ਇਤਿਹਾਸ ਨੂੰ ਮਿਥਿਹਾਸ ਨਾਲ ਰਲ-ਗੱਡ ਕਰਨ ਦੀਆਂ ਕੋਸ਼ਿਸ਼ਾਂ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 13 2020 13:17
Reading time: 2 mins, 52 secs

ਕੇਂਦਰੀ ਸਿਘਾਸਨ 'ਤੇ ਜਦੋਂ ਤੋਂ ਨਰਿੰਦਰ ਮੋਦੀ ਨੇ ਪੈਰ ਧਰਿਆ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੇ ਅੰਦਰ ਅਜਿਹਾ ਮਿਥਿਹਾਸ ਫ਼ੈਲਾਉਣ ਦਾ ਕਾਰੋਬਾਰ ਚੱਲ ਰਿਹਾ ਹੈ, ਜਿਸ ਨੂੰ ਸੁਣ ਕੇ, ਦੇਖ ਕੇ ਵੀ ਬੰਦਾ ਹੈਰਾਨ ਰਹਿ ਜਾਂਦਾ ਹੈ। ਮੋਦੀ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਅੱਜ ਦੇਸ਼ ਭਰ ਦੇ ਲੋਕ ਇੱਕ ਜੁੱਟ ਹੋ ਕੇ ਸੰਘਰਸ਼ ਕਰ ਰਹੇ ਹਨ, ਪਰ ਸੱਤਾ 'ਤੇ ਬਿਰਾਜਮਾਨ ਹਾਕਮਾਂ ਨੂੰ ਜਨਤਾ ਦੇ ਚੱਲ ਰਹੇ ਸੰਘਰਸ਼ ਦੀ ਭੋਰਾ ਪ੍ਰਵਾਹ ਨਹੀਂ। ਭਾਰਤੀ ਇਤਿਹਾਸ ਨੂੰ ਮਿਥਿਹਾਸ ਨਾਲ ਰਲ ਗੱਡ ਕਰਨ ਦੀਆਂ ਕੋਸ਼ਿਸ਼ਾਂ ਲੰਘੇ ਸਮੇਂ ਤੋਂ ਹਾਕਮ ਧਿਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਦਰਅਸਲ, ਜਦੋਂ ਲੋਕ ਬੋਲਣਾ ਬੰਦ ਕਰ ਦਿੰਦੇ ਹਨ ਤਾਂ, ਉਦੋਂ ਹਾਕਮ ਕੁੱਝ ਵੀ ਕਰੀ ਜਾਣ ਤਾਂ, ਸਮਾਜ ਨੂੰ ਉੱਕਾ ਪਤਾ ਨਹੀਂ ਲੱਗਦਾ। ਕਿਉਂਕਿ ਸਮਾਜ ਦਾ ਚੁੱਪ ਹੋਣਾ ਉਨ੍ਹਾਂ ਹੀ ਖ਼ਤਰਨਾਕ ਹੈ, ਜਿੰਨਾਂ ਸੁੱਤੇ ਪਏ ਲੋਕਾਂ ਨੂੰ ਅੱਬੜਵਾਹੇ ਉਠਾ ਕੇ, ਆਪਣੇ ਗਲ ਮੌਤ ਪਵਾ ਲੈਣਾ। ਇੱਕ ਪਾਸੇ ਤਾਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਦੇ ਅੰਦਰ ਮੁਜ਼ਾਹਰੇ ਚੱਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲਣ ਦੀਆਂ ਕੋਝੀਆਂ ਚਾਲਾਂ ਹਾਕਮਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਦਰਅਸਲ, ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਜ਼ੋਰਦਾਰ ਹੱਲਾ ਬੋਲਦਿਆਂ ਹੋਇਆ ਪੰਜਾਬ ਸਟੂਡੈਂਟਸ ਯੂਨੀਅਨ ਦੇ ਵੱਲੋਂ ਹੁਣ ਆਰਐਸਐਸ ਦੇ ਦਫ਼ਤਰਾਂ ਦਾ ਘਿਰਾਓ ਕਰਨ ਦਾ ਜੋ ਬੀੜਾ ਚੁੱਕਿਆ ਹੋਇਆ ਹੈ, ਉਹਨੂੰ ਬਹੁਤ ਜ਼ਿਆਦਾ ਬੂਰ ਪੈ ਰਿਹਾ ਹੈ। 'ਨਿਊਜ਼ਨੰਬਰ' ਨਾਲ ਤੜਕ ਸਵੇਰੇ ਗੱਲਬਾਤ ਕਰਦਿਆ ਹੋਇਆ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮੋਹਨ ਸਿੰਘ ਔਲਖ ਨੇ ਦੱਸਿਆ ਕਿ ਅਸੀਂ ਜਿਹੜੀ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰ ਰਹੇ ਹਾਂ, ਉਸ ਨਵੀਂ ਸਿੱਖਿਆ ਨੀਤੀ ਪਿੱਛੇ ਹਕੂਮਤ ਦੀ ਮਨਸ਼ਾ ਸਾਫ਼ ਦਿਖਾਈ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਬਾਰੇ ਜਿਹੜੀ ਜਾਣਕਾਰੀ ਇਸ ਵਕਤ ਦਿੱਤੀ ਜਾ ਰਹੀ ਹੈ, ਉਸ ਵਿੱਚ ਹਾਕਮਾਂ ਧਿਰ ਦੇ ਵੱਲੋਂ ਇਤਿਹਾਸ ਨੂੰ ਮਿਥਿਹਾਸ ਨਾਲ ਰਲ-ਗੱਡ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਨੂੰ ਇੱਕ ਮਿਥਿਹਾਸਿਕ ਪਾਤਰ ਦੀ ਵੰਸ਼ ਨਾਲ ਜੋੜਨ ਦੀ ਕੋਸ਼ਿਸ਼ ਕੋਈ ਅਣਜਾਣ ਕਿਸਮ ਦੀ ਗਲਤੀ ਨਹੀਂ, ਬਲਕਿ ਦੇਸ਼ ਵਿੱਚ ਵੰਨ-ਸੁਵੰਨਤਾ ਨੂੰ ਖਤਮ ਕਰਕੇ ਇੱਕੋ ਪਹਿਰਾਵਾ, ਇੱਕੋ ਬੋਲੀ, ਇੱਕੋ ਧਰਮ, ਇੱਕੋ ਨੇਤਾ, ਇੱਕ ਦੇਸ਼-ਇੱਕ ਮੰਡੀ ਵਰਗੇ ਨਾਅਰੇ ਪੱਕੇ ਕੀਤੇ ਜਾ ਰਹੇ ਹਨ।

