ਸੇਕ ਉਦੋਂ ਲੱਗਦਾ ਹੁੰਦੈ, ਜਦੋਂ ਆਪਣੇ 'ਤੇ ਬੀਤੇ!!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 14 2020 12:50
Reading time: 1 min, 38 secs

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਲੰਘੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਕੁੱਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਉਕਤ ਘਟਨਾ ਦੀ ਚਾਰੇ ਪਾਸੇ ਨਿੰਦਾ ਵੀ ਹੋ ਰਹੀ ਹੈ ਅਤੇ ਅਸੀਂ ਵੀ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ। ਅਸ਼ਵਨੀ ਸ਼ਰਮਾ 'ਤੇ ਹਮਲਾ ਨਹੀਂ ਸੀ ਹੋਣਾ ਚਾਹੀਦਾ, ਜਦੋਂਕਿ ਅਸ਼ਵਨੀ 'ਤੇ ਹਮਲਾ ਕਰਨ ਤੋਂ ਪਹਿਲੋਂ ਅਸ਼ਵਨੀ ਦੇ ਨਾਲ ਬੈਠ ਕੇ ਗੱਲਬਾਤ ਵਿਚਾਰ ਲੈਣੀ ਚਾਹੀਦੀ ਸੀ, ਹੋ ਸਕਦਾ ਸੀ ਕਿ ਗੱਲਬਾਤ ਵਿੱਚੇ ਹੀ ਕੋਈ ਹੱਲ ਨਿਕਲ ਆਉਂਦਾ।

ਖ਼ੈਰ, ਅਸੀਂ ਅਸ਼ਵਨੀ 'ਤੇ ਹੋਏ ਹਮਲੇ ਦੇ ਦੂਜੇ ਪੱਖ ਜੋ ਕਿ ਕਿਸਾਨਾਂ ਦੇ ਵੱਲੋਂ ਰੱਖੇ ਜਾ ਰਹੇ ਹਨ, ਉਨ੍ਹਾਂ ਦੀ ਵੀ ਇਸ ਲੇਖ ਦੇ ਵਿੱਚ ਗੱਲਬਾਤ ਕਰਾਂਗੇ। ਬੀਤੇ ਕੱਲ੍ਹ ਭਾਜਪਾਈਆਂ ਦੇ ਵੱਲੋਂ ਸੰਗਰੂਰ ਵਿਖੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆ, ਪੰਜਾਬ ਦੀ ਕੈਪਟਨ ਹਕੂਮਤ ਦੇ ਵਿਰੁੱਧ ਧਰਨਾ ਲਗਾਇਆ ਗਿਆ।

ਭਾਜਪਾਈਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਕਿਸਾਨਾਂ ਅਤੇ ਭਾਜਪਾ ਦੀ ਆਪਸੀ ਦੂਰੀ ਵਧਾ ਕੇ ਆਪਣਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਹ ਘਟਨਾ ਦੀ ਜਾਂਚ ਕਰੇ ਅਤੇ ਅਸਲੀ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਵੇ। ਭਾਜਪਾ ਦੇ ਆਗੂ ਨਾ ਤਾਂ ਕਿਸੇ ਤੋਂ ਪਹਿਲੋਂ ਡਰੇ ਹਨ ਅਤੇ ਨਾ ਹੀ ਭਵਿੱਖ ਵਿੱਚ ਡਰਨਗੇ।

ਇੱਕ ਪਾਸੇ ਤਾਂ ਭਾਜਪਾਈਆਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਸਰਕਾਰ ਭਾਰਤ ਵਾਸੀਆਂ 'ਤੇ ਹਮਲੇ ਕਰ ਰਹੀ ਹੈ, ਉਦੋਂ ਤਾਂ ਕਿਸੇ ਭਾਜਪਾਈ ਨੂੰ ਸੇਕ ਨਹੀਂ ਲੱਗਾ।

ਹੁਣ ਜਦੋਂ ਕੁੱਝ ਲੋਕਾਂ ਦੇ ਵੱਲੋਂ ਇਨਸਾਫ਼ ਖ਼ਾਤਰ ਅਸ਼ਵਨੀ ਨੂੰ ਘੇਰਿਆ ਗਿਆ ਤਾਂ, ਇਨ੍ਹਾਂ ਭਾਜਪਾਈਆਂ ਨੂੰ ਇਹ ਆਖਣਾ ਸੌਖਾ ਹੋ ਗਿਆ ਹੈ ਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਜਦੋਂ ਕਿ ਸੇਕ ਬੰਦੇ ਨੂੰ ਉਦੋਂ ਲੱਗਦਾ ਹੁੰਦਾ ਹੈ, ਜਦੋਂ ਆਪਣੇ 'ਤੇ ਬੀਤੀ ਹੋਵੇ। ਭਾਜਪਾ ਦੇ ਵੱਲੋਂ ਭਾਰਤ ਦੇ ਅੰਦਰ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਅਤੇ ਹੋਰਨਾਂ ਵਰਗਾਂ ਨੂੰ ਕੁਚਲਿਆ ਜਾ ਰਿਹਾ ਹੈ।

ਪਰ ਉਹਦੇ ਬਾਰੇ ਕੋਈ ਵੀ ਭਾਜਪਾਈ ਬੋਲਣ ਨੂੰ ਤਿਆਰ ਨਹੀਂ ਹੈ, ਇਥੋਂ ਤੱਕ ਕਿ ਅਸ਼ਵਨੀ ਸ਼ਰਮਾ ਵੀ ਨਹੀਂ। ਕਾਂਗਰਸੀ ਆਖ ਰਹੇ ਹਨ ਕਿ ਜੋ ਲੋਕਾਂ ਨੇ ਕੀਤਾ, ਉਹ ਕੇਂਦਰ ਪ੍ਰਤੀ ਗੁੱਸੇ ਖ਼ਾਤਰ ਹੀ ਕੀਤਾ।