ਭਾਰਤ 'ਚ ਕਿੱਥੇ ਕਰਦੇ ਹੋ ਇਨਸਾਫ਼ ਦੀ ਗੱਲ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 14 2020 10:39
Reading time: 2 mins, 35 secs

ਭਾਰਤ ਦੇ ਅੰਦਰ ਅੱਜ ਵੀ ਜਦੋਂ ਅਦਾਲਤਾਂ ਵਿੱਚੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ, ਉਹ ਮੌਤ ਨੂੰ ਗਲੇ ਲਗਾ ਰਹੇ ਹਨ। ਆਜ਼ਾਦ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਜਾਣ ਤੋਂ ਮਗਰੋਂ ਵੀ ਭਾਰਤ ਦੇ ਅੰਦਰ ਇਨਸਾਫ਼ ਮਿਲਣਾ ਹਾਲੇ ਸੌਖਾ ਨਹੀਂ ਰਿਹਾ। ਬੇਸ਼ੱਕ ਸਾਡੇ ਦੇਸ਼ ਦੇ ਆਪਣੇ ਕਾਨੂੰਨ ਤੇ ਆਪਣੀਆਂ ਅਦਾਲਤਾਂ ਸਥਾਪਤ ਹੋ ਚੁੱਕੀਆਂ ਹਨ, ਪਰ ਇੱਥੇ ਲੋਕਾਂ ਨੂੰ ਇਨਸਾਫ਼ ਘੱਟ ਅਤੇ ਦੋਸ਼ੀ ਜ਼ਿਆਦਾ ਠਹਿਰਾਹਿਆ ਜਾਂਦਾ ਹੈ। ਭਾਰਤ ਦੇ ਅੰਦਰ ਖ਼ਾਸ ਗੱਲ ਇਹ ਵੀ ਹੈ ਕਿ ਇੱਥੇ ਲੋਕਾਂ ਨੂੰ ਜਿੱਥੇ ਇਨਸਾਫ਼ ਨਹੀਂ ਮਿਲਦਾ, ਉੱਥੇ ਹੀ ਮੁੱਦਈ ਧਿਰ ਨੂੰ ਹੀ ਆਪਣੇ ਆਪ ਨੂੰ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਵੀ ਕਰਨੀ ਪੈਂਦੀ ਹੈ।

ਕਿਉਂਕਿ ਦੋਸ਼ੀ ਧਿਰ ਦੇ ਨਾਲ ਸਰਕਾਰਾਂ ਖੜੀਆਂ ਹੁੰਦੀਆਂ ਹਨ ਅਤੇ ਉਹ ਕਦੇ ਵੀ ਆਪਣੇ ਸੰਘੀ ਸਾਥੀ ਦੇ ਗਲ ਵਿੱਚ ਫ਼ਾਹਾ ਨਹੀਂ ਪੈਣ ਦਿੰਦੀਆਂ। ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸਿਆਸਤਦਾਨਾਂ ਦੇ ਵੱਲੋਂ ਕਾਨੂੰਨ ਦਾ ਸਹਾਰਾ ਲਿਆ ਜਾਂਦਾ ਹੈ, ਪਰ ਇਹ ਕਾਨੂੰਨ ਉਨ੍ਹਾਂ ਸਿਆਸੀ ਲੀਡਰ ਲਈ ਹੀ ਜਿਉਂਦਾ ਅਤੇ ਕੰਮ ਕਰਦਾ ਹੁੰਦਾ ਹੈ, ਜਿੰਨਾ ਲੋਕਾਂ ਦੀਆਂ ਜੇਬਾਂ ਪੈਸੇ ਦੇ ਨਾਲ ਉੱਤੋਂ ਤੱਕ ਭਰੀਆਂ ਹੁੰਦੀਆਂ ਹਨ। ਭਾਰਤ ਦੇ ਅੰਦਰ ਜਿੱਥੇ ਬਲਾਤਕਾਰੀਆਂ ਨੂੰ ਛੇਤੀ ਸਜ਼ਾ ਦੇਣ ਦਾ ਕੋਈ ਕਾਨੂੰਨ ਨਹੀਂ ਬਣਿਆ, ਉੱਥੇ ਹੀ ਕਾਤਲੋ ਗਾਦਰ ਦਿਨ ਦੀਵੀਂ ਹੋ ਜਾਵੇ, ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਕੋਈ ਢੰਗ ਤਰੀਕਾ ਪੁਲਿਸ ਨੇ ਨਹੀਂ ਬਣਾਇਆ।

ਅੱਜ ਤੋਂ ਪਹਿਲੋਂ ਅਸੀਂ ਬਿਹਾਰ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਮੁੰਬਈ ਰਾਜਸਥਾਨ ਆਦਿ ਰਾਜਾਂ ਦੇ ਵਿੱਚ ਇਹ ਸੁਣਿਆ ਕਰਦੇ ਸੀ ਕਿ ਇੱਥੇ ਦਿਨ ਦਿਹਾੜੇ ਕਿਸੇ ਦਾ ਕਤਲ ਹੋ ਜਾਵੇ, ਬਲਾਤਕਾਰ ਹੋ ਜਾਵੇ ਜਾਂ ਫਿਰ ਹੋਰ ਕੋਈ ਵੱਡੀ ਘਟਨਾ ਵਾਪਰ ਜਾਵੇ ਤਾਂ ਕੋਈ ਸੁਣਦਾ ਨਹੀਂ ਅਤੇ ਨਾ ਹੀ ਕੋਈ ਕਾਰਵਾਈ ਕਰਦਾ ਹੈ। ਪਰ ਬਾਹਰਲੇ ਰਾਜਾਂ ਤੋਂ ਜੋ ਅਸੀਂ ਸੁਣਿਆ ਕਰਦੇ ਸੀ, ਉਹ ਕੁੱਝ ਹੁਣ ਪੰਜਾਬ ਦੀ ਧਰਤੀ ਤੋਂ ਵੀ ਸੁਣਾਈ ਦੇ ਰਿਹਾ ਹੈ। ਖ਼ੈਰ, ਲੰਘੇ ਦਿਨੀਂ ਅਮ੍ਰਿਤਸਰ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਪਤੀ ਪਤਨੀ ਨੇ 5 ਸਾਲ ਮਗਰੋਂ ਵੀ ਆਪਣੀ ਧੀ ਦੇ ਕਾਤਲਾਂ ਨੂੰ ਸਜ਼ਾ ਨਾ ਮਿਲਣ ਤੋਂ ਦੁਖ਼ੀ ਹੋ ਕੇ, ਖ਼ਦਕੁਸ਼ੀ ਕਰ ਲਈ ਗਈ ਅਤੇ ਆਪਣਾ ਦਰਦ ਬਿਆਨ ਇੱਕ ਸੁਸਾਇਡ ਨੋਟ ਵਿੱਚ ਦਰਜ਼ ਕਰ ਦਿੱਤਾ ਗਿਆ। ਲੰਘੇ ਸ਼ਨੀਵਾਰ ਸ਼ਨੀਵਾਰ ਦੀ ਸਵੇਰੇ ਪਤੀ ਪਤਨੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਤਾਂ ਕਰ ਲਈ, ਪਰ ਉਨ੍ਹਾਂ ਦੀ ਖ਼ੁਦਕੁਸ਼ੀ ਤੋਂ ਮਗਰੋਂ ਜੋ ਸਵਾਲ ਉੱਠੇ ਉਹ ਬਹੁਤ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਨ।

ਜਾਣਕਾਰੀ ਦੇ ਮੁਤਾਬਿਕ ਖ਼ੁਦਕੁਸ਼ੀ ਕਰਨ ਵਾਲੇ ਰਜਿੰਦਰ ਕੁਮਾਰ ਨੇ ਸੁਸਾਇਡ ਨੋਟ ਵਿੱਚ ਆਪਣਾ ਦਰਦ ਬਿਆਨ ਕਰਦ ਹੋਏ ਲਿਖਿਆ ਕਿ ''ਮੇਰੀ ਬੇਟੀ ਸਾਰਿਕਾ ਦਾ ਵਿਆਹ ਸਾਲ 2011 ਵਿੱਚ ਨਿਤਿਨ ਨਾਲ ਹੋਇਆ ਸੀ। ਨਿਤਿਨ ਨੇ ਸਾਰਿਕਾ ਨੂੰ 2015 ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ। ਨਿਤਿਨ ਅਜੇ ਤੱਕ ਫਰਾਰ ਚੱਲ ਰਿਹਾ ਹੈ। ਰਜਿੰਦਰ ਕੁਮਾਰ ਨੇ ਸੁਸਾਇਡ ਨੋਟ ਵਿੱਚ ਦਰਦ ਬਿਆਨ ਕਰਦਿਆਂ ਦੋਸ਼ ਲਗਾਇਆ ਕਿ ਮੋਹਕਮਪੁਰਾ ਥਾਣੇ ਦੀ ਪੁਲਿਸ ਉਕਤ ਮਾਮਲੇ ਦੇ ਸਬੰਧ ਵਿੱਚ ਠੀਕ ਢੰਗ ਨਾਲ ਕਾਰਵਾਈ ਨਹੀਂ ਕਰ ਰਹੀ, ਉਹ ਮੋਹਕਮਪੁਰ ਪੁਲਿਸ ਤੋਂ ਬਹੁਤ ਪ੍ਰੇਸ਼ਾਨ ਹਨ। ਅਸੀਂ ਆਪਣੀ ਧੀ ਬਗ਼ੈਰ ਨਹੀਂ ਰਹਿ ਸਕਦੇ। ਇਸ ਲਈ ਸਾਡੇ ਵੱਲੋਂ ਚੁੱਕੇ ਜਾ ਰਹੇ ਕਦਮ ਲਈ ਮੋਹਕਮਪੁਰ ਪੁਲਿਸ, ਧੀ ਦੀ ਸੱਸ, ਸਹੁਰਾ, ਦਿਓਰ ਅਤੇ ਦਰਾਣੀ ਜ਼ਿੰਮੇਵਾਰ ਹੋਣਗੇ। ਅਲਵਿਦਾ!..

ਰਜਿੰਦਰ ਕੁਮਾਰ ਅਤੇ ਉਸ ਦੀ ਪਤਨੀ ਦੇ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲੋਂ ਲਿਖੇ ਗਏ ਸੁਸਾਇਡ ਨੋਟ ਵਿੱਚ ਬਿਆਨਿਆ ਦਰਦ ਇਸ ਗੱਲ ਦੀ ਗੁਆਹੀ ਭਰਦਾ ਹੈ ਕਿ ਪੁਲਿਸ ਪ੍ਰਸਾਸ਼ਨ ਦੀ ਕਾਰਵਾਈ ਤੋਂ ਰਜਿੰਦਰ ਕੁਮਾਰ ਹੁਰੀਂ ਸੰਤੁਸ਼ਟ ਨਹੀਂ ਸਨ। ਹੁਣ ਜੋ ਸਵਾਲ ਉੱਠਣੇ ਲਾਜ਼ਮੀ ਹਨ, ਉਹ ਇਹ ਹਨ ਕਿ ਕੀ ਭਾਰਤ ਦੇ ਅੰਦਰ ਇਸੇ ਤਰ੍ਹਾਂ ਹੀ ਇਨਸਾਫ਼ ਨਾ ਮਿਲਣ 'ਤੇ ਆਖ਼ਰ ਕਦੋਂ ਤੱਕ ਲੋਕ ਖ਼ੁਦਕੁਸ਼ੀਆਂ ਕਰਦੇ ਰਹਿਣਗੇ?