ਹਾਕਮ ਰਚ ਗਏ ਡੂੰਘੀ ਸਾਜਿਸ਼, ਕਿਸਾਨੀ ਸੰਘਰਸ਼ ਤੇ ਪੰਜਾਬ ਦੇ ਅਮਨ ਨੂੰ ਲੱਗ ਸਕਦੀ ਐ ਢਾਹ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 18 2020 14:34
Reading time: 1 min, 34 secs

ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਭਰ ਦੇ ਅੰਦਰ ਕਿਸਾਨ ਮਜ਼ਦੂਰ ਸੜਕਾਂ 'ਤੇ ਹਨ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਭ ਤੋਂ ਵੱਧ ਸੰਘਰਸ਼ ਪੰਜਾਬ ਦੇ ਅੰਦਰ ਹੋ ਰਿਹਾ ਹੈ। ਕਿਉਂਕਿ ਪੰਜਾਬ ਦਾ 90 ਪ੍ਰਤੀਸ਼ਤ ਹਿੱਸਾ ਕਿਰਸਾਨੀ ਦੇ ਨਾਲ ਜੁੜਿਆ ਹੋਇਆ ਹੈ। ਇੱਕ ਪਾਸੇ ਤਾਂ ਕਿਸਾਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੜਕਾਂ 'ਤੇ ਉਤਰੇ ਹੋਏ ਹਨ, ਉੱਥੇ ਹੀ ਦਜੇ ਪਾਸੇ ਕਿਸਾਨੀ ਸੰਘਰਸ਼ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਢਾਹ ਲਗਾਉਣ ਦੀਆਂ ਤਿਆਰੀਆਂ ਲਗਾਤਾਰ ਪੰਜਾਬ ਦੇ ਹਾਕਮਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਦਰਅਸਲ, ਕਿਸਾਨ ਜਥੇਬੰਦੀਆਂ ਵੱਲੋਂ ਸੋਧੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਮਨਵਾਉਣ ਲਈ ਵਿੱਢੇ ਸੰਘਰਸ਼ ਦੇ ਚੱਲਦਿਆਂ ਰੇਲ ਪੱਟੜੀਆਂ ਤੋਂ ਇਲਾਵਾ ਪੈਟਰੋਲ ਪੰਪ, ਸੜਕਾਂ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਸਮੂਹ ਕਾਰੋਬਾਰ ਬੰਦ ਪਏ ਹਨ। ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਇਕੱਠ ਇਸ ਗੱਲ ਦੀ ਗੁਆਹੀ ਭਰਦੇ ਹਨ ਕਿ ਪੰਜਾਬ ਦਾ ਕਿਸਾਨ ਅੱਜ ਇੱਕ ਮੁੱਠ ਹੋ ਕੇ ਦੇਸ਼ ਦੇ ਹਾਕਮਾਂ ਨੂੰ ਵੰਗਾਂਰ ਰਿਹਾ ਹੈ।

ਦੇਸ਼ ਦੇ ਹਾਕਮ ਜਿਹੜੇ ਹਮੇਸ਼ਾ ਹੀ ਕਿਸਾਨ ਵਿਰੋਧੀ ਰਹੇ ਹਨ, ਉਨ੍ਹਾਂ ਦੇ ਵੱਲੋਂ ਫਿਰ ਤੋਂ ਕਿਸਾਨੀ ਸੰਘਰਸ਼ ਨੂੰ ਕੁਚਲਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜਾਣਕਾਰੀ ਦੇ ਮੁਤਾਬਿਕ ਕਿਸਾਨ, ਮਜ਼ਦੂਰ ਜਥੇਬੰਦੀਆਂ, ਖੇਤੀ ਨਾਲ ਸਬੰਧਤ ਤੇ ਖੇਤੀ 'ਤੇ ਨਿਰਭਰ ਵੱਖ ਵੱਖ ਧੰਦਿਆਂ ਲਈ ਨਵਾਂ ਖੇਤੀ ਕਾਨੂੰਨ ਭਾਰੂ ਪਵੇਗਾ। ਪੇਂਡੂ ਆਰਥਿਕਤਾ ਦੇ ਨਾਲ ਨਾਲ ਸੂਬਾਈ ਆਰਥਿਕਤਾ ਨੂੰ ਹੋਰ ਢਾਹ ਲੱਗੇਗੀ।

ਕਿਸਾਨ ਜਥੇਬੰਦੀ ਲਗਾਤਾਰ ਯਤਨ ਕਰ ਰਹੀਆਂ ਹਨ, ਕਿ ਨਵੇਂ ਖੇਤੀ ਕਾਨੂੰਨ ਨੂੰ ਰੱਦ ਕਰਵਾਇਆ ਜਾਵੇ, ਪਰ ਕੇਂਦਰੀ ਹਾਕਮ ਕਿਸਾਨ ਜਥੇਬੰਦੀਆਂ ਦੀ ਗੱਲ ਮੰਨਣ ਦੀ ਬਿਜਾਏ, ਆਪਣੀ ਹੀ ਢੋਲਕੀ ਖੜਕਾ ਕੇ, ਕਿਸਾਨਾਂ ਦੇ ਮੂੰਹ ਦੀ ਆਵਾਜ਼ ਨੂੰ ਦੱਬਣ 'ਤੇ ਲੱਗੇ ਹੋਏ ਹਨ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਅਮਨ ਨੂੰ ਢਾਹ ਲਗਾਉਣ ਦੀ ਡੂੰਘੀ ਸ਼ਾਜਿਸ ਹਾਕਮਾਂ ਦੇ ਵੱਲੋਂ ਰਚੀ ਜਾ ਰਹੀ ਹੈ।

ਤਿਉਹਾਰਾਂ ਦੇ ਮੱਦੇ ਨਜ਼ਰ ਪੰਜਾਬ ਵਿੱਚ ਵੀ 20 ਅਕਤੂਬਰ ਤੋਂ ਰੇਲ ਗੱਡੀਆਂ ਚਲਾਉਣ ਦੇ ਕੇਂਦਰ ਸਰਕਾਰ ਦੇ ਸੰਕੇਤ ਬਾਰੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਾਏ ਬਿਨਾਂ ਰੇਲ ਪਟੜੀਆਂ ਖਾਲ੍ਹੀ ਨਹੀਂ ਕਰਨਗੇ। ਉਨ੍ਹਾਂ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਦਾ ਵੀ ਐਲਾਨ ਕੀਤਾ।