ਜਿੱਥੋਂ ਸਾਫ਼ ਹੁੰਦਾ ਹੈ ਕਿ ਭਾਰਤੀ ਹੁਣ ਭਾਰਤੀ ਨਹੀਂ ਰਹਿਣ ਦਿੱਤੇ ਜਾਣਗੇ, ਜਾਂ ਤਾਂ ਮੋਦੀ ਭਗਤ ਬਣਨਾ ਪਵੇਗਾ ਤੇ ਜਾਂ ਮਾਰੇ ਜਾਣਗੇ। ਯਾਦ ਰੱਖਣਾ ਬਣਦਾ ਹੈ ਕਿ ਇਹ ਸਾਰੇ ਨਾਅਰੇ ਕਿਸੇ ਸਮੇਂ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਲਗਾਏ ਸਨ ਤੇ ਜਰਮਨੀ ਨੂੰ ਤਬਾਹੀ ਵੱਲ ਧੱਕ ਦਿੱਤਾ ਸੀ। ਅਸਲ ਵਿੱਚ ਜਿਸ ਤਰਾਂ ਹਿਟਲਰ ਚਾਹੁੰਦਾ ਸੀ ਕਿ ਜਰਮਨੀ ਵਿੱਚ ਸਿਰਫ਼ ਨਾਜ਼ੀ ਰਹਿਣਗੇ ਤੇ ਬਾਕੀ ਸਾਰੇ ਜਾਂ ਤਾਂ ਨਾਜ਼ੀ ਬਣੇ ਜਾਂ ਮਾਰੇ ਗਏ।

ਮੋਹਨ ਸਿੰਘ ਔਲਖ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਸਾਡੇ ਦੇਸ਼ ਵਿੱਚ ਵੀ ਨਵੀਂ ਸਿੱਖਿਆ ਨੀਤੀ ਦਾ ਆਉਣਾ, ਮੋਦੀ ਵੱਲੋਂ 5 ਅਗਸਤ ਨੂੰ ਰਾਮ ਮੰਦਿਰ ਦੇ ਉਦਘਾਟਨੀ ਸਮਾਗਮ ਵਿੱਚ ਦਿੱਤੇ ਗਏ ਭਾਸ਼ਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਥਿਹਾਸਿਕ ਪਾਤਰ ਰਾਮ ਨਾਲ ਜੋੜਨਾ, ਬੀਜੇਪੀ ਦੇ ਲੀਡਰਾਂ ਵੱਲੋਂ ਮੀਡਿਆ ਵਿੱਚ ਸ਼ਰੇਆਮ ਘੱਟ-ਗਿਣਤੀਆਂ ਖਿਲਾਫ ਜ਼ਹਿਰ ਉਗਲਣਾ ਕਿ ਜਾਂ ਤਾਂ ਬਹੁ-ਗਿਣਤੀ ਦੇ ਵਿੱਚ ਸਮਾ ਜਾਓ ਤੇ ਜਾਂ ਮਾਰੇ ਜਾਉਗੇ।

ਹਿਟਲਰ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਸੀਏਏ, ਐਨਪੀਆਰ ਵਰਗੇ ਕਾਨੂੰਨ ਲੈ ਕੇ ਆਉਣੇ ਅਤੇ ਕਾਨੂੰਨਾਂ ਦਾ ਵਿਰੋਧ ਕਰਨ ਬਦਲੇ ਸ਼ਰੇਆਮ ਦਿੱਲੀ ਵਿੱਚ ਮੁਸਲਮਾਨਾਂ ਦੇ ਘਰਾਂ ਨੂੰ ਅੱਗਾਂ ਲਾਉਣਾ, ਮਾਰ-ਧਾੜ ਕਰਨਾ, ਕਤਲੇਆਮ ਮਚਾਉਣਾ ਸਾਨੂੰ ਇਸ ਸਭ ਨੂੰ ਸਮਝਣਾ ਪਵੇਗਾ।

ਮੋਹਨ ਸਿੰਘ ਔਲਖ ਨੇ ਕਿਹਾ ਕਿ ਸਾਨੂੰ ਖੇਤੀਬਾੜੀ ਆਰਡੀਨੈਂਸਾਂ, ਜਿਹੜੇ ਹੁਣ ਧੱਕੇ ਨਾਲ ਪਾਸ ਕਰਦਿਆਂ ਕਾਨੂੰਨ ਬਣਾਏ ਜਾ ਚੁੱਕੇ ਹਨ, ਬਾਰੇ ਸਮਝਣ ਲਈ ਮੋਦੀ ਹਕੂਮਤ ਦੀ ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਵਿਰੋਧੀ ਅਤੇ ਅੰਬਾਨੀਆਂ-ਅਡਾਨੀਆਂ ਦੇ ਦੱਲੇ ਅਤੇ ਤਾਨਾਸ਼ਾਹੀ (ਹਿਟਲਰ) ਰਾਜ ਦੇ ਹਾਮੀ ਕਿਰਦਾਰ ਨੂੰ ਸਮਝਣਾ ਪਵੇਗਾ ਅਤੇ ਜ਼ੋਰਦਾਰ ਵਿਰੋਧ ਦੀ ਲਹਿਰ ਉਸਾਰਨੀ ਪਵੇਗੀ। ਉਨ੍ਹਾਂ ਨੇ ਪੰਜਾਬ ਦੀ ਜਵਾਨ ਨੂੰ ਸੱਦਾ ਦਿੱਤਾ ਕਿ 15 ਅਕਤੂਬਰ ਨੂੰ ਆਰ ਐਸ ਐਸ ਦੇ ਮੋਗਾ ਦਫਤਰ ਅੱਗੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੋ।