ਨੀਟੂ ਸ਼ਟਰਾਂ ਵਾਲਾ ਲਗਾਏਗਾ ਅਕਾਲੀਆਂ ਨੂੰ ਟਾਂਕਾਂ? (ਵਿਅੰਗ)

Last Updated: Oct 23 2020 16:41
Reading time: 2 mins, 10 secs

ਪਿਛਲੇ ਮਹੀਨੇ ਅਕਾਲੀ ਦਲ ਬਾਦਲ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਆਪਣਾ 23 ਸਾਲ ਪੁਰਾਣਾ ਰਿਸ਼ਤਾ ਇਸੇ ਦੁਖੋਂ ਤੋੜ ਲਿਆ, ਕਿਉਂਕਿ ਭਾਜਪਾ ਨੇ ਕਿਸਾਨਾਂ ਵਿਰੋਧੀ ਖੇਤੀ ਆਰਡੀਨੈਂਸ 'ਤੇ ਅਕਾਲੀ ਦਲ ਦੀ ਗੱਲ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਅਕਾਲੀ ਭਾਵੇਂ ਹੀ ਆਪਣੇ ਆਪ ਨੂੰ ਸੱਚੇ ਮੰਨਦੇ ਹਨ, ਪਰ ਜਨਤਾ ਸਭ ਜਾਣਦੀ ਹੈ, ਕਿ ਕੌਣ ਝੂਠਾਂ ਹੈ ਅਤੇ ਕੌਣ ਸੱਚਾ। ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਨਾਤਾ ਤੋੜਣ ਤੋਂ ਮਗਰੋਂ ਹੁਣ ਕੁੱਝ ਅਜਿਹੇ ਸਿਆਸੀ ਧੜੇ ਲੱਭੇ ਜਾ ਰਹੇ ਹਨ, ਜੋ ਅਕਾਲੀ ਦਲ ਦੀ ਸਰਕਾਰ 2020 ਵਿੱਚ ਬਣਾ ਸਕਦੇ ਹੋਣ।

ਸ਼ੋਸ਼ਲ ਮੀਡੀਆ 'ਤੇ ਹੁਣ ਕੁੱਝ ਅਜਿਹੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਹਾਸਾ ਵੀ ਆ ਰਿਹਾ ਹੈ ਅਤੇ ਦੁਖ ਵੀ ਹੋ ਰਿਹਾ ਹੈ ਕਿ 1920 ਵਿੱਚ ਬਣੀ ਅਕਾਲੀ ਦਲ ਪਾਰਟੀ ਨਾਲ ਇਹ ਕਿਹੋ ਜਿਹਾ ਮਜ਼ਾਕ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ, ਇਸ ਵਕਤ ਸੋਸ਼ਲ ਮੀਡੀਆ 'ਤੇ ਪੋਸਟਾਂ ਵਾਇਰਲ ਹੋ ਰਹੀਆਂ ਹਨ ਕਿ ਅਕਾਲੀ ਦਲ ਬਾਦਲ ਹੁਣ ਨੀਟੂ ਸ਼ਟਰਾਂ ਵਾਲੇ ਨਾਲ ਟਾਂਕਾਂ ਫਿੱਟ ਕਰਨ ਨੂੰ ਫਿਰਦੇ ਹਨ। ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਟਰਾਂ ਵਾਲਾ ਹੀ ਅਕਾਲੀ ਦਲ ਨੂੰ ਅਸਲੀ ਟਾਂਕਾਂ ਲਗਾ ਸਕਦਾ ਹੈ।

