ਰੁਜ਼ਗਾਰ ਮੇਲਾ ਸਰਕਾਰੀ ਖ਼ਰਚੇ 'ਤੇ, ਪਰ ਨੌਕਰੀ ਨਿੱਜੀ ਕੰਪਨੀ 'ਚ!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 12 2020 17:42
Reading time: 2 mins, 11 secs

ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਵੱਲੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਬੀੜਾ ਪਿਛਲੇ ਸਾਢੇ ਕੁ ਤਿੰਨ ਸਾਲਾਂ ਤੋਂ ਚੁੱਕਿਆ ਹੋਇਆ ਹੈ। ਕੈਪਟਨ ਸਰਕਾਰ ਦੇ ਵੱਲੋਂ ਨੌਕਰੀਆਂ ਬੇਰੁਜ਼ਗਾਰਾਂ ਨੂੰ ਦਿੱਤੀਆਂ ਤਾਂ ਜਾ ਰਹੀਆਂ ਹਨ, ਪਰ ਪ੍ਰਾਈਵੇਟ ਖੇਤਰ ਵਿੱਚ। ਸਰਕਾਰੀ ਖ਼ਰਚੇ 'ਤੇ ਸਰਕਾਰ ਦੇ ਵੱਲੋਂ ਰੁਜ਼ਗਾਰ ਮੇਲਿਆਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਪਰ ਉੱਥੇ ਇੱਕ ਵੀ ਸਰਕਾਰੀ ਵਿਭਾਗ ਨਹੀਂ ਬੁਲਾਇਆ ਜਾ ਰਿਹਾ।

ਸਰਕਾਰੀ ਖ਼ਰਚੇ 'ਤੇ ਲੱਗਣ ਵਾਲੇ ਰੁਜ਼ਗਾਰ ਮੇਲਿਆਂ ਵਿੱਚ ਪੁੱਜ ਰਹੀਆਂ ਪ੍ਰਾਈਵੇਟ ਕੰਪਨੀਆਂ ਆਪਣੀ ਮਨਮਰਜ਼ੀ ਦੀ ਤਨਖ਼ਾਹ ਬੇਰੁਜ਼ਗਾਰਾਂ ਨੂੰ ਦੇਣ ਦਾ ਵਾਅਦਾ ਕਰ ਰਹੀਆਂ ਹਨ, ਪਰ ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਤੋਂ ਇਲਾਵਾ ਵੀ ਜੇਕਰ ਨੌਜਵਾਨ ਸਿੱਧਾ ਪ੍ਰਾਈਵੇਟ ਕੰਪਨੀਆਂ ਦੇ ਦਫ਼ਤਰ ਜਾ ਕੇ ਨੌਕਰੀ ਅਪਲਾਈ ਕਰਦੇ ਹਨ ਤਾਂ, ਵੀ ਨੌਕਰੀ ਮਿਲਣ ਦੇ ਚਾਂਸ ਹੁੰਦੇ ਹਨ। ਸਰਕਾਰੀ ਮੇਲਿਆਂ ਵਿੱਚ ਪ੍ਰਾਈਵੇਟ ਨੌਕਰੀਆਂ ਨੌਜਵਾਨਾਂ ਨੂੰ ਦੇ ਕੇ, ਇੱਕ ਤਾਂ ਸਰਕਾਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ।

ਦੂਜਾ ਇਹ ਸਰਕਾਰ, ਰੁਜ਼ਗਾਰ ਮੇਲਿਆਂ ਦੇ ਨਾਂਅ 'ਤੇ ਸਰਕਾਰੀ ਖ਼ਜ਼ਾਨੇ ਨੂੰ ਖਾਲੀ ਕਰਨ ਦੇ ਵਿੱਚ ਰੁੱਝੀ ਹੋਈ ਹੈ। ਜਾਣਕਾਰੀ ਦੇ ਮੁਤਾਬਿਕ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਅੰਦਰ ਇਸ ਵੇਲੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਖੇ ਵੀ 15 ਅਕਤੂਬਰ 2020 ਨੂੰ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਬਿਉਰੋ ਆਫ ਰੋਜ਼ਗਾਰ ਅਤੇ ਕਾਰੋਬਾਰ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ।  

ਸਰਕਾਰੀ ਖ਼