ਰੇਲ ਪਟੜੀਆਂ 'ਤੇ ਹੁਣ ਨਹੀਂ ਲੰਘੇਗੀ ਅੰਬਾਨੀ ਤੇ ਅੰਡਾਨੀ ਦੀ ਗੱਡੀ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 24 2020 15:23
Reading time: 3 mins, 1 sec

ਲੋਕ ਮਾਰੂ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਇਸ ਵੇਲੇ ਭਾਰਤ ਭਰ ਦੇ ਲੋਕ ਸੜਕਾਂ ਤੋਂ ਇਲਾਵਾ ਰੇਲ ਪਟੜੀਆਂ 'ਤੇ ਬੈਠੇ ਹੋਏ ਹਨ। ਸਭ ਤੋਂ ਵੱਧ ਇਸ ਕਾਲੇ ਕਾਨੂੰਨ ਦੇ ਵਿਰੁੱਧ ਰੋਹ ਪੰਜਾਬ ਦੇ ਅੰਦਰ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਲੱਗਦਾ ਹੈ ਕਿ ਨਵਾਂ ਖੇਤੀ ਕਾਨੂੰਨ ਲਾਗੂ ਹੋਣ ਦੇ ਨਾਲ ਪੰਜਾਬ ਦਾ ਕਿਸਾਨ ਮਜ਼ਦੂਰ ਬਣ ਕੇ ਰਹਿ ਜਾਵੇਗਾ ਅਤੇ ਪੰਜਾਬ ਦੀ ਕਿਰਸਾਨੀ ਬਿਲਕੁਲ ਮਿੱਟੀ ਦੇ ਵਿੱਚ ਮਿਲ ਜਾਵੇਗੀ। ਇਸੇ ਕਰਕੇ ਪੰਜਾਬ ਦਾ ਕਿਸਾਨ ਮਜ਼ਦੂਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਲੋਕ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਹਨ।

ਰੇਲ ਪਟੜੀਆਂ ਅਤੇ ਸੜਕਾਂ ਕਿਸਾਨਾਂ ਦੇ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਜਾਮ ਕੀਤੀਆਂ ਹੋਈਆਂ ਹਨ ਅਤੇ ਪੰਜਾਬ ਦੇ ਅੰਦਰ ਰੇਲ ਗੱਡੀਆਂ ਦਾ ਮੁਕੰਮਲ ਚੱਕਾ ਜਾਮ ਹੋਣ ਦੇ ਕਾਰਨ ਪੰਜਾਬ ਦੇ ਅੰਦਰ ਬਿਜਲੀ ਸੰਕਟ ਵੀ ਛਾਉਣ ਵਾਲਾ ਹੋ ਗਿਆ ਹੈ। ਇਸੇ ਨੂੰ ਲੈ ਕੇ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਰੇਲ ਪਟੜੀਆਂ ਤੋਂ ਥੋੜਾ ਸਮਾਂ ਕਿਸਾਨ ਉੱਠ ਜਾਣ ਤਾਂ ਜੋ ਪੰਜਾਬ ਦੇ ਅੰਦਰ ਕੋਲਾ ਅਤੇ ਹੋਰ ਜ਼ਰੂਰੀ ਵਸਤਾਂ ਲਿਆਂਦੀਆਂ ਜਾ ਸਕਣ। ਪਹਿਲੋਂ ਤਾਂ ਪੰਜਾਬ ਦੇ ਕਿਸਾਨਾਂ ਨੇ ਕੈਪਟਨ ਨੂੰ ਕੋਰੀ ਨਾਂਹ ਕਰ ਦਿੱਤੀ ਸੀ।

ਫਿਰ ਜਾ ਕੇ ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ ਕੁੱਝ ਦਿਨ ਹੀ ਕਿਸਾਨ ਰੇਲ ਪਟੜੀਆਂ 'ਤੇ ਰੇਲ ਗੱਡੀਆਂ ਚੱਲਣ ਦੇਣਗੇ। ਕਿਸਾਨਾਂ ਦੇ ਫ਼ੈਸਲਾ ਦਾ ਸੂਬਾ ਸਰਕਾਰ ਨੇ ਵੀ ਸਵਾਗਤ ਕੀਤਾ। ਪਿਛਲੇ ਦੋ/ਤਿੰਨ ਦਿਨਾਂ ਤੋਂ ਪੰਜਾਬ ਦੇ ਅੰਦਰ ਰੇਲ ਪਟੜੀਆਂ 'ਤੇ ਰੇਲ ਗੱਡੀਆਂ ਦੌੜਣੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ ਕਿ ਸਿਰਫ਼ ਜ਼ਰੂਰੀ ਵਸਤਾਂ, ਕੋਲੇ ਅਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਦਾ ਲਾਂਘਾ ਬਹਾਲ ਕੀਤਾ ਜਾਵੇਗਾ। ਪਰ, ਕੇਂਦਰ ਵਿਚਲੀ ਮੋਦੀ ਸਰਕਾਰ ਦੇ ਨਾਲ ਗਿੱਟ ਮਿੱਟ ਕਰਕੇ ਚੱਲਣ ਵਾਲੀਆਂ ਅੰਬਾਨੀ ਤੇ ਅੰਡਾਨੀ ਦੀਆਂ ਰੇਲ ਗੱਡੀਆਂ ਵੀ ਰੇਲ ਪਟੜੀਆਂ ਤੋਂ ਹੁਣ ਗੁਜ਼ਰਣਗੀਆਂ ਸ਼ੁਰੂ ਹੋ ਗਈਆਂ ਹਨ।

ਇਨ੍ਹਾਂ ਅੰਬਾਨੀ ਤੇ ਅੰਡਾਨੀ ਦੀਆਂ ਗੱਡੀਆਂ ਨੂੰ ਲੰਘਣ ਤੋਂ ਕਿਸਾਨਾਂ ਨੇ ਫਿਰ ਤੋਂ ਰੋਕ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅੰਬਾਨੀ ਤੇ ਅੰਡਾਨੀ ਸਮੇਤ ਕਿਸੇ ਕਾਰਪੋਰੇਟ ਘਰਾਣੇ ਦੀ ਕੋਈ ਵੀ ਗੱਡੀ ਨੂੰ ਰੇਲ ਪਟੜੀ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ ਅਤੇ ਰਿਲਾਇੰਸ ਪੈਟਰੋਲ ਪੰਪਾਂ, ਟੋਲ ਪਲਾਜ਼ਿਆਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰ ਅੱਗੇ 5 ਨਵੰਬਰ ਤੱਕ ਧਰਨੇ ਜਾਰੀ ਰਹਿਣਗੇ। ਕਿਸਾਨਾਂ ਦੇ ਇਸ ਰੋਹ ਤੋਂ ਅੰਬਾਨੀ ਤੇ ਅੰਡਾਨੀ ਤਾਂ ਤੰਗ ਹਨ ਹੀ, ਨਾਲ ਹੀ ਮੋਦੀ ਵੀ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਇਆ ਪਿਆ ਹੈ।

ਲੰਘੇ ਕੱਲ੍ਹ ਦੀ ਜੇਕਰ ਗੱਲ ਕਰੀਏ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂਆਂ ਨੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਸਵਾਰੀਆਂ ਵਾਲੀ ਗੱਡੀ ਦੇ ਪਹੁੰਚਣ 'ਤੇ ਰੇਲ ਗੱਡੀ ਨੂੰ ਅੱਗੇ ਜਾਣ ਤੋਂ ਰੋਕਿਆ ਅਤੇ ਬੈਰਿੰਗ ਵਾਪਸ ਫ਼ਿਰੋਜ਼ਪੁਰ ਨੂੰ ਮੋੜ ਦਿੱਤਾ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਫ਼ੈਸਲੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵਲੋਂ ਪਿੰਡ ਦੇ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਧਰਨੇ ਨੂੰ 22 ਅਕਤੂਬਰ ਤੋਂ ਬਦਲ ਕੇ ਪਲੇਟਫ਼ਾਰਮ 'ਤੇ ਤਬਦੀਲ ਕਰ ਦਿੱਤਾ ਗਿਆ ਸੀ।

ਜਦਕਿ ਕੱਲ੍ਹ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਰੇਲਵੇ ਵਲੋਂ ਫ਼ਿਰੋਜ਼ਪੁਰ ਤੋਂ ਸਵਾਰੀਆਂ ਵਾਲੀ ਗੱਡੀ ਭੇਜੀ ਗਈ ਸੀ, ਜੋ ਫ਼ਰੀਦਕੋਟ-ਕੋਟਕਪੂਰਾ ਤੋਂ ਹੁੰਦੀ ਹੋਈ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨ ਤੋਂ ਪਿੱਛੇ ਹੀ ਰੋਕ ਦਿੱਤੀ ਗਈ ਅਤੇ ਬੀ. ਕੇ. ਯੂ. ਡਕੌਦਾ ਫ਼ਰੀਦਕੋਟ ਅਤੇ ਪ੍ਰਸ਼ਾਸਨ ਅਧਿਕਾਰੀਆਂ ਨਾਲ 3 ਘੰਟੇ ਲੰਮੀ ਚੱਲੀ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਵਲੋਂ ਰੇਲ ਗੱਡੀ ਨੂੰ ਵਾਪਸ ਬੈਰਿੰਗ ਫ਼ਿਰੋਜ਼ਪੁਰ ਵਲੋਂ ਭੇਜ ਦਿੱਤਾ ਗਿਆ।

ਜਾਣਕਾਰੀ ਮੁਤਾਬਿਕ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਦੌਰਾਨ ਸਿਰਫ਼ ਮਾਲ ਗੱਡੀਆਂ ਨੂੰ ਬਹਾਲ ਕਰਨ ਦੀ ਗੱਲ ਹੋਈ ਸੀ, ਪਰ ਕੇਂਦਰ ਸਰਕਾਰ ਵਲੋਂ ਧਰਨੇ ਫ਼ੇਲ੍ਹ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸਿਰਫ਼ ਜ਼ਰੂਰੀ ਵਸਤਾਂ, ਕੋਲੇ ਅਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਦਾ ਲਾਂਘਾ ਬਹਾਲ ਕੀਤਾ ਗਿਆ ਹੈ। ਅੰਬਾਨੀ ਤੇ ਅੰਡਾਨੀ ਦੀ ਕਿਸੇ ਵੀ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ ਅਤੇ ਰਿਲਾਇੰਸ ਪੈਟਰੋਲ ਪੰਪਾਂ, ਟੋਲ ਪਲਾਜ਼ਿਆਂ ਅਤੇ ਭਾਜਪਾ ਦੇ ਆਗੂਆਂ ਦੇ ਘਰ ਅੱਗੇ ਧਰਨੇ ਜਾਰੀ ਰਹਿਣਗੇ।