ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਦੀ ਡੂੰਘੀ ਸਾਜਿਸ਼, ਦੌਰ ਫਿਰ ਬੇਅਦਬੀ ਘਟਨਾਵਾਂ ਦਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 18 2020 14:40
Reading time: 2 mins, 34 secs

ਸਾਲ 2015 ਵਿੱਚ ਪੰਜਾਬ 'ਤੇ ਬਾਦਲ ਦਲ ਦਾ ਰਾਜ ਸੀ ਅਤੇ ਕੇਂਦਰ ਦੀ ਸੱਤਾ ਵਿੱਚ ਬਾਦਲਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਸਾਲ 2015 ਦੇ ਵਿੱਚ ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀ ਘਟਨਾ ਵਾਪਰੀ। ਇਹ ਇੱਕ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਭਾਰਤ ਦੇਸ਼ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਅਤੇ ਹੋਰਨਾਂ ਤਬਕਿਆਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਫ਼ਾਂਸੀ ਦੇ ਤਖ਼ਤੇ 'ਤੇ ਲਟਕਾਉਣ ਦੀ ਮੰਗ ਵੀ ਰੱਖੀ ਸੀ।

ਇਨਸਾਫ਼ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਵਿੱਚ ਸਿੱਖ ਸੰਗਤਾਂ ਨੇ ਪੱਕਾ ਮੋਰਚਾ ਵੀ ਲਗਾਇਆ ਸੀ। ਦੱਸਦੇ ਚੱਲੀਏ ਕਿ 5 ਸਾਲ ਬੇਅਦਬੀ ਕਾਂਡ ਵਾਪਰੇ ਨੂੰ ਹੋ ਚੁੱਕੇ ਹਨ, ਪਰ ਹੁਣ ਤੱਕ ਕਿਸੇ ਵੀ ਦੋਸ਼ੀ ਨੂੰ ਹੁਣ ਤੱਕ ਸਜ਼ਾ ਨਹੀਂ ਸੁਣਾਈ ਗਈ। ਵੱਡੀ ਗੱਲ ਇਹ ਹੈ ਕਿ ਹਾਲੇ ਤਾਂ ਜਾਂਚ ਏਜੰਸੀਆਂ ਹੀ ਮਾਮਲੇ ਨੂੰ ਉਲਝਾਈ ਜਾ ਰਹੀਆਂ ਹਨ ਅਤੇ ਮੀਡੀਆ ਉਨ੍ਹਾਂ ਦੀ ਕਾਰਵਾਈ ਨੂੰ, ਉਨ੍ਹਾਂ ਦੇ ਮੁਤਾਬਿਕ ਹੀ ਵਿਖਾਉਣ ਦੇ ਵਿੱਚ ਰੁੱਝਿਆ ਹੋਇਆ ਹੈ। ਸਿੱਖ ਸੰਗਤਾਂ ਨੇ ਦੋਸ਼ੀਆਂ ਦੇ ਨਾਂਅ ਵੀ ਦੱਸ ਦਿੱਤੇ ਹਨ, ਪਰ ਕਾਰਵਾਈ ਕਦੋਂ ਹੋਵੇਗੀ ਕੋਈ ਪਤਾ ਨਹੀਂ?

ਦੱਸ ਦਈਏ ਕਿ, 2015 ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ, ਉਸੇ ਦੌਰਾਨ ਹੀ ਕਿਸਾਨ, ਮਜ਼ਦੂਰ ਅਤੇ ਨੌਜਵਾਨ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਅੰਦਰ ਰੇਲ ਪੱਟੜੀਆਂ 'ਤੇ ਬੈਠਾ ਹੋਇਆ ਸੀ। ਕਿਸਾਨਾਂ ਮਜ਼ਦੂਰਾਂ ਦੀ ਮੰਗ ਉਸ ਵੇਲੇ ਸੀ ਕਿ ਉਨ੍ਹਾਂ ਦਾ ਫ਼ਸਲੀ ਬਕਾਇਆ ਜਲਦ ਦਿੱਤਾ ਜਾਵੇ ਅਤੇ ਫ਼ਸਲਾਂ ਦੇ ਭਾਅ ਚੰਗੇ ਦਿੱਤੇ ਜਾਣ। ਕਿਸਾਨੀ ਸੰਘਰਸ਼ੀ ਨੂੰ ਢਾਹ ਲਗਾਉਣ ਦੇ ਲਈ ਉਸ ਵੇਲੇ ਦੇ ਹਾਕਮਾਂ ਵੱਲੋਂ ਇੱਕ ਅਜਿਹੀ ਡੂੰਘੀ ਸਾਜ਼ਿਸ਼ ਰਚੀ, ਜਿਸ ਨੇ ਸਮੂਹ ਸਿੱਖ ਹਿਰਦੇ ਵਲੂਧਰ ਕੇ ਰੱਖ ਦਿੱਤੇ।

ਸਿੱਖ ਸੰਗਤਾਂ ਨੇ ਬਾਦਲਾਂ 'ਤੇ ਦੋਸ਼ ਲਗਾਇਆ ਕਿ, ਉਨ੍ਹਾਂ ਨੇ ਡੇਰਾ ਪ੍ਰੇਮੀਆਂ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ। ਬਾਦਲਾਂ ਦਾ ਉਸ ਵੇਲੇ ਵਿਰੋਧ ਹੋਣ ਲੱਗਿਆ ਅਤੇ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਬਾਦਲਾਂ ਨੂੰ ਮੂੰਹ ਨਹੀਂ ਲਗਾਉਂਦੇ। ਉਸ ਵੇਲੇ ਬਾਦਲਾਂ ਦੀ ਸਰਕਾਰ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਹੁਣ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਦੇ ਅੰਦਰ ਕਾਂਗਰਸ ਸਰਕਾਰ ਹੈ, ਜਦੋਂ ਬਾਦਲਾਂ ਦੇ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ।

ਲੰਘੇ ਦਿਨੀਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਦੋ ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ। ਪਿਛਲੇ ਸ਼ੁੱਕਰਵਾਰ ਨੂੰ ਬੇਅਦਬੀ ਕਰਨ ਵਾਲੇ ਸਹਿਜਵੀਰ ਸਿੰਘ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਈ। ਕਹਿੰਦੇ ਨੇ ਕਿ, ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਅਤੇ ਮਾਨਯੋਗ ਅਦਾਲਤ ਨੇ 7 ਦਿਨ ਦਾ ਰਿਮਾਂਡ ਦੇ ਕੇ ਪੁਲਿਸ ਨੂੰ ਤੋਰ ਦਿੱਤਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਮੁਲਜ਼ਮ ਖ਼ਿਲਾਫ਼ ਹਰ ਤਰ੍ਹਾਂ ਦੇ ਕੇਸ ਲੜਨ ਦਾ ਖ਼ਰਚਾ ਸ਼੍ਰੋਮਣੀ ਕਮੇਟੀ ਚੁੱਕੇਗੀ।

ਖ਼ੈਰ, ਇਹ ਸ਼੍ਰੋਮਣੀ ਕਮੇਟੀ ਮੈਂਬਰ ਜੋ ਹੁਣ ਤਿੜਾਂ ਮਾਰ ਰਹੇ ਹਨ, ਉਦੋਂ ਕਿੱਥੇ ਸਨ, ਜਦੋਂ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਪਤਾ ਲੱਗਣ 'ਤੇ ਵੀ ਇਹ ਇਨਸਾਫ਼ ਖ਼ਾਤਰ ਅੰਦੋਲਨ ਵਿੱਚ ਸ਼ਾਮਲ ਨਹੀਂ ਸੀ ਹੋਏ। ਹੁਣ ਵੀ ਪੰਜਾਬ ਦੇ ਅੰਦਰ ਕਿਸਾਨੀ ਮੰਗਾਂ ਨੂੰ ਲੈ ਕੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਰੇਲ ਪੱਟੜੀਆਂ 'ਤੇ ਬੈਠੇ ਹੋਏ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਤਿੱਖੇ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਦੇ ਲਈ ਹਾਕਮ ਧਿਰ ਵੱਲੋਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਜਾ ਰਹੀਆਂ ਹਨ।