ਹਾਥਰਸ ਕਾਂਡ: ਜਾਂਚ ਉੱਤੇ ਜਾਂਚ ਦਾ ਪਹਿਰਾ, ਪਰ ਇਨਸਾਫ਼ ਕਿਧਰੇ ਨਜ਼ਰ ਨਹੀਂ ਆ ਰਿਹਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 13 2020 16:22
Reading time: 2 mins, 18 secs

ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਇੱਕ 19 ਵਰ੍ਹਿਆਂ ਦੀ ਕੁੜੀ ਦੇ ਨਾਲ 4 ਮੁੰਡਿਆਂ ਦੇ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਸਰੀਰ 'ਤੇ ਕਾਫ਼ੀ ਸੱਟਾਂ ਮਾਰੀਆਂ ਅਤੇ ਕੁੜੀ ਦੀ ਜੀਭ ਵੀ ਕੱਟ ਦਿੱਤੀ ਗਈ। ਕਰੀਬ ਦੋ ਹਫ਼ਤੇ ਜਖ਼ਮਾਂ ਦੀ ਤਾਬ ਨਾ ਸਹਾਰਦੀ ਹੋਈ ਪੀੜ੍ਹਤ ਕੁੜੀ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਜਦੋਂ ਤੋਂ ਕੁੜੀ ਦੀ ਮੌਤ ਹੋਈ ਹੈ, ਉਦੋਂ ਤੋਂ ਹੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਤੇ ਹਾਥਰਸ ਪ੍ਰਸਾਸ਼ਨ ਦੇ ਵੱਲੋਂ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਦੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮ੍ਰਿਤਕ ਕੁੜੀ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦੇ ਲਈ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਅੱਗੇ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ। ਯੂ.ਪੀ. ਤੋਂ ਇਲਾਵਾ ਪੂਰੇ ਦੇਸ਼ ਦੇ ਅੰਦਰ ਮ੍ਰਿਤਕ ਕੁੜੀ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਚੱਲ ਰਿਹਾ ਹੈ। ਇੱਥੇ ਦੱਸਣਯੋਗ ਗੱਲ ਇਹ ਹੈ ਕਿ ਆਵਾਜ਼ ਨੂੰ ਦਬਾਉਣ ਦੇ ਵਾਸਤੇ ਮ੍ਰਿਤਕਾ ਦੇ ਮਾਪਿਆਂ ਨੂੰ ਯੋਗੀ ਸਰਕਾਰ ਦੇ ਵੱਲੋਂ ਮੁਆਵਜ਼ਾ ਵੀ ਦੇ ਦਿੱਤਾ ਗਿਆ ਹੈ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਲੋਕ ਸੰਘਰਸ਼ ਨੂੰ ਵੇਖਦਿਆਂ ਸੀਬੀਆਈ ਵੀ ਇਸ ਮਾਮਲੇ 'ਤੇ ਜਾਂਚ ਕਰ ਰਹੀ ਹੈ।

ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਹੋਏ ਸਮੂਹਿਕ ਜਬਰ ਜਨਾਹ ਕਾਂਡ ਮਾਮਲੇ ਵਿੱਚ ਅੱਜ ਸੀ.ਬੀ.ਆਈ. ਦੀ ਟੀਮ ਕ੍ਰਾਈਮ ਸੀਨ ਦਾ ਦੌਰਾ ਕਰ ਰਹੀ ਹੈ ਅਤੇ ਸੁਣਿਆ ਹੈ ਕਿ ਉਹ ਅੱਜ ਸਬੂਤ ਇਕੱਠੇ ਕਰੇਗੀ, ਪਰ ਕੀ ਲੜਕੀ ਦੀ ਲਾਸ਼ ਜਿਹੜੀ ਰਾਤ ਦੇ ਮੂੰਹ ਹਨੇਰੇ ਵਿੱਚ ਪੁਲਿਸ ਵਾਲਿਆਂ ਨੇ ਪਰਿਵਾਰ ਦੀ ਗ਼ੈਰਹਾਜ਼ਰੀ ਵਿੱਚ ਸਾੜ ਦਿੱਤੀ ਗਈ, ਉਸ ਦਾ ਵੀ ਸੀਬੀਆਈ ਮੁਆਇਨਾ ਕਰੇਗੀ? ਖ਼ੈਰ, ਜਾਂਚ ਉੱਤੇ ਜਾਂਚ ਦਾ ਸਾਇਆ ਸ਼ਾਇਆ ਹੋਇਆ ਹੈ ਅਤੇ ਇਨਸਾਫ਼ ਕਿਧਰੇ ਵੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮਿਲਦਾ ਵਿਖਾਈ ਨਹੀਂ ਦੇ ਰਿਹਾ।

ਜਾਣਕਾਰੀ ਦੇ ਮੁਤਾਬਿਕ ਲੰਘੇ ਕੱਲ੍ਹ ਹਾਥਰਸ ਕਾਂਡ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਪੱਖ ਰੱਖਿਆ ਕਿ ਕਾਨੂੰਨ ਅਤੇ ਵਿਵਸਥਾ ਦੇ ਮੱਦੇਨਜ਼ਰ ਰਾਤ ਸਮੇਂ ਮ੍ਰਿਤਕ ਕੁੜੀ ਦਾ ਅਤਿਮ ਸਸਕਾਰ ਕੀਤਾ ਗਿਆ। ਬੇਸ਼ੱਕ ਜ਼ਿਲ੍ਹਾ ਪ੍ਰਸਾਸ਼ਨ ਆਪਣਾ ਪੱਖ ਰੱਖ ਕੇ ਪਿਛਾ ਹੱਟ ਗਿਆ ਹੋਵੇਗਾ, ਪਰ ਇੱਥੇ ਸਵਾਲ ਉੱਠਦਾ ਹੈ ਕਿ ਅਜਿਹੀ ਕਿਹੜੀ ਬਿੱਬਤਾ ਪੁਲਿਸ ਵਾਲਿਆਂ ਨੂੰ ਪਈ ਸੀ ਕਿ ਉਨ੍ਹਾਂ ਨੂੰ ਰਾਤ ਸਮੇਂ ਹੀ ਕੁੜੀ ਦਾ ਸਸਕਾਰ ਕਰਨਾ ਪਿਆ? ਕਿਤੇ ਪੁਲਿਸ ਸਬੂਤ ਤਾਂ ਨਹੀਂ ਸੀ ਮਿਟਾਉਣਾ ਚਾਹੁੰਦੀ?

ਬੇਸ਼ੱਕ ਜਾਂਚ ਟੀਮਾਂ ਦੇ ਵੱਲੋਂ ਆਪਣੀਆਂ ਜਾਂਚਾਂ ਕੀਤੀਆਂ ਜਾ ਰਹੀਆਂ ਹਨ, ਪਰ ਯੋਗੀ ਸਰਕਾਰ ਅਤੇ ਪ੍ਰਸਾਸ਼ਨ 'ਤੇ ਸਵਾਲਾਂ ਦੀ ਝੜੀ ਜੋ ਲੱਗੀ ਹੋਈ ਹੈ, ਉਸ ਦਾ ਅਸਲ ਵਿੱਚ ਜਵਾਬ ਕਿਧਰੇ ਵੀ ਕਿਸੇ ਨੂੰ ਨਹੀਂ ਮਿਲ ਰਿਹਾ। ਕਿਉਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਰਾਤ ਸਮੇਂ ਸਾੜਿਆ ਗਿਆ? ਕੁੜੀ ਨਾਲ ਬਲਾਤਕਾਰ ਕਰਨ ਤੇ ਤਸੀਹੇ ਦੇਣ ਤੋਂ ਤਿੰਨ ਹਫ਼ਤੇ ਬਾਅਦ ਤੱਕ ਵੀ ਮੁਲਜ਼ਮ ਚੁੱਪ ਕਿਉਂ ਰਹੇ?

ਭਾਜਪਾਈ ਕਿਉਂ ਬਲਾਤਕਾਰੀਆਂ ਦਾ ਸਾਥ ਦੇ ਕੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦੇਣ ਤੋਂ ਭੱਜ ਰਹੇ ਹਨ? ਕੀ ਸੀਬੀਆਈ ਜਾਂਚ ਫਿਰ ਹੋਰ ਉੱਚ ਏਜੰਸੀ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦੇਵੇਗੀ, ਇਹ ਇੱਕ ਵੱਡਾ ਸਵਾਲ ਸਭਨਾਂ ਦੇ ਮਨ ਵਿੱਚ ਹੈ? ਪਰ ਸਾਡੇ ਨਜ਼ਰੀਏ ਤੋਂ ਤਾਂ ਇਹੀ ਸਾਹਮਣੇ ਆ ਰਿਹਾ ਹੈ ਕਿ ਹਾਥਰਸ ਕਾਂਡ 'ਤੇ ਜਾਂਚ ਉੱਤੇ ਜਾਂਚ ਹੋ ਰਹੀ ਹੈ, ਪਰ ਇਨਸਾਫ਼ ਦਾ ਕਿਧਰੇ ਨਿਸ਼ਾਨ ਨਜ਼ਰੀ ਨਹੀਂ ਪੈ ਰਿਹਾ।