ਫ਼ਕੀਰ ਹੂੰਂ ਭਾਈ, ਅਮੀਰ ਥੋੜ੍ਹੀਂ ਹੂੰਂ.!! (ਵਿਅੰਗ)

Last Updated: Oct 16 2020 12:39
Reading time: 2 mins, 28 secs

ਫ਼ਕੀਰ ਕਦੋਂ ਅਮੀਰ ਬਣ ਜਾਣ ਕੋਈ ਪਤਾ ਨਹੀਂ ਲੱਗਦਾ, ਪਰ ਅਜੋਕੇ ਸਮੇਂ ਵਿੱਚ ਅਮੀਰਾਂ ਦੇ ਵੱਲੋਂ ਵੀ ਆਪਣੇ ਆਪ ਨੂੰ ਫ਼ਕੀਰ ਕਿਹਾ ਜਾ ਰਿਹਾ ਹੈ, ਤਾਂ ਜੋ ਜਨਤਾ ਉਨ੍ਹਾਂ ਦੀ ਸਿਰਫ਼ ਫ਼ਕੀਰੀ ਵੇਖੇ, ਅਮੀਰੀ ਨਹੀਂ। ਭਾਰਤ ਦੇ ਵਿੱਚ ਬਹੁਤ ਸਾਰੇ ਅਮੀਰ ਅਜਿਹੇ ਫ਼ਕੀਰ ਵੀ ਬਣੇ ਫਿਰਦੇ ਨੇ, ਜਿਹੜੇ ਬਾਹਰੋਂ ਕੁੱਝ ਹੋਰ ਨੇ ਤੇ ਅੰਦਰੋਂ ਕੁੱਝ ਹੋ ਰਹੇ ਨੇ। ਇਸੇ ਕਰਕੇ ਹੀ ਤਾਂ ਸਾਡਾ ਭਾਰਤ ਦੇਸ਼ ਮਹਾਨ ਹੈ, ਇੱਥੇ ਕਰਿਆ ਕੁੱਝ ਹੋਰ ਜਾਂਦਾ, ਵਿਖਾਇਆ ਕੁੱਝ ਹੋਰ ਜਾਂਦਾ ਅਤੇ ਕੀਤਾ ਕੁੱਝ ਹੋਰ ਜਾਂਦੈ।

ਦੱਸਣਾ ਬਣਦਾ ਹੈ ਕਿ ਭਾਰਤ ਵਿੱਚ ਅਮੀਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਜਦੋਂਕਿ ਫ਼ਕੀਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟਦੀ ਜਾ ਰਹੀ ਹੈ। ਪਰ ਇਹ ਫ਼ਕੀਰ ਤੇ ਅਮੀਰ ਕੌਣ ਹਨ, ਇਨ੍ਹਾਂ ਦੇ ਬਾਰੇ ਹੀ ਪਹਿਲੋਂ ਸਾਨੂੰ ਸਮਝਣਾ ਪਵੇਗਾ। ਹਜ਼ਾਰਾਂ ਦੀ ਗਿਣਤੀ ਵਿੱਚ ਪਲੱਸ ਸਕਿਉਰਟੀ ਤੋਂ ਇਲਾਵਾ ਆਲੀਸ਼ਾਨ ਬੰਗਲਿਆਂ ਦੇ ਵਿੱਚ ਰਹਿਣ ਵਾਲਾ, ਕਰੋੜਾਂ ਰੁਪਏ ਦੇ ਜ਼ਹਾਜ਼ਾਂ ਵਿੱਚ ਸੈਰਾਂ ਕਰਨ ਵਾਲਾ, ਮਹਿੰਗੇ ਕੱਪੜੇ, ਮਹਿੰਗੇ ਜੁੱਤੇ ਅਤੇ ਮਹਿੰਗੀਆਂ ਕਰੀਮਾਂ ਲਗਾਉਣ ਤੋਂ ਇਲਾਵਾ ਮਹਿੰਗੀ ਘੜੀ ਅਤੇ ਐਨਕਾਂ ਲਗਾਉਣ ਵਾਲਾ ਕੀ ਫ਼ਕੀਰ ਹੋ ਸਕਦਾ ਹੈ? ਜੀ ਨਹੀਂ।

ਏਨਾ ਸਭ ਕੁੱਝ ਮਹਿੰਗਾ-ਮਹਿੰਗਾ ਸਮਾਨ ਵਰਤਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਕੀਰ ਨਹੀਂ, ਬਲਕਿ ਅਮੀਰ ਹੋ ਸਕਦਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਮੋਦੀ ਦੀਆਂ 2014 ਤੋਂ ਪਹਿਲੋਂ ਅਤੇ ਬਾਅਦ ਦੀਆਂ ਕੁੱਝ ਇੰਟਰਵਿਊ ਅਤੇ ਵੀਡੀਓ ਜਾਰੀ ਜੋ ਵੀ ਹੋਈਆਂ ਹਨ, ਉਨ੍ਹਾਂ ਵਿੱਚ ਮੋਦੀ ਕਹਿੰਦਾ ਏਹੀ ਨਜ਼ਰੀ ਆਉਂਦਾ ਹੈ ਕਿ ਅਰੇ ਭਾਈ ਮੈਂ ਤੋਂ ਫ਼ਕੀਰ ਆਦਮੀ ਹੂੰਂ, ਅਗਰ ਕੁੱਛ ਗ਼ਲਤ ਲਗਾ ਤੋਂ ਝੋਲਾ ਉਠਾ ਕੇ ਚਲ ਪੜੂੰਗਾ।

ਮੋਦੀ ਫ਼ਕੀਰ ਤਾਂ ਜਨਤਾ ਨੂੰ ਭਰਮਾਉਣ ਦੇ ਲਈ ਹੀ ਹੋ ਸਕਦਾ ਹੈ, ਅਸਲੀਅਤ ਦੇ ਵਿੱਚ ਉਹ ਫ਼ਕੀਰ ਨਹੀਂ, ਬਲਕਿ ਅਮੀਰ ਹੀ ਅਮੀਰ ਹੈ, ਜੋ ਜਨਤਾ ਦੇ ਪੈਸੇ 'ਤੇ ਪਲ ਕੇ, ਆਪਣੇ ਆਪ ਨੂੰ ਹੀ ਫ਼ਕੀਰ ਆਖੀ ਜਾ ਰਿਹਾ ਹੈ, ਇਹ ਸਭ ਕੁੱਝ ਮੋਦੀ ਦੇ ਮੂੰਹੋਂ ਸੁਣਨਾ ਕਿ ਉਹ ਫ਼ਕੀਰ ਹੈ, ਬਿਲਕੁਲ ਗ਼ਲਤ ਹੈ ਅਤੇ ਪ੍ਰਧਾਨ ਮੰਤਰੀ ਦੇ ਮੂੰਹ ਵਿੱਚੋਂ ਤਾਂ ਇਹ ਗੱਲ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ।

ਕਿਉਂਕਿ ਪ੍ਰਧਾਨ ਮੰਤਰੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ, ਜੋ ਅਵਾਮ ਨੂੰ ਸਖ਼ਤ ਮਿਹਨਤ ਅਤੇ ਅੱਗੇ ਵੱਧਣ ਦਾ ਵਿਚਾਰ ਦਿੰਦਾ ਹੋਇਆ ਕਹਿੰਦਾ ਹੈ ਕਿ, ਫ਼ਕੀਰ ਨਾ ਬਣੋ, ਮਿਹਨਤ ਕਰੋ ਅਤੇ ਅੱਗੇ ਵਧੋ, ਪਰ ਸਾਡੇ ਆਲਾ ''ਮੋਦੀ'' ਸਵਾਹ ਵੀ ਨਹੀਂ ਕਹਿੰਦਾ। ਸਾਡੇ ਆਲਾ ਤਾਂ ਕਹਿੰਦਾ ਹੈ, ਬੇਰੁਜ਼ਗਾਰੋਂ ਪਕੌੜੇ ਤਲੋ, ਜੇ ਪਕੌੜੇ ਨਹੀਂ ਤਲ ਸਕਦੇ ਤਾਂ, ਵਟਸਐਪ ਯੂਨੀਵਰਸਿਟੀ ਵਿੱਚ ਭਰਤੀ ਹੋਵੋ, ਹਿੰਦੂ ਰਾਸ਼ਟਰ ਬਣਾਉਣ ਦੇ ਵਾਸਤੇ ਲੜੋ, ਪਰ ਨੌਕਰੀ ਨਾ ਮੰਗੋ, ਕਿਉਂਕਿ ''ਵੋ ਹਮ ਦੇ ਨਹੀਂ ਸਕਤੇ''। ਇੱਕ ਜਾਣਕਾਰੀ ਦੇ ਮੁਤਾਬਿਕ, ਆਲੋਚਕਾਂ ਨੇ ਕਿਹਾ ਕਿ ਭਾਰਤੀ ਜਵਾਨਾਂ ਕੋਲ ਤਾਂ ਬੁਲੇਟ ਪਰੂਫ ਟਰੱਕ ਨਹੀਂ ਹਨ, ਉਹ ਰੋਜ਼ਾਨਾ ਮੌਤ ਦੇ ਨਾਲ ਖੇਡ ਰਹੇ ਹਨ।

ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ ਆਪਣੇ ਆਪ ਨੂੰ ਹਮੇਸ਼ਾ ਹੀ ਫ਼ਕੀਰ ਆਖ਼ਦੇ ਰਹਿੰਦੇ ਹਨ, ਉਸ ਦੇ ਵੱਲੋਂ ਆਪਣੀ ਫ਼ਕੀਰੀ ਦੀ ਕਮਾਈ ਵਿੱਚੋਂ 8400 ਕਰੋੜ ਰੁਪਏ ਦਾ ਹਵਾਈ ਜਹਾਜ਼ ਖ਼ਰੀਦਿਆ ਜਾ ਰਿਹਾ ਹੈ, ਜੋ ਕਿ ਮੋਦੀ ਦੀ ਅਸਲ ਫ਼ਕੀਰੀ ਦੀ ਝਲਕ ਪੇਸ਼ ਕਰਦਾ ਹੈ। ਆਲੋਚਕ ਕਹਿੰਦੇ ਨੇ ਹਨ ਕਿ, ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਮੌਜ਼ ਮਸਤੀਆਂ ਕਰਨ ਵਾਸਤੇ 8,400 ਕਰੋੜ ਰੁਪਏ ਦਾ ਜ਼ਹਾਜ਼ ਖ਼ਰੀਦ ਰਿਹਾ ਹੈ। ਅਵਾਮ ਦੇ ਪੈਸੇ 'ਤੇ ਐਸ਼ ਕਰਨ ਵਾਲਾ ਪ੍ਰਧਾਨ ਮੰਤਰੀ ਕਦੇ ਵੀ ਲੋਕਾਂ ਦਾ ਪ੍ਰਧਾਨ ਮੰਤਰੀ ਨਹੀਂ ਹੋ ਸਕਦਾ। ਕਿਉਂਕਿ ਫ਼ਕੀਰ ਤੋਂ ਫ਼ਕੀਰ ਹੋਤੇ ਹੈਂ ਮਹਾਰਾਜ ਜੀ...