ਬੇਰੁਜ਼ਗਾਰਾਂ ਦਾ ਵਧਿਆ ਮੋਦੀ ਤੇ ਕੈਪਟਨ ਵਿਰੁੱਧ ਗ਼ੁੱਸਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 23 2020 14:50
Reading time: 1 min, 57 secs

ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਪ੍ਰਤੀ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਦੇਸ਼ ਦੇ ਵਿੱਚੋਂ ਬੇਰੁਜ਼ਗਾਰੀ ਖ਼ਤਮ ਕੀਤੀ ਜਾਵੇਗੀ। ਇਹ ਕਹਿਣਾ ਉਸ ਭੱਦਰ ਪੁਰਸ਼ ਦਾ ਸੀ, ਜੋ ਕਿ 2014 ਤੋਂ ਦੇਸ਼ ਦੀ ਸੱਤਾ 'ਤੇ ਬਿਰਾਜਮਾਨ ਹੋਇਆ ਬੈਠਾ ਹੈ, ਜੀ ਹਾਂ, ਨਰਿੰਦਰ ਮੋਦੀ। ਪਰ ਮੋਦੀ ਹੁਣ ਤੱਕ ਕਰੀਬ 7 ਸਾਲਾਂ ਵਿੱਚ ਵੀ 2 ਕਰੋੜ ਨੌਕਰੀਆਂ ਪ੍ਰਦਾਨ ਨੌਜਵਾਨਾਂ ਨੂੰ ਨਹੀਂ ਕਰ ਸਕਿਆ। ਇਸੇ ਤਰ੍ਹਾਂ ਹੀ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਸੀ।

ਪਰ, ਹੁਣ ਤੱਕ ਕੈਪਟਨ ਵੀ ਆਪਣਾ ਵਾਅਦਾ ਨਹੀਂ ਪੁਗਾ ਸਕਿਆ। ਪੰਜਾਬ ਦੇ ਬੇਰੁਜ਼ਗਾਰ ਇਸ ਵੇਲੇ ਵੱਡੀ ਗਿਣਤੀ ਵਿੱਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਸੰਘਰਸ਼ ਦਾ ਰੁਖ ਅਪਣਾ ਰਹੇ ਹਨ। ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਵੇਖਦੇ ਹੋਏ ਲਗਾਤਾਰ ਸਰਕਾਰਾਂ ਦੇ ਵੱਲੋਂ ਆਪਣੇ ਫ਼ੈਸਲਿਆਂ ਨੂੰ ਪਲਟਿਆ ਵੀ ਜਾ ਰਿਹਾ ਹੈ। ਪਰ ਇਸ ਵਕਤ ਬੇਰੁਜ਼ਗਾਰਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ। ਸਰਕਾਰਾਂ ਦੇ ਵੱਲੋਂ ਲਗਾਤਾਰ ਬੇਰੁਜ਼ਗਾਰਾਂ ਨੂੰ ਲਾਰੇ ਲਗਾਏ ਜਾ ਰਹੇ ਹਨ, ਲਾਰਿਆਂ ਤੋਂ ਇਲਾਵਾ ਕੁੱਝ ਵੀ ਨਹੀਂ ਉਨ੍ਹਾਂ ਨੂੰ ਦਿੱਤਾ ਜਾ ਰਿਹਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਹੁਣ ਬੇਰੁਜ਼ਗਾਰਾਂ ਦੇ ਵੱਲੋਂ ਦੁਖੀ ਹੋ ਕੇ ਫੂਕਣ ਦਾ ਐਲਾਨ ਕਰ ਦਿੱਤਾ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਆਲ ਪੰਜਾਬ ਬੇਰੁਜ਼ਗਾਰ ਡੀਪੀਈ. (873) ਅਧਿਆਪਕ ਯੂਨੀਅਨ ਦੀ ਸਾਂਝੀ ਮੀਟਿੰਗ ਲੰਘੇ ਕੱਲ੍ਹ ਪਟਿਆਲੇ ਹੋਈ। ਮੀਟਿੰਗ ਵਿੱਚ ਬੇਰੁਜ਼ਗਾਰਾਂ ਨੇ ਫ਼ੈਸਲਾ ਕੀਤਾ ਗਿਆ ਕਿ ਆਉਂਦੀ 25 ਅਕਤੂਬਰ ਨੂੰ ਮੋਤੀ-ਮਹਿਲ ਸਾਹਮਣੇ ਸਾਂਝਾ-ਮੁਜ਼ਾਹਰਾ ਕਰਦਿਆਂ ਕੈਪਟਨ ਅਤ ਮੋਦੀ ਦੇ ਪੁਤਲੇ ਫ਼ੂਕੇ ਜਾਣਗੇ।

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਆਲ ਪੰਜਾਬ ਬੇਰੁਜ਼ਗਾਰ ਡੀਪੀਈ. (873) ਅਧਿਆਪਕ ਯੂਨੀਅਨ ਦੇ ਆਗੂਆਂ ਮੁਤਾਬਿਕ, ਉਨ੍ਹਾਂ ਦੀ ਮੰਗ ਹੈ ਕਿ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ ਮੰਗ ਕੀਤੀ ਕਿ 873 ਅਸਾਮੀਆਂ 'ਚ ਉਮਰ ਹੱਦ ਵਿੱਚ ਛੋਟ ਦੇ ਕੇ 1000 ਪੋਸਟਾਂ ਦਾ ਵਾਧਾ ਕੀਤਾ ਜਾਵੇ। ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ।

ਜਦੋਂਕਿ ਇਨ੍ਹਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆ 'ਚ ਵਾਧਾ ਕਰਨ ਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਹਾਕਮ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਆਲ ਪੰਜਾਬ ਬੇਰੁਜ਼ਗਾਰ ਡੀਪੀਈ. (873) ਅਧਿਆਪਕ ਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਪ੍ਰਵਾਨ ਕਰਨਗੇ, ਜਾਂ ਫਿਰ ਹਾਕਮ ਆਪਣੇ ਪੁਤਲੇ ਸੜਵਾਉਂਦੇ ਹੀ ਰਹਿਣਗੇ।