ਜਿੰਨਾ ਹਿੰਮਤ ਨਾ ਹਾਰੀ, ਉਨ੍ਹਾਂ ਨੂੰ ਹਾਕਮ ਮਾਰ ਗਏ? ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 18 2020 14:37
Reading time: 2 mins, 17 secs

ਸਮੇਂ ਸਮੇਂ 'ਤੇ ਪੰਜਾਬ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਰਿਹਾ ਹੈ, ਪਰ ਪੰਜਾਬੀਆਂ ਨੇ ਹਰ ਮੁਸੀਬਤ ਦਾ ਡੱਟ ਕੇ ਮੁਕਾਬਕਾ ਕੀਤਾ ਹੈ। ਪੰਜਾਬੀਆਂ ਨੇ ਹਮੇਸ਼ਾ ਜਿੱਥੇ ਅੱਤਵਾਦ ਦਾ ਵਿਰੋਧ ਕੀਤਾ, ਉੱਥੇ ਹੀ ਹਿੰਮਤ ਅਤੇ ਦਲੇਰੀ ਦੇ ਨਾਲ ਅੰਗਰੇਜ਼ਾਂ ਨੂੰ ਵੀ ਦੇਸ਼ ਦੇ ਵਿੱਚੋਂ ਬਾਹਰ ਕੱਢਣ ਵਿੱਚ ਆਪਣਾ ਯੋਗਦਾਨ ਪਾਇਆ ਸੀ। ਅੱਜ ਪੰਜਾਬ ਦੀ ਜਵਾਨੀ ਜਿੱਥੇ ਨਸ਼ਿਆਂ ਨੇ ਖਾ ਲਈ ਹੈ, ਉੱਥੇ ਹੀ ਕਿਸਾਨੀ ਨੂੰ ਕਰਜ਼ਿਆਂ ਨੇ ਦੱਬ ਲਿਆ ਹੈ। ਕਿਸਾਨੀ ਅਤੇ ਜਵਾਨੀ ਨੂੰ ਇਸ ਵਕਤ ਹਾਕਮ ਖ਼ਤਮ ਕਰਨ 'ਤੇ ਲੱਗੇ ਹੋਏ ਹਨ।

ਖ਼ੈਰ, ਜਿੰਨਾਂ ਵੀ ਨੌਜਵਾਨਾਂ, ਕਿਸਾਨਾਂ, ਕ੍ਰਾਂਤੀਕਾਰੀਆਂ ਅਤੇ ਇਨਕਲਾਬੀਆਂ ਨੇ ਅੱਤਵਾਦ ਜਾਂ ਫਿਰ ਕਾਲੇ ਦੌਰ ਦਾ ਡੱਟ ਕੇ ਸਾਹਮਣਾ ਕੀਤਾ ਹੈ, ਉਨ੍ਹਾਂ ਨੂੰ ਹੀ ਹਾਕਮਾਂ ਦੇ ਵੱਲੋਂ ਕਥਿਤ ਤੌਰ 'ਤੇ ਮਰਵਾ ਦਿੱਤਾ ਜਾਂਦਾ ਰਿਹਾ ਹੈ। ਹਾਕਮਾਂ 'ਤੇ ਦੋਸ਼ ਲੱਗਦੇ ਆਏ ਹਨ ਕਿ ਇਹ ਜਵਾਨੀ ਨੂੰ ਗੁੰਮਰਾਹ ਕਰਕੇ ਪਹਿਲੋਂ ਤਾਂ ਆਪਣੇ ਵੱਲ ਖਿੱਚਦੇ ਰਹੇ ਹਨ ਅਤੇ ਕੰਮ ਹੋਣ ਤੋਂ ਬਾਅਦ ਉਨ੍ਹਾਂ ਦਾ ਕਤਲ ਕਰਵਾ ਦਿੰਦੇ ਰਹੇ ਹਨ। ਖਾਲਿਸਤਾਨੀ ਦਹਿਸ਼ਤਗਰਦਾਂ ਦਾ ਬੇਖ਼ੌਫ ਟਾਕਰਾ ਕਰਨ ਵਾਲੇ ਅਤੇ ਲੋਕ ਸੇਵਾ ਹਿੱਤ ਨੂੰ ਪੂਰੀ ਤਰ੍ਹਾਂ ਸਮਰਪਿਤ ਰਹੇ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਬੀਤੇ ਦਿਨ ਹਥਿਆਰਬੰਦਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ।

ਖ਼ਬਰਾਂ ਦੇ ਮੁਤਾਬਿਕ ਕਾਮਰੇਡ ਬਲਵਿੰਦਰ ਸਿੰਘ ਨੇ ਜਿਸ ਹਿੰਮਤ ਅਤੇ ਦਲੇਰੀ ਨਾਲ ਅੱਤਵਾਦ ਦੇ ਕਾਲੇ ਦੌਰ ਵਿੱਚ ਦੇਸ਼ ਧ੍ਰੋਹੀ ਤਾਕਤਾਂ ਦਾ ਮੁਕਾਬਲਾ ਕੀਤਾ ਅਤੇ ਸਿਰਫ਼ ਆਪਣੀ ਹੀ ਨਹੀਂ, ਸਗੋਂ ਆਮ ਲੋਕਾਂ ਦੀ ਰਾਖੀ ਲਈ ਆਪਣੀ ਜੀਵਨ ਸਾਥਣ ਜਗਦੀਸ਼ ਕੌਰ, ਭਰਾ ਤੇ ਪਾਰਟੀ ਸਾਥੀਆਂ ਨਾਲ ਮਿਲ ਕੇ ਜਾਨ ਦੀ ਬਾਜ਼ੀ ਲਗਾਈ, ਉਸ ਕਾਰਨ ਉਹ ਹਮੇਸ਼ਾ ਹੀ ਦੇਸ਼ ਧ੍ਰੋਹੀ ਅਤੇ ਸਮਾਜ ਵਿਰੋਧੀ ਤੱਤਾਂ ਦੀਆਂ ਅੱਖਾਂ ਵਿੱਚ ਰੜਕਦੇ ਸਨ। ਡੇਢ ਕੁ ਵਰ੍ਹਾ ਪਹਿਲਾਂ ਵੀ ਉਨ੍ਹਾਂ ਦੇ ਘਰ ਵਿੱਚ ਆ ਕੇ ਪੂਰੇ ਪਰਿਵਾਰ 'ਤੇ ਗੋਲੀਆਂ ਦਾਗ ਕੇ ਹਥਿਆਰਬੰਦ ਗਿਰੋਹ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ।

ਪਰ, ਅਫਸੋਸ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਉਕਤ ਦਹਿਸ਼ਤਗਰਦਾਂ ਦੇ ਵਿਰੁੱਧ ਕਾਰਵਾਈ ਦਾ ਕੋਈ ਵਾਜਿਬ ਨੋਟਿਸ ਨਹੀਂ ਸੀ ਲਿਆ। ਹਾਲਾਂਕਿ ਡੀ.ਜੀ.ਪੀ. ਪੰਜਾਬ ਦੇ ਹੁਕਮ ਕਰਨ ਦੇ ਬਾਵਜੂਦ ਵੀ ਇਸੇ ਵਰ੍ਹੇ ਮਾਰਚ ਮਹੀਨੇ ਦੌਰਾਨ ਕਾਮਰੇਡ ਬਲਵਿੰਦਰ ਸਿੰਘ ਦੀ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈ ਲਈ। ਇਸ ਲਈ ਪੰਜਾਬ ਸਰਕਾਰ ਵੀ ਬਲਵਿੰਦਰ ਸਿੰਘ ਦੇ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਪੱਖੋਂ ਕੁਤਾਹੀ ਦੇ ਦੋਸ਼ ਤੋਂ ਨਹੀਂ ਬਚ ਸਕਦੀ। ਸੂਬੇ ਅੰਦਰ ਪਿਛਲੇ ਦਿਨਾਂ ਵਿੱਚ ਦੇਸ਼ ਧ੍ਰੋਹੀਆਂ ਵਲੋਂ ਆਪਣੀਆਂ ਕਾਰਵਾਈਆਂ ਤੇਜ਼ ਕੀਤੀਆਂ ਹੋਇਆ ਹਨ।

ਜਿਸ ਨੂੰ ਦਹਿਸ਼ਤਗਰਦੀ ਦੇ ਕਾਲੇ ਦੌਰ ਦੀ ਮੁੜ ਆਮਦ ਦੀ ਆਹਟ ਵੀ ਕਿਹਾ ਜਾ ਸਕਦਾ ਹੈ। ਸ਼ਹੀਦ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਜੀਵਨ ਸਾਥਣ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਲਈ ਰਾਸ਼ਟਰਪਤੀ ਵਲੋਂ 'ਸ਼ੋਰੀਆਚੱਕਰ' ਨਾਲ ਸਨਮਾਨਤ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਉਪਰ ਕਈ ਫਿਲਮਾਂ ਵੀ ਬਣਾਈਆਂ ਗਈਆਂ ਸਨ। ਪਰ ਦੁੱਖ ਦੀ ਗੱਲ ਇਹ ਹੈ ਕਿ 'ਸ਼ੋਰੀਆਚੱਕਰ' ਹਾਂਸਲ ਕਰਨ ਵਾਲੇ ਸ਼ਹੀਦ ਸਾਥੀ ਬਲਵਿੰਦਰ ਸਿੰਘ ਦੀ ਸੁਰੱਖਿਆ ਸਰਕਾਰ ਨੇ ਵਾਪਸ ਲੈ ਲਈ, ਜਿਸ ਦੇ ਕਾਰਨ ਉਸ ਦਾ ਦਹਿਸ਼ਤਗਰਦਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਵੈਸੇ, ਹਿੰਮਤ ਤਾਂ ਬਲਵਿੰਦਰ ਸਿੰਘ ਨੇ ਨਹੀਂ ਸੀ ਹਾਰੀ, ਪਰ ਕੁੱਝ ਹਾਕਮਾਂ ਦੀਆਂ ਮਾਰੂ ਨੀਤੀਆਂ ਦਾ ਖ਼ਮਿਆਜਾ ਬਲਵਿੰਦਰ ਸਿੰਘ ਨੂੰ ਭੁਗਤਣਾ ਪਿਆ।