ਕਾਲੇ ਕਾਨੂੰਨਾਂ ਤੋਂ ਬਾਅਦ ਕਿਸਾਨਾਂ 'ਤੇ ਪਈ ਦੋਹਰੀ ਮਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 23 2020 16:38
Reading time: 2 mins, 4 secs

ਇੱਕ ਪਾਸੇ ਤਾਂ ਕਿਸਾਨਾਂ ਦੇ ਸੰਘਰਸ਼ ਨੂੰ ਕੇਂਦਰੀ ਹਾਕਮਾਂ ਦੇ ਵੱਲੋਂ ਲਗਾਤਾਰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਕੁੱਝ ਕੁ ਉਨ੍ਹਾਂ ਦੀਆਂ ਆਪਣੀਆਂ ਧਿਰਾਂ ਹੀ ਲਗਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ। ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨ ਮਾਰੂ ਕਾਲੇ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਦੇ ਅੰਦਰ ਪ੍ਰਦਰਸ਼ਨ ਜਾਰੀ ਹਨ, ਪਰ ਹਾਕਮ ਜਮਾਤ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨਾਂ ਦੇ ਚੱਲਦੇ ਸੰਘਰਸ਼ ਦੇ ਵਿੱਚ ਹੀ ਕਿਸਾਨਾਂ ਦੀ ਲੁੱਟ ਇਸ ਵੇਲੇ ਜਾਰੀ ਹੈ।

ਦੱਸਣਾ ਬਣਦਾ ਹੈ ਕਿ ਇੱਕ ਪਾਸੇ ਤਾਂ ਹਾਕਮ ਜਮਾਤ ਨੇ ਕਿਸਾਨ ਮਾਰੂ ਖੇਤੀ ਕਾਨੂੰਨ ਲਿਆ ਕੇ, ਕਿਸਾਨਾਂ ਨੂੰ ਪਹਿਲੋਂ ਹੀ ਮਾਰਨ ਦਾ ਕੰਮ ਕੀਤਾ ਹੈ, ਉਪਰੋਂ ਹੁਣ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫ਼ਸਲ ਲਿਜਾ ਰਹੇ ਹਨ ਤਾਂ, ਕਿਸਾਨਾਂ ਦੀਆਂ ਫ਼ਸਲ 'ਤੇ ਵੱਖ ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ, ਕਾਟ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਦੀ ਦੋਹਰੀ ਲੁੱਟ ਹੋ ਰਹੀ ਹੈ। ਇਹ ਖ਼ੁਲਾਸਾ ਕੱਲ੍ਹ ਜਲਾਲਾਬਾਦ ਵਿੱਚ ਹੋਇਆ, ਜਦੋਂ ਕੁੱਝ ਸ਼ੈਲਰ ਮਾਲਕਾਂ ਵਲੋਂ ਕਿਸਾਨ ਦੇ ਤੁਲੇ ਹੋਏ ਝੋਨੇ 'ਤੇ ਹੀ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਭਾਅ ਵਿੱਚ ਕਾਟ ਲਗਾ ਦਿੱਤੀ।

ਸਰਕਾਰਾਂ ਦੇ ਮਿਹਰ ਸਦਕਾ ਚੱਲਣ ਵਾਲੇ ਸ਼ੈਲਰ ਮਾਲਕ ਲਗਾਤਾਰ ਕਿਸਾਨਾਂ ਦੀ ਲੁੱਟ ਕਰਦੇ ਆਏ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਵਪਾਰੀਆਂ ਨੂੰ ਹਮੇਸ਼ਾ ਹੀ ਇਹੀ ਹੁੰਦਾ ਹੈ ਕਿ ਉਹ ਵੱਧ ਤੋਂ ਵੱਧ ਕਿਸਾਨਾਂ ਦੀ ਲੁੱਟ ਕਰਕੇ, ਆਪਣੇ ਬੋਝੇ ਭਰ ਲੈਣ, ਪਰ ਕਿਸਾਨ ਹੁਣ ਸਿਆਣੇ ਹੁੰਦੇ ਜਾ ਰਹੇ ਹਨ। ਜਲਾਲਾਬਾਦ ਵਿਖੇ ਕਿਸਾਨਾਂ ਦੀ ਲੁੱਟ ਨੂੰ ਬਰਦਾਸ਼ਤ ਨਾ ਕਰਦਿਆਂ ਹੋਇਆ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਜਿੱਥੇ ਸ਼ੈਲਰ ਮਾਲਕਾਂ ਦੇ ਵਿਰੁੱਧ ਧਰਨਾ ਦਿੱਤਾ, ਉੱਥੇ ਹੀ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਵੀ ਦੱਬ ਕੇ ਕੋਸਿਆ।

ਕਿਸਾਨਾਂ ਨੇ ਫ਼ਾਜ਼ਿਲਕਾ-ਫ਼ਿਰੋਜ਼ਪੁਰ ਸੜਕ 'ਤੇ ਸਥਿਤ ਅੰਬਾਨੀ ਦੇ ਰਿਲਾਇੰਸ ਪੰਪ ਦੇ ਸਾਹਮਣੇ ਧਰਨਾ ਲਗਾ ਕੇ ਪ੍ਰਦਰਸ਼ਨ ਕਰਦਿਆਂ ਹੋਇਆ ਮੰਗ ਕੀਤੀ ਕਿ ਕਿਸਾਨਾਂ ਦੀ ਲੁੱਟ ਕਰਨ ਵਾਲੇ ਸ਼ੈਲਰ ਮਾਲਕਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਹਿੰਦੇ ਹਨ ਕਿ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ, ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਸਵਾਸ਼ ਦੁਆਇਆ ਕਿ ਕਿਸਾਨਾਂ ਨਾਲ ਲੁੱਟ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕਿਸਾਨ ਆਗੂਆਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਖ਼ਰੀਦੇ ਜਾ ਚੁੱਕੇ ਝੋਨੇ ਵਿੱਚ ਆੜ੍ਹਤੀਆਂ ਵਲੋਂ ਸ਼ੈਲਰ ਮਾਲਕਾਂ ਨਾਲ ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਭਾਅ ਵਿੱਚ ਕਾਟ ਲਗਾਈ ਜਾ ਰਹੀ ਹੈ, ਜਿਸ ਸਬੰਧੀ ਪਤਾ ਲੱਗਣ 'ਤੇ ਕਈ ਵਾਰ ਸਕੱਤਰ ਮੰਡੀ ਬੋਰਡ ਨੂੰ ਸੂਚਿਤ ਕੀਤਾ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਕਿਸਾਨਾਂ ਦੀ ਲੁੱਟ ਜਾਰੀ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੂੰ ਸ਼ੈਲਰ ਮਾਲਕ ਅਤੇ ਆੜ੍ਹਤੀਏ ਇਸੇ ਤਰ੍ਹਾਂ ਲੁੱਟਦੇ ਰਹੇ ਤਾਂ, ਕਿਸਾਨ ਆਪਣਾ ਸੰਘਰਸ਼ ਤੇਜ਼ ਕਰ ਦੇਣਗੇ।