ਦਿੱਲੀਏ, ਤੇਰੇ ਨਾਲ ਸਾਡੀ ਬਣਦੀ ਨਹੀਂ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 16 2020 16:13
Reading time: 2 mins, 6 secs

ਜਾ ਦਿੱਲੀਏ ਐਸ਼ ਕਰ ਜਿੱਥੇ ਕਰਨੀ, ਸਾਡੀ ਤੇਰੇ ਨਾਲ ਬਣਦੀ ਨਹੀਂ। ਇਹ ਉਨ੍ਹਾਂ ਕਿਸਾਨਾਂ ਦਾ ਨਾਅਰਾ ਹੈ, ਜਿਹੜੇ ਲੰਘੇ ਦਿਨੀਂ ਦਿੱਲੀ ਦੇ ਵਿੱਚ ਹਾਕਮਾਂ ਦੇ ਨੁਮਾਇੰਦਿਆਂ ਨਾਲ ਖੇਤੀ ਆਰਡੀਨੈਂਸ ਨੂੰ ਰੱਦ ਕਰਵਾਉਣ ਦੇ ਲਈ ਮੀਟਿੰਗ ਕਰਕੇ ਆਏ। ਕਿਸਾਨਾਂ ਦੇ ਨਾਲ ਹਾਕਮਾਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਬੇਸਿੱਟਾ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਆਰ ਪਾਰ ਦੀ ਲੜਾਈ ਅਸੀਂ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਹੁਣ ਸਾਡਾ ਦਿੱਲੀ ਦਾ ਦੌਰਾ ਨਹੀਂ ਹੋਵੇਗਾ, ਸਗੋਂ ਪੰਜਾਬ ਦੇ ਅੰਦਰ ਵੜ੍ਹਣ ਵਾਲੇ ਭਾਜਪਾਈਆਂ ਨੂੰ ਮੂੰਹ ਦੀ ਖਾਣੀ ਪਵੇਗੀ।

ਕਿਸਾਨ ਜਥੇਬੰਦੀਆਂ ਨੇ ਕੱਲ੍ਹ ਵੱਡਾ ਐਲਾਨ ਕੀਤਾ ਕਿ ਭਲਕੇ 17 ਅਕਤੂਬਰ ਨੂੰ ਪੰਜਾਬ ਭਰ ਦੇ ਅੰਦਰ ਮਾਰਚ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣਗੇ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਬਾਰੇ ਵਿੱਚ ਸਭਨਾਂ ਲੋਕਾਂ ਨੂੰ ਸਪੀਕਰਾਂ ਵਿੱਚ ਦੱਸਿਆ ਜਾਵੇਗਾ। ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਗੁਰੂ ਘਰਾਂ ਵਿੱਚੋਂ ਹੁਣ ਗੁਰਬਾਣੀ ਦੇ ਨਾਲ ਨਾਲ ਸਵੇਰੇ ਸ਼ਾਮ ਇਹ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ ਕਿ ''ਭਾਈ ਮੋਦੀ ਲੋਕ ਮਾਰੂ ਬੰਦ ਹੈ, ਬੱਚ ਕੇ ਰਹੋ ਅਤੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣੋ''।

ਕਿਸਾਨਾਂ ਦੀ ਮੀਟਿੰਗ ਵਿੱਚ ਬੀਤੇ ਕੱਲ੍ਹ ਐਲਾਨ ਹੋਇਆ ਕਿ ਕੇਂਦਰੀ ਮੰਤਰੀ ਜਿੱਥੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਵਰਚੁਐੱਲ ਰੈਲੀ ਵੀ ਕਰਨਗੇ ਤਾਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਭਾਜਪਾਈ ਨੇਤਾਵਾਂ ਦੇ ਘਰ ਦੇ ਬਾਹਰ ਅਣਮਿੱਥੇ ਸਮੇਂ ਲਈ ਕਿਸਾਨਾਂ ਦੇ ਵੱਲੋਂ ਧਰਨੇ ਲਗਾਏ ਜਾਣਗੇ। ਕੇਂਦਰ ਸਰਕਾਰ ਨੇ ਦਿੱਲੀ ਬੁਲਾ ਕੇ ਕਿਸਾਨ ਵਿਰੋਧੀ ਹੋਣ ਦਾ ਆਪਣਾ ਚਿਹਰਾ ਵਿਖਾ ਦਿੱਤਾ ਹੈ ਅਤੇ ਕਿਸਾਨਾਂ ਦੇ ਵਫ਼ਦ ਦਾ ਅਪਮਾਨ ਜੋ ਮੋਦੀ ਸਰਕਾਰ ਨੇ ਕੀਤਾ ਹੈ, ਇਸ ਦਾ ਨਤੀਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।

ਕਿਸਾਨਾਂ ਨੇ ਮੀਟਿੰਗ ਵਿੱਚ ਇੱਕ ਅਹਿਮ ਫ਼ੈਸਲਾ ਇਹ ਵੀ ਕਰਿਆ ਕਿ ਉਹ ਹੁਣ ਦਿੱਲੀ ਦੇ ਦਰਵਾਜ਼ੇ ਨਹੀਂ ਚੜਣਗੇ ਅਤੇ ਕੇਂਦਰੀ ਹਾਕਮਾਂ ਦੇ ਸੱਦੇ ਨੂੰ ਪਾੜ ਕੇ ਸੁੱਟ ਦੇਣਗੇ, ਜਿਨ੍ਹਾਂ ਵੀ ਕੇਂਦਰੀ ਹਾਕਮਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਤੋਂ ਦੁੱਖ ਲੱਗਦਾ ਹੈ, ਉਹ ਸਿੱਧਾ ਆ ਕੇ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ, ਜੋ ਉਨ੍ਹਾਂ ਨੂੰ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਸਮਝਾਈ ਜਾਣ ਅਤੇ ਕੰਨਾਂ ਦੇ ਵਿੱਚ ਕਿਸਾਨੀਂ ਦਾ ਦਰਦ ਪਾਇਆ ਜਾਵੇ। ਕਿਸਾਨ ਹੁਣ ਦਿੱਲੀ ਨਹੀਂ ਜਾਣਗੇ, ਪਰ ਆਪਣੇ ਹਿਸਾਬ ਨਾਲ ਦਿੱਲੀ ਵੱਲ ਨੂੰ ਕੂਚ ਕਰਨ ਦਾ ਪਲਾਨ ਜ਼ਰੂਰ ਤਿਆਰ ਕਰਨਗੇ।

ਆਪਣੇ ਜਾਰੀ ਬਿਆਨ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਜੋ ਵੀ ਉਨ੍ਹਾਂ ਦੇ ਸੰਘਰਸ਼ ਅੱਗੇ ਆਵੇਗਾ, ਉਹ ਉਸ ਦਾ ਜ਼ੋਰਦਾਰ ਵਿਰੋਧ ਕਰਨਗੇ, ਫਿਰ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ ਜਾਂ ਫਿਰ ਕੋਈ ਰਾਜਪਾਲ ਕਿਉਂ ਨਾ ਹੋਵੇ। ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ, ਕਿਸਾਨ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਲਈ ਸਿਆਸੀ ਸਾਜ਼ਿਸ਼ਾਂ ਹੋ ਰਹੀਆਂ ਹਨ, ਪਰ ਉਹ ਪੂਰੀ ਤਰ੍ਹਾਂ ਸੁਚੇਤ ਹਨ। ਹੁਣ ਉਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲਾਉਣਗੇ ਅਤੇ ਫਿਰ ਦਿੱਲੀ ਨੂੰ ਘੇਰਨ ਦੀ ਯੋਜਨਾ ਆਪਣੇ ਹਿਸਾਬ ਨਾਲ ਬਣਾਉਣਗੇ।