ਵਾਇਰਲ ਖ਼ਬਰਾਂ ਮੁਤਾਬਿਕ ਲੁਧਿਆਣਾ ਵਾਸੀ ਨੀਟੂ ਸ਼ਟਰਾਂ ਵਾਲੇ, ਜਿਸ ਨੇ ਐਮ ਪੀ ਉਮੀਦਵਾਰ ਵਜੋਂ ਲੁਧਿਆਣਾ ਤੋਂ ਚੋਣ ਲੜੀ ਸੀ, ਉਸ ਦੇ ਨਾਲ ਅਕਾਲੀ ਦਲ ਗਠਜੋੜ ਕਰਨ ਨੂੰ ਫਿਰਦਾ ਹੈ। ਅਕਾਲੀ ਦਲ ਵਾਲੇ ਇਹ ਗੱਲ ਮੰਨਣ ਨੂੰ ਤਿਆਰ ਨਹੀ। ਬਾਦਲਾਂ ਦਾ ਨੀਟੂ ਸ਼ਟਰਾਂ ਵਾਲੇ ਨਾਲ ਗੱਠਜੋੜ ਦੀਆਂ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਪੋਸਟਾਂ ਦੇ ਨਾਲ ਅਸੀਂ ਵੀ ਸਹਿਮਤ ਨਹੀਂ ਹਾਂ, ਕਿਉਕਿ ਬਹੁਤ ਕੁੱਝ ਝੂਠ ਸੱਚ ਫ਼ੈਲ ਰਿਹਾ ਹੈ। ਖ਼ੈਰ, ਹਾਸੇ ਮਜਾਕ ਵਾਲੇ ਆ ਰਹੇ ਕੁਮੈਂਟਾਂ ਤੋਂ ਅਕਾਲੀ ਬਹੁਤ ਜਿਆਦਾ ਤੰਗ ਹੋ ਚੁੱਕੇ ਹਨ।

ਸੋਸ਼ਲ ਮੀਡੀਆ 'ਤੇ ਅਕਾਲੀ ਵੀ ਦਾਅਵਾ ਕਰ ਰਹੇ ਹਨ ਕਿ ਨੀਟੂ ਸ਼ਟਰਾਂ ਵਾਲੇ ਨਾਲ ਕੋਈ ਹਾਲੇ ਗੱਲ ਨਹੀਂ ਕੀਤੀ, ਐਵੇਂ ਲੋਕ ਅਫ਼ਵਾਹਾਂ ਉਡਾ ਰਹੇ ਹਨ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਖੇਤਰੀ ਪਾਰਟੀਆਂ 'ਚ ਪਹੁੰਚ ਲਈ ਤਿੰਨ ਮੈਂਬਰੀ ਕਮੇਟੀ ਵੀ ਤਿਆਰ ਕੀਤੀ ਹੈ। ਇਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੇ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਹਨ।

ਇੰਨਾ ਹੀ ਨਹੀਂ, ਕਮੇਟੀ ਨੇ ਸੀਨੀਅਰ ਆਗੂਆਂ ਜਿਵੇਂ ਐਨਸੀਪੀ ਦੇ ਸ਼ਰਦ ਪਵਾਰ, ਬੀਜੇਡੀ ਦੇ ਭਰਥੁਰੀ ਮਹਿਤਾਬ, ਡੀਐਮਕੇ ਦੇ ਤਿਰੂਚੀ ਸਿਵਾ, ਸ਼ਿਵ ਸੈਨਾ ਦੇ ਸੰਜੇ ਰਾਉਤ ਤੇ ਟੀਡੀਪੀ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੀ ਹੋਰ ਖੇਤਰੀ ਪਾਰਟੀਆਂ ਜਿਵੇਂ ਬਸਪਾ, ਟੀਐਮਸੀ, ਟੀਆਰਐਸ ਤੇ ਖੱਬੇ ਪੱਖੀਆਂ 'ਤੇ ਵੀ ਨਜ਼ਰ ਹੈ। ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਬੇਸ਼ੱਕ ਬਸਪਾ ਤੇ ਖੱਬੇਪੱਖੀ ਗਠਜੋੜ ਬਾਰੇ ਵਿਚਾਰ ਕਰੇਗੀ। ਦੋਵਾਂ ਪਾਰਟੀਆਂ ਦਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਚੰਗਾ ਪ੍ਰਭਾਵ ਹੈ। ਦੂਜੇ ਪਾਸੇ, ਆਚੋਲਕ ਅਤੇ ਬੁੱਧੀਜੀਵੀ ਕਹਿ ਰਹੇ ਹਨ ਕਿ, ਉਹ ਦੋਗਲੇ ਹੀ ਖੱਬੇਪੱਖੀ ਹੋਣਗੇ, ਜਿਹੜੇ ਬਾਦਲਾਂ ਨਾਲ ਗਠਜੋੜ ਕਰਕੇ, ਚੋਣਾਂ ਲੜਣਗੇ। ਅਜਿਹੇ ਖੱਬੇਪੱਖੀਆਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ।