ਬਾਦਲਾਂ ਦੀ ਅਖ਼ੌਤੀ ਕਿਸਾਨ ਜਥੇਬੰਦੀ ਲੱਖੋਵਾਲ ਟੁੱਟ ਭੱਜ ਗਈ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 13 2020 13:19
Reading time: 2 mins, 19 secs

ਕਿਸਾਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਵੀ ਧਰੋਹ ਕਮਾਇਆ ਹੈ, ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਣ ਵਾਲੇ ਲੀਡਰ ਹੋਣ, ਜਿਨ੍ਹਾਂ ਲੀਡਰਾਂ ਨੇ ਵੀ ਹਿਲਟਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲਾਗੂ ਕਰਕੇ, ਕਿਸਾਨਾਂ 'ਤੇ ਥੋਪਣ ਦਾ ਕੰਮ ਕੀਤਾ ਹੈ, ਉਨ੍ਹਾਂ ਨੂੰ ਹਮੇਸ਼ਾ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਅਜੋਕੇ ਸਮੇਂ ਵਿੱਚ ਭਾਵੇਂ ਹੀ ਭਾਰਤ ਦੇ ਅੰਦਰ ਅਣਗਿਣਤ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਬਣ ਚੁੱਕੀਆਂ ਹਨ, ਪਰ ਇ੍ਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕੁੱਝ ਕਿਸਾਨ ਜਥੇਬੰਦੀਆਂ ਸਰਕਾਰੀ ਸ਼ਹਿ 'ਤੇ ਚੱਲਣ ਵਾਲੀਆਂ ਜਥੇਬੰਦੀਆਂ ਹਨ।

ਜਿਨ੍ਹਾਂ ਨੂੰ ਹਾਕਮ ਧਿਰ ਦਾ ਥਾਪੜਾ ਹੁੰਦਾ ਹੈ ਅਤੇ ਉਹ ਕਿਸਾਨੀ ਹੱਕਾਂ ਨੂੰ ਕੁਚਲਣ ਲਈ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ। ਦਰਅਸਲ, ਬਾਦਲਾਂ ਦੀ ਜਥੇਬੰਦੀ ਕਹਿਲਾਉਣ ਵਾਲੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਉਸ ਦਿਨ ਤੋਂ ਟੁੱਟਣੀ ਭੱਜਣੀ ਸ਼ੁਰੂ ਹੋ ਗਈ ਹੈ, ਜਦੋਂ ਤੋਂ ਇਹ ਅਖੌਤੀ ਕਿਸਾਨ ਜਥੇਬੰਦੀ ਨੇ ਸੁਪਰੀਮ ਕੋਰਟ ਵਿੱਚ ਪਾਏ ਕੇਸ ਨੂੰ ਵਾਪਸ ਲਿਆ ਹੈ। ਪਹਿਲੋਂ ਤਾਂ ਕਿਸਾਨਾਂ ਦੀ ਸਲਾਹ ਤੋਂ ਬਿਨ੍ਹਾਂ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ।

ਪਰ ਜਦੋਂ, ਬਾਦਲਾਂ ਦਾ ਦਬਾਅ ਲੱਖੋਵਾਲ 'ਤੇ ਪਿਆ ਤਾਂ, ਲੱਖੋਵਾਲ ਆਪਣੇ ਬਿਆਨ ਤੋਂ ਪਲਟਦੇ ਹੋਏ, ਦਾਇਰ ਕੀਤੀ ਪਟੀਸ਼ਨ ਵਾਪਸ ਲੈ ਆਇਆ। ਕਿਸਾਨ ਜਥੇਬੰਦੀਆਂ ਇੱਕ ਪਾਸੇ ਤਾਂ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ, ਪਰ ਦੂਜੇ ਪਾਸੇ ਲੱਖੋਵਾਲ ਬਗ਼ੈਰ ਕਿਸੇ ਨੂੰ ਪੁੱਛੇ ਦੱਸੇ ਕੋਰਟ ਵਿੱਚ ਪਟੀਸ਼ਨ ਦਾਇਰ ਵੀ ਕਰ ਆਇਆ ਅਤੇ ਵਾਪਸ ਵੀ ਲੈ ਆਇਆ। ਸੰਘਰਸ਼ੀ ਪੈੜ ਵਿੱਚ ਉੱਤਰੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੱਖੋਵਾਲ ਨੂੰ ਹੁਣ ਅਖ਼ੌਤੀ ਕਿਸਾਨ ਜਥੇਬੰਦੀ ਦੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਬਰਨਾਲਾ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਮੁਕੰਮਲ ਤੌਰ 'ਤੇ ਸਫ਼ਾਇਆ ਲੰਘੇ ਦਿਨ ਹੋ ਗਿਆ। ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋਣ ਦੀ ਤਰ੍ਹਾਂ ਕਿਸਾਨ ਵੀ ਲੱਖੋਵਾਲ ਨਾਲੋਂ ਨਾਤਾ ਤੋੜ ਕੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਿੱਚ ਸ਼ਾਮਲ ਹੋ ਗਏ ਅਤੇ ਲੱਖੋਵਾਲ ਨੂੰ ਕਾਦੀਆਂ ਨੇ ਕਿਸਾਨਾਂ ਦੀ ਗੱਦਾਂਰ ਜਥੇਬੰਦੀ ਆਖਿਆ।

ਜਾਣਕਾਰੀ ਦੇ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਸੁਪਰੀਮ ਕੋਰਟ ਵਿੱਚ ਪਾਈ ਪਟੀਸਨ ਤੋਂ ਬਾਅਦ ਭਾਕਿਯੂ (ਲੱਖੋਵਾਲ) ਨੂੰ ਅਲਵਿਦਾ ਕਹਿਣ ਵਾਲੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਵੱਲੋਂ ਆਪਣੀ ਸਮੁੱਚੀ ਜ਼ਿਲ੍ਹਾ ਜਥੇਬੰਦੀ ਤੇ ਸੈਕੜੇ ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਆਪਣੇ ਜਾਰੀ ਬਿਆਨ ਵਿੱਚ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਭਾਕਿਯੂ (ਲੱਖੋਵਾਲ) ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਨੂੰ ਢਾਹ ਲਾਉਣ ਦੀ ਮਨਸਾ ਨਾਲ ਹੀ ਪਟੀਸ਼ਨ ਦਾਇਰ ਕੀਤੀ ਸੀ। 

ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਭਾਵੇਂ ਲੱਖੋਵਾਲ ਵੱਲੋਂ ਪਟੀਸ਼ਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ, ਪਰ ਉਸ ਦਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਬਰਨਾਲਾ ਵਿੱਚੋਂ ਲੱਖੋਵਾਲ ਗਰੁੱਪ ਦਾ ਸਫਾਇਆਂ ਹੋ ਚੁੱਕਾ ਹੈ। ਇਸੇ ਤਰ੍ਹਾਂ ਪੰਜਾਬ ਭਰ ਤੋਂ ਕਿਸਾਨ ਜਿਹੜੇ ਕਿ ਲੱਖੋਵਾਲ ਦੇ ਨਾਲ ਪਹਿਲੋਂ ਜੁੜੇ ਸਨ, ਉਹ ਲੱਖੋਵਾਲ ਨੂੰ ਅਲਵਿਦਾ ਆਖ ਕੇ, ਹੋਰਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜ ਰਹੇ ਹਨ।