ਹੱਕ ਸੱਚ ਨੂੰ ਇਨਸਾਫ ਨਹੀਂ, ਸਿਰਫ਼ ਫ਼ਾਹਾ ਮਿਲ ਰਿਹੈ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 13 2020 16:19
Reading time: 2 mins, 0 secs

ਭਾਰਤ ਦੇਸ਼ ਦੇ ਅੰਦਰ ਅੱਜ ਅਜਿਹਾ ਮਾਹੌਲ ਪੈਦਾ ਹੋ ਚੁੱਕਿਆ ਹੈ ਕਿ ਜੇਕਰ ਕੋਈ ਵੀ ਆਪਣੇ ਹੱਕ ਸੱਚ ਲਈ ਇਨਸਾਫ਼ ਦੀ ਮੰਗ ਕਰਦਾ ਹੈ ਤਾਂ, ਜਾਂ ਤਾਂ ਉਸ ਨੂੰ ਜੇਲ੍ਹ ਦੇ ਅੰਦਰ ਸੁੱਟ ਦਿੱਤਾ ਜਾਂਦਾ ਹੈ, ਜਾਂ ਫਿਰ ਫ਼ਾਨੀ ਸੰਸਾਰ ਤੋਂ ਤੋਰ ਦਿੱਤਾ ਜਾਂਦਾ ਹੈ। ਭਾਰਤ ਦੇ ਅੰਦਰ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਹਰ ਸਰਕਾਰ ਦੇ ਵੱਲੋਂ ਹੀ ਕਿਸਾਨੀ ਮੰਗਾਂ, ਮਜ਼ਦੂਰਾਂ, ਕਿਰਤੀਆਂ ਤੋਂ ਇਲਾਵਾ ਮੁਲਾਜ਼ਮਾਂ ਤੇ ਵਿਦਿਅਰਥੀਆਂ ਦੀਆਂ ਮੰਗਾਂ ਨੂੰ ਕੁਚਲਣ ਦਾ ਕੰਮ ਕੀਤਾ ਹੈ।

ਬਹੁਤ ਸਾਰੇ ਕਿਸਾਨ, ਮਜ਼ਦੂਰ ਅਤੇ ਕਿਰਤੀ ਆਪਣੀਆਂ ਹੱਕੀ ਮੰਗਾਂ ਦੇ ਲਈ ਜਦੋਂ ਵੀ ਸੜਕਾਂ 'ਤੇ ਉਤਰੇ ਹਨ, ਉਨ੍ਹਾਂ ਦੇ ਸੰਘਰਸ਼ ਨੂੰ ਹਮੇਸ਼ਾ ਹੀ ਹਾਕਮ ਜਮਾਤ ਦੇ ਵੱਲੋਂ ਦਬਾਇਆ ਜਾਂਦਾ ਰਿਹਾ ਹੈ। ਇਨਕਲਾਬੀ ਧੜੇ ਹਮੇਸ਼ਾ ਹੀ ਹੱਕ ਸੱਚ ਦੇ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ, ਪਰ ਹਾਕਮ ਜਮਾਤ ਨੂੰ ਹੱਕ ਸੱਚ ਦੀ ਆਵਾਜ਼ ਪਾਸੰਦ ਨਹੀਂ। ਜਿਹੜੀ ਵੀ ਕ੍ਰਾਂਤੀਕਾਰੀ, ਇਨਕਲਾਬੀ ਅੱਜ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਗਦਰੀ ਬਾਬਿਆਂ ਦੀ ਸੋਚ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ।

ਉਨ੍ਹਾਂ ਕ੍ਰਾਂਤੀਕਾਰੀਆਂ ਤੇ ਇਨਕਲਾਬੀਆਂ 'ਤੇ ਅੱਤਵਾਦ ਦਾ ਟੈਗ ਲਗਾ ਕੇ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਦਿੱਤਾ ਜਾਂਦਾ ਹੈ। ਫ਼ਾਂਸੀਵਾਦੀ ਹਾਕਮਾਂ ਦੇ ਖ਼ਿਲਾਫ਼ ਕੇਸ ਲੜਣ ਵਾਲੇ ਵਕੀਲਾਂ ਤੇ ਬੁੱਧੀਜੀਵੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਜਿੱਥੇ ਉਨ੍ਹਾਂ 'ਤੇ ਕਾਲੇ ਕਾਨੂੰਨ ਮੜੇ ਜਾ ਰਹੇ ਹਨ, ਉੱਥੇ ਹੀ ਕਤਲ ਕਰਵਾਉਣ ਦੀਆਂ ਵੀ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਮਾਜਿਕ ਕਾਰਕੁੰਨ ਨੂੰ ਵੇਖ ਕੇ, ਸਮੇਂ ਦੀ ਸਰਕਾਰ ਥਰ ਥਰ ਕੰਬ ਰਹੀ ਹੈ, ਪਰ ਸਮਾਜਿਕ ਕਾਰਕੁੰਨਾਂ ਨੂੰ ਹਾਕਮ ਚੁੱਕ ਚੁਪੀਤੇ ਪੁਲਿਸ ਦੇ ਸਹਾਰੇ ਜੇਲ੍ਹਾਂ ਦੇ ਅੰਦਰ ਬੰਦ ਕਰਵਾ ਰਹੇ ਹਨ।

ਜਾਣਕਾਰੀ ਦੇ ਮੁਤਾਬਿਕ ਅੱਜ ਸਮੂਹ ਸਿਆਸੀ ਧਿਰਾਂ ਆਪਣੇ ਆਪਣੇ ਫ਼ਾਇਦੇ ਲਈ ਲੋਕ ਸੰਘਰਸ਼ ਵਿੱਚ ਹਿੱਸਾ ਲੈ ਰਹੀਆਂ ਹਨ, ਜਦੋਂਕਿ ਸੱਚੇ ਦਿਲੋਂ ਜੁੜਣ ਵਾਲੇ ਸਿਰਫ਼ ਕਾਮਰੇਡ ਹੀ ਹਨ। ਕਾਂਗਰਸੀ, ਅਕਾਲੀ ਅਤੇ ਆਮ ਆਦਮੀ ਪਾਰਟੀ ਵਾਲੇ ਹਮੇਸ਼ਾ ਹੀ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ, ਸੱਤਾ ਸੰਭਾਲਦੇ ਰਹੇ ਹਨ, ਪਰ ਇਨ੍ਹਾਂ ਨੇ ਕਦੇ ਵੀ ਸੱਤਾ ਹਾਸਲ ਕਰਨ ਤੋਂ ਬਾਅਦ ਲੋਕਾਂ ਦੀ ਗੱਲ ਨਹੀਂ ਸੁਣੀ। ਖ਼ੈਰ, ਕਾਮਰੇਡਾਂ ਦੇ ਵਿੱਚ ਵੀ ਹੁਣ ਬਹੁਤ ਧੜੇ ਬਣ ਚੁੱਕੇ ਹਨ, ਪਰ ਅਸਲ ਦੇ ਵਿੱਚ ਲੋਕ ਜਮਹੂਰੀ ਇਨਕਲਾਬ ਲਈ ਲੋਕਾਂ ਨੂੰ ਲਾਮਬੰਦ ਕਰਨ ਦੀ ਅਸਲ ਵਿੱਚ ਲੋੜ ਹੈ।

ਭਾਵੇਂ ਹੀ ਅੱਜ ਇਨਕਲਾਬੀ ਜਥੇਬੰਦੀਆਂ ਦੇ ਵੱਲੋਂ ਸਾਮਰਾਜਵਾਦ ਦੀਆਂ ਨੀਤੀਆਂ ਦਾ ਲਗਾਤਾਰ ਵਿਰੋਧ ਕੀਤਾ ਅਤੇ ਸਮਾਜਵਾਦ ਦੀ ਹਾਮੀ ਹਮੇਸ਼ਾ ਸਿਰਫ਼ ਸੀਪੀਆਈ ਹੀ ਭਰਦੀ ਰਹੀ ਹੈ। ਦੱਸ ਦਈਏ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਫਾਸ਼ੀਵਾਦ ਵੱਲ ਵੱਧ ਰਹੀ ਹੈ, ਜਿਸ ਕਾਰਨ ਘੱਟ ਗਿਣਤੀ, ਦਲਿਤਾਂ ਅਤੇ ਆਮ ਲੋਕਾਂ 'ਤੇ ਹਮਲੇ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਹੱਕ ਸੱਚ ਇਨਸਾਫ ਲਈ ਬੋਲਣ ਵਾਲੇ ਲੋਕਾਂ, ਬੁੱਧੀਜੀਵੀਆਂ ਨੂੰ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ।