ਦੇਸ਼ ਭੁੱਖਮਰੀ ਨਾਲ ਵਿਲਕ ਰਿਹੈ, ਉਹ ਜਹਾਜ਼ੀ ਉਡਾਰੀ ਮਾਰ ਗਏ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 18 2020 14:31
Reading time: 2 mins, 34 secs

ਭਾਵੇਂ ਹੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹਰ ਰੋਜ਼ ਹੀ ਨਵੀਆਂ ਨਵੀਆਂ ਵੀਡੀਓ ਜਾਰੀ ਕਰਕੇ ਦੇਸ਼ ਦੇ ਸਮੂਹ ਟੀਵੀ ਚੈਨਲਾਂ ਨੂੰ ਵੰਡੀਆਂ ਜਾਂਦੀਆਂ ਹਨ ਅਤੇ ਟੀਵੀ ਚੈਨਲ ਵੀ ਬਿਨ੍ਹਾਂ ਤਰਕ ਕੀਤੇ ਹੀ ਵੀਡੀਓ ਨੂੰ ਉਸੇ ਤਰ੍ਹਾਂ ਹੀ ਚਲਾ ਦਿੰਦੇ ਹਨ, ਜਿਵੇਂ ਦੇਸ਼ ਬਹੁਤ ਬੁਲੰਦੀਆਂ ਨੂੰ ਛੋਹ ਰਿਹਾ ਹੋਵੇ। ਦੇਸ਼ ਦੇ ਅੰਦਰ ਇਸ ਵਕਤ ਭੁੱਖਮਰੀ, ਬੇਰੁਜ਼ਗਾਰੀ, ਗ਼ਰੀਬੀ ਏਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ, ਪਰ ਮੋਦੀ ਦੇਸ਼ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦੀਆਂ ਜੋ ਗੱਲ ਕਰ ਰਹੇ ਹਨ।

ਉਹ, ਮੋਦੀ ਦੇ ਕਿਸੇ ਹਵਾਈ ਫੇਰੀ ਤੋਂ ਘੱਟ ਨਹੀਂ ਹਨ। ਜਹਾਜ਼ ਰਾਹੀਂ ਸੈਰਾਂ ਕਰਕੇ, ਭੁੱਖਮਰੀ ਦਾ ਪਤਾ ਕਦੇ ਵੀ ਨਹੀਂ ਲੱਗ ਸਕਦਾ ਅਤੇ ਨਾ ਹੀ ਏ. ਸੀ. ਕਮਰਿਆਂ ਵਿੱਚ ਬਹਿ ਕੇ, ਪਤਾ ਲੱਗ ਸਕਦਾ ਹੈ ਕਿ ਦੇਸ਼ ਦੇ ਅੰਦਰ ਕੀ ਵਾਪਰ ਰਿਹਾ ਹੈ? ਦੇਸ਼ ਦੀ ਜਨਤਾ ਵਿੱਚ ਬਗ਼ੈਰ ਟੀਵੀ ਚੈਨਲਾਂ ਦੇ ਜਾ ਕੇ, ਲੋਕਾਂ ਨੂੰ ਖੁਦ ਗੱਲਬਾਤ ਕਰਕੇ ਹੀ ਪਤਾ ਚੱਲ ਸਕਦਾ ਹੈ ਕਿ ਅਵਾਮ ਨੂੰ ਕੀ ਸਮੱਸਿਆਵਾਂ ਆ ਰਹੀਆਂ ਹਨ? ਦਰਅਸਲ, ਲੰਘੇ ਦਿਨੀਂ ਜੋ ਰਿਪੋਰਟ ਭੁੱਖਮਰੀ 'ਤੇ ਕੌਮਾਂਤਰੀ ਭੁੱਖ ਸੂਚਕ ਅੰਕ ਵੱਲੋਂ ਜਾਰੀ ਕੀਤੀ ਗਈ।

ਉਸ ਰਿਪੋਰਟ ਨੇ ਸਾਨੂੰ ਸਭਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਅਸੀਂ ਹਰ ਚੀਜ਼ 'ਤੇ ਟੈਕਸ ਭਰਦੇ ਹਾਂ, ਪਰ ਹਾਕਮ ਸਾਨੂੰ ਕੀ ਦਿੰਦੇ ਹਨ, ਇਹ ਸਵਾਲ ਸਭਨਾਂ ਦੇ ਮੰਨ ਅੰਦਰ ਵੀ ਹੋਵੇਗੀ? ਮੇਰੇ ਮਨ ਅੰਦਰ ਵੀ ਇਹੀ ਸਵਾਲ ਹੈ ਕਿ ਅਸੀਂ ਪੈਟਰੋਲ, ਡੀਜ਼ਲ, ਖੰਡ ਚਾਹ ਪੱਤੀ ਅਤੇ ਖਾਣ ਵਾਲੀਆਂ ਹੋਰ ਵਸਤੂਆਂ ਤੋਂ ਇਲਾਵਾ ਰੋਡ ਟੈਕਸ ਅਤੇ ਹੋਰ ਤਮਾਮ ਟੈਕਸ ਹਰ ਰੋਜ਼ ਭਰਦੇ ਹਾਂ, ਪਰ ਹਾਕਮ ਸਾਨੂੰ ਸਹੂਲਤਾਂ ਕੀ ਦਿੰਦੇ ਹਨ? ਹਰ ਰੋਜ਼ ਮਹਿੰਗਾਈ ਦਰ ਵੱਧ ਰਹੀ ਹੈ, ਦੇਸ਼ ਦੀ ਜੀਡੀਪੀ -24 'ਤੇ ਖੇਡ ਰਹੀ ਹੈ।

ਆਖ਼ਰ ਦੇਸ਼ ਦੇ ਅੰਦਰ ਹੋ ਕੀ ਰਿਹਾ ਹੈ? ਕਿਤੇ ਹਾਕਮ ਫਿਰ ਤੋਂ 1947 ਦੁਰਹਾਉਣ ਦੀ ਤਿਆਰੀ ਵਿੱਚ ਤਾਂ ਨਹੀਂ ਲੱਗੇ? ਖ਼ੈਰ, ਅਖ਼ਬਾਰ ਦੀ ਸੁਰਖੀ ਅੱਜ ਇਹ ਬਣੀ ਹੋਈ ਹੈ ਕਿ ਭਾਰਤ ਕੌਮਾਂਤਰੀ ਭੁੱਖ ਸੂਚਕ ਅੰਕ (ਜੀਐੱਚਆਈ) 2020 ਵਿੱਚ 107 ਦੇਸ਼ਾਂ ਦੀ ਸੂਚੀ ਵਿੱਚ 94ਵੇਂ ਸਥਾਨ 'ਤੇ ਹੈ ਅਤੇ ਭੁੱਖ ਦੀ 'ਗੰਭੀਰ' ਸ਼੍ਰੇਣੀ ਵਿੱਚ ਹੈ। ਮਾਹਿਰਾਂ ਨੇ ਇਸ ਲਈ ਖ਼ਰਾਬ ਲਾਗੂ ਨੀਤੀਆਂ, ਪ੍ਰਭਾਵੀ ਨਿਗਰਾਨੀ ਦੀ ਕਮੀ, ਕੁਪੋਸ਼ਣ ਨਾਲ ਨਜਿੱਠਣ, ਅਣਦੇਖੀ ਤੇ ਵੱਡੇ ਸੂਬਿਆਂ ਦੇ ਖ਼ਰਾਬ ਪ੍ਰਦਰਸ਼ਨ ਨੂੰ ਦੋਸ਼ੀ ਠਹਿਰਾਇਆ ਹੈ।

ਸ਼ੁੱਕਰਵਾਰ ਨੂੰ ਇਹ ਜਾਣਕਾਰੀ ਜੀਐੱਚਆਈ ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ। ਖ਼ਬਰਾਂ ਦੇ ਮੁਤਾਬਿਕ ਪਿਛਲੇ ਸਾਲ 117 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦਾ 102 ਸੀ। ਗੁਆਂਢੀ ਬੰਗਲਾਦੇਸ਼, ਮਿਆਂਮਾਰ ਤੇ ਪਾਕਿਸਤਾਨ ਵੀ 'ਗੰਭੀਰ' ਸ਼੍ਰੇਣੀ ਵਿੱਚ ਹੈ ਪਰ ਸੂਚਕ ਅੰਕ ਵਿੱਚ ਭਾਰਤ ਤੋਂ ਉਪਰ ਹੈ। ਬੰਗਲਾਦੇਸ਼ ਵਿੱਚ 75ਵੇਂ, ਮਿਆਂਮਾਰ 78ਵੇਂ ਤੇ ਪਾਕਿਸਤਾਨ 88ਵੇਂ ਸਥਾਨ 'ਤੇ ਹੈ। ਰਿਪੋਰਟ ਅਨੁਸਾਰ, ਨੇਪਾਲ 73ਵੇਂ ਅਤੇ ਸ੍ਰੀਲੰਕਾ 64ਵੇਂ ਸਥਾਨ 'ਤੇ ਹੈ। ਦੋਵੇਂ ਦੇਸ਼ 'ਦਰਮਿਆਨੀ' ਸ਼੍ਰੇਣੀ ਵਿੱਚ ਆਉਂਦੇ ਹਨ। ਚੀਨ, ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਤੇ ਕੁਵੈਤ ਸਮੇਤ 17 ਦੇਸ਼ ਚੋਟੀ 'ਤੇ ਹਨ।

ਛਪੀ ਖ਼ਬਰ ਦੇ ਮੁਤਾਬਿਕ, ਜੀਐੱਚਆਈ ਦੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦੇਸ਼ ਦੀ 14 ਫ਼ੀਸਦੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ ਹੈ। ਪੰਜ ਸਾਲ ਤੋਂ ਘੱਟ ਉਮਰ ਦੇ 37.4 ਫ਼ੀਸਦੀ ਬੱਚਿਆਂ ਦਾ ਕੱਦ ਕੁਪੋਸ਼ਣ ਕਾਰਨ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲੋਂ ਘੱਟ ਹੈ। ਕੁਪੋਸ਼ਣ ਕਾਰਨ ਘੱਟ ਭਾਰ ਵਾਲੇ ਬੱਚਿਆਂ ਦੀ ਦਰ 17.3 ਫ਼ੀਸਦੀ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਈ ਹੈ ਅਤੇ ਇਹ 3.7 ਫ਼ੀਸਦੀ ਹੈ। ਵੇਖਿਆ ਜਾਵੇ ਤਾਂ, ਇੱਕ ਪਾਸੇ ਤਾਂ ਦੇਸ਼ ਭੁੱਖ ਦਾ ਗ਼ਰੀਬ ਤਬਕਾ ਦੇ ਨਾਲ ਮਰ ਰਿਹਾ ਹੈ, ਪਰ ਦੂਜੇ ਪਾਸੇ ਮੋਦੀ ਹੁਰੀਂ ਜਹਾਜ਼ੀ ਉਡਾਰੀ ਮਾਰ ਕੇ, ਸੈਰਾਂ ਕਰ ਰਹੇ ਹਨ।