾ, ਮੋਦੀ ਖੁਦ ਨੂੰ ਦੇਸ਼ ਦਾ ਚੌਕੀਦਾਰ ਕਹਾਉਂਦਾ ਹੈ। ਪਰ ਹੁਣ ਰਾਸ਼ਟਰ, ਦੇਸ਼ ਦੇ ਹਿੱਤ ਕਾਰਪੋਰੇਟ ਨੂੰ ਵੇਚਣ ਲੱਗੇ ਹੋਏ ਹਨ। ਇਸ ਕਰਕੇ ਇਸ ਵਾਰ ਦੁਸਹਿਰੇ 'ਤੇ ਦੇਸ਼ ਦੀ ਦੁਸ਼ਮਣ ਭਾਜਪਾ, ਮੋਦੀ ਤੇ ਕਾਰਪੋਰੇਟ ਦੇ ਪੁਤਲੇ ਫੂਕੇ ਜਾਣਗੇ।

ਖੇਤੀ ਵਿਰੋਧੀ 3 ਕਾਨੂੰਨ ਫਾਸ਼ੀਵਾਦੀ ਮੋਦੀ ਸਰਕਾਰ ਦਾ ਦੇਸ਼ ਦੀ ਕਿਰਤੀ ਜਮਾਤ 'ਤੇ ਵਿੱਢਿਆ ਆਰਥਿਕ ਹੱਲਾ ਹੈ। ਅੰਬਾਨੀ ਜਿੰਨਾਂ ਦੀ ਲਾਕਡਾਉਨ ਵਿੱਚ ਇੱਕ ਘੰਟੇ ਦੀ ਆਮਦਨ 90 ਕਰੋੜ ਰਹਿੰਦੀ ਹੈ, ਫਾਸ਼ੀਵਾਦੀ ਸਰਕਾਰ ਉਸ ਨੂੰ ਸਾਡੇ ਦੇਸ਼ ਦੇ ਸਾਰੇ ਆਰਥਿਕ ਵਸੀਲੇ ਸੰਭਾਲ ਕੇ ਕੁੱਲ ਲੋਕਾਈ ਨੂੰ ਕੰਗਾਲ ਕਰਨ ਦੇ ਏਜੰਡੇ ਅੱਗੇ ਤੋਰ ਰਹੀ ਹੈ। ਜਿਸ ਦਾ ਜਵਾਬ ਸਭ ਧਰਮਾਂ, ਜਾਤਾਂ ਦੇ ਲੋਕ ਜਬਰਦਸਤ ਏਕੇ ਨਾਲ ਦੇ ਰਹੇ ਹਨ। ਫਾਸ਼ੀ ਸਰਕਾਰ ਦਾ ਕਿਰਦਾਰ ਹੁੰਦਾ ਹੈ ਕਿ ਉਹ ਸਭ ਸੰਵਿਧਾਨਿਕ ਜਿੰਮੇਵਾਰੀਆਂ ਨੂੰ ਦਰਕਿਨਾਰ ਕਰਕੇ ਡੰਡੇ ਦੇ ਜ਼ੋਰ ਆਵਦੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੀ ਹੈ।

ਖੇਤੀ ਵਿਰੋਧੀ ਕਾਨੂੰਨ ਵੀ ਰਾਜ ਸਭਾ ਵਿੱਚ ਇਸੇ ਧੱਕੇ ਨਾਲ ਪਾਸ ਕਰਵਾਏ ਗਏ। ਲੋਕਾਂ ਦੇ ਵੱਡੀ ਪੱਧਰ ਦੇ ਵਿਰੋਧ ਦੇ ਬਾਵਜੂਦ, ਸੰਵਿਧਾਨਿਕ ਤੌਰ 'ਤੇ ਵੀ ਗਲਤ ਹੋਣ ਦੇ ਬਾਵਜੂਦ ਸਰਕਾਰ ਆਵਦੀ ਗੱਲ 'ਤੇ ਅੜੀ ਹੋਈ ਹੈ। ਇਹ ਸਰਕਾਰ ਦਾ ਫਾਸ਼ੀ ਕਿਰਦਾਰ ਹੈ। ਜਿਸ ਦੇ ਖਿਲਾਫ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਘੋਲ ਨੂੰ ਨੌਜਵਾਨ ਦੁਸਹਿਰੇ ਵਾਲੇ ਦਿਨ ਹੋਰ ਬਲ ਦੇਣਗੇ। ਦੱਸਣਾ ਬਣਦਾ ਹੈ ਕਿ ਭਲਕੇ ਆਰ ਐਸ ਐਸ ਦਾ ਸਥਾਪਨਾ ਦਿਵਸ ਵਿੱਚ ਹੀ ਧਰਿਆ ਧਰਾਇਆ ਰਹਿ ਜਾਣਾ ਹੈ, ਕਿਉਂਕਿ ਪੰਜਾਬ ਦੀ ਜਵਾਨੀ ਹੁਣ ਉੱਠ ਖੜ੍ਹੀ ਹੈ, ਫ਼ਾਸ਼ੀਵਾਦੀ ਹਾਕਮਾਂ ਦੇ ਵਿਰੁੱਧ।