ਅੰਨ੍ਹੀਂ ਦਿਆਂ ਮਜ਼ਾਕ ਏ, ਲੱਖਾਂ ਬੇਰੁਜ਼ਗਾਰਾਂ ਨੂੰ, ਸਿਰਫ਼ ਇੱਕ ਲੱਖ ਨੌਕਰੀਆਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 16 2020 12:48
Reading time: 3 mins, 11 secs

ਪਾਕਿਸਤਾਨ ਦੇ ਕਮੇਡੀਅਨ ਸਮੇਂ ਸਮੇਂ 'ਤੇ ਅਜਿਹੇ ਟੋਟਕੇ ਅਤੇ ਸ਼ਾਇਰੀਆਂ ਪੇਸ਼ ਕਰਦੇ ਰਹਿੰਦੇ ਨੇ, ਜੋ ਕਿ ਸਮੇਂ ਦੇ ਹਾਕਮਾਂ 'ਤੇ ਅਹਿਮ ਢੁੱਕਦੀਆਂ ਹੁੰਦੀਆਂ ਹਨ। ਭਾਵੇਂ ਹੀ ਪਾਕਿਸਤਾਨ ਦੇ ਅੰਦਰ ਪੰਜਾਬੀ ਭਾਸ਼ਾ ਦਾ ਪੂਰਾ ਆਦਰ ਸਤਿਕਾਰ ਕੀਤਾ ਜਾਂਦਾ ਹੈ, ਪਰ ਫਿਰ ਵੀ ਪੰਜਾਬੀ ਭਾਸ਼ਾ ਦੇ ਵਿੱਚ ਪਾਕਿਸਤਾਨੀ ਕਮੇਡੀਅਨ ਵੱਡੇ ਵੱਡੇ ਲੀਡਰਾਂ ਦੀ ਲਾਹ ਪਾਹ ਕਰਦੇ ਹੀ ਰਹਿੰਦੇ ਹਨ। ਲਹਿੰਦੇ ਪੰਜਾਬ ਪਾਕਿਸਤਾਨ ਦੇ ਇੱਕ ਪੰਜਾਬੀ ਕਮੇਡੀਅਨ ਦਾ ਪਿਛਲੇ ਸਮੇਂ ਦੌਰਾਨ ਇੱਕ ਸ਼ੇਅਰ ਬੜਾ ਵਾਇਰਲ ਹੋਇਆ ਸੀ, ਜਿਸ ਵਿੱਚ ਉਕਤ ਕਮੇਡੀਅਨ ਆਪਣੇ ਦੂਜੇ ਸਾਥੀ ਕਮੇਡੀਅਨ ਨੂੰ, ਮਜ਼ਾਕ ਜਿਹੇ ਅੰਦਾਜ਼ ਵਿੱਚ ਕਹਿੰਦਾ ਹੈ ਕਿ ''ਆ ਕੀ ਕੀਤਾ ਈ, ਅੰਨ੍ਹੀਂ ਦਿਆਂ ਮਜ਼ਾਕ ਏ', ਸਿੱਧਾ ਹੋ ਕੇ ਗੱਲ ਕਰੀਂ ਨਾ''।

ਇਹ ਅੰਨ੍ਹੀਂ ਦਿਆਂ ਮਜ਼ਾਕ ਵਾਲਾ ਟੋਟਕਾ ਹੀ ਸਮੂਹ ਪੰਜਾਬੀਆਂ ਨੇ ਬਹੁਤ ਪਾਸੰਦ ਕੀਤਾ, ਪਰ ਇਹੀ ਟੋਟਕਾ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਅਹਿਮ ਢੁੱਕ ਰਿਹਾ ਹੈ। ਕਿਉਂਕਿ ਕੈਪਟਨ ਨੇ ਵੀ ਅੰਨ੍ਹੀਂ ਦਿਆਂ ਮਜ਼ਾਕ ਵਾਲੀ ਕਹਾਵਤ ਨੂੰ ਸੱਚ ਸਾਬਤ ਕਰ ਹੀ ਦਿੱਤਾ ਹੈ। ਪੰਜਾਬ ਦੇ ਅੰਦਰ ਲੱਖਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਹਨ ਅਤੇ ਰੋਜ਼ਾਨਾ ਹੀ ਬੇਰੁਜ਼ਗਾਰ ਨੌਕਰੀਆਂ ਦੀ ਮੰਗ ਨੂੰ ਲੈ ਕੇ ਮੰਤਰੀਆਂ, ਵਿਧਾਇਕਾਂ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਧਰਨੇ ਮਾਰ ਕੇ ਬੈਠੇ ਰਹਿੰਦੇ ਹਨ, ਪਰ ਉਨ੍ਹਾਂ ਦੀ ਮੰਗ ਨੂੰ ਕੋਈ ਵੀ ਸੁਣਨ ਵਾਲਾ ਨਹੀਂ। ਹਰ ਵਾਰ ਅੰਨ੍ਹੀਂ ਦੇ ਮੰਤਰੀ, ਵਿਧਾਇਕ ਤੇ ਮੁੱਖ ਮੰਤਰੀ ਬੇਰੁਜ਼ਗਾਰਾਂ ਦੇ ਨਾਲ ਮਜ਼ਾਕ ਕਰਕੇ ਚਲੇ ਜਾਂਦੇ ਹਨ।

ਲੰਘੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ 1 ਲੱਖ ਸਰਕਾਰੀ ਨੌਕਰੀਆਂ ਦੇਵੇਗੀ। ਸੂਬੇ ਦੇ ਨੌਜਵਾਨ ਆਪਣੀ ਤਿਆਰੀ ਕਰਦੇ ਰਹਿਣ ਅਤੇ ਫਾਰਮ ਭਰਦੇ ਰਹਿਣ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਸਰਕਾਰੀ ਨੌਕਰੀਆਂ ਦੇਵੇਗੀ।

ਦਰਅਸਲ, ਮੁੱਖ ਮੰਤਰੀ ਨੇ ਆਪਣੇ ਬਚੇ ਹੋਏ ਕਾਰਜਕਾਲ ਦੌਰਾਨ 1 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ, ਹੁਣ ਇਸ 'ਤੇ ਕੈਬਨਿਟ ਦੀ ਮੌਹਰ ਵੀ ਲੱਗ ਗਈ, ਇਸ ਦੇ ਨਾਲ ਇਹ ਵੀ ਵੱਡਾ ਫ਼ੈਸਲਾ ਲਿਆ ਗਿਆ ਕਿ 15 ਅਗਸਤ 2021 ਨੂੰ ਆਜ਼ਾਦੀ ਦਿਹਾੜੇ 'ਤੇ ਇੱਕ ਵੱਡਾ ਸੂਬਾ ਪੱਧਰੀ ਪ੍ਰੋਗਰਾਮ ਕੀਤਾ ਜਾਵੇਗਾ, ਜਿਸ ਵਿੱਚ ਨੌਜਵਾਨਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦਿੱਤੇ ਜਾਣਗੇ। ਜਾਣਕਾਰੀ ਇਹ ਵੀ ਹੈ ਕਿ ਕੈਬਨਿਟ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੰਦੇ ਹੋਏ 31 ਅਕਤੂਬਰ 2020 ਤੱਕ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕਰਨ ਦੀ ਵੀ ਹਦਾਇਤ ਦਿੱਤੀ ਤਾਂ ਕਿ ਭਰਤੀ ਦੇ ਕੰਮ ਨੂੰ ਅੱਗੇ ਵਧਾਇਆ ਜਾ ਸਕੇ।

ਦੂਜੇ ਪਾਸੇ ਕੈਪਟਨ ਦੇ ਇਸੇ ਬਿਆਨ ਨੂੰ ਲੈ ਕੇ ਬੇਰੁਜ਼ਗਾਰਾਂ ਦੇ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ ਬੇਰੁਜ਼ਗਾਰਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇੱਕ ਲੱਖ ਨੌਕਰੀ ਦੇਣ ਦਾ ਪੰਜਾਬ ਸਰਕਾਰ ਦਾ ਬਿਆਨ ਕੋਰਾ ਮਜ਼ਾਕ ਹੈ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸੰਘਰਸ਼ ਦੀ ਵਿਉਂਤਬੰਦੀ ਤੈਅ ਕੀਤੀ ਗਈ ਹੈ, ਜਿਸ ਵਿੱਚ ਤੈਅ ਕੀਤਾ ਗਿਆ ਕਿ 24 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਪੁਤਲੇ ਸਾੜੇ ਜਾਣਗੇ।

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਇੱਕ ਲੱਖ ਨੌਕਰੀਆਂ ਦੀ ਬਿਆਨਬਾਜ਼ੀ ਕਰਕੇ ਬੇਰੁਜ਼ਗਾਰਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਸਿਰਫ ਇੱਕ ਝੂਠੀ ਬਿਆਨਬਾਜ਼ੀ ਹੈ, ਕਿ ਅਸੀਂ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਵਾਂਗੇ, ਪਰ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਦੀਆਂ ਰੋਜ਼ਗਾਰ ਮਾਰ ਨੀਤੀਆਂ ਕਾਰਨ ਸੜਕਾਂ 'ਤੇ ਰੁਲ ਰਹੇ ਹਨ।

ਸਰਕਾਰ ਕੋਲੋਂ ਜਦੋਂ ਵੀ ਰੁਜ਼ਗਾਰ ਮੰਗਣ ਲਈ ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਅਧਿਆਪਕ ਗਏ ਹਨ ਤਾਂ ਸਰਕਾਰ ਵੱਲੋਂ ਡਾਂਗਾਂ ਨਾਲ ਉਨ੍ਹਾਂ 'ਤੇ ਤਸ਼ੱਦਦ ਢਾਇਆ ਗਿਆ ਹੈ। ਇਸ ਲਈ ਹੁਣ ਬੇਰੁਜ਼ਗਾਰ ਆਪਣੇ ਲੰਮੇ ਅਤੇ ਤਿੱਖੇ ਸੰਘਰਸ਼ ਲਈ ਤਿਆਰ ਹਨ ਅਤੇ ਉਨ੍ਹਾਂ ਸੂਬੇ ਦੀ ਕੈਪਟਨ ਸਰਕਾਰ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਕਿ ਜਾਂ ਤਾਂ ਬੇਰੁਜ਼ਗਾਰਾਂ ਦੀ ਭਰਤੀ ਵਿੱਚ ਵਾਧਾ ਕੀਤਾ ਜਾਵੇ, ਨਹੀਂ ਆਉਣ ਵਾਲੇ ਸਮੇਂ ਵਿੱਚ ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਅਧਿਆਪਕ ਸੰਘਰਸ਼ ਨੂੰ ਤੇਜ਼ ਕਰਦਿਆਂ ਹੋਇਆ ਸਰਕਾਰ ਦੇ ਪੋਤੜੇ ਫੋਲਣ ਲਈ ਪਿੰਡ ਪਿੰਡ ਜਾ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਪ੍ਰਤੀ ਦੱਸਣ ਲੱਗ ਪੈਣਗੇ।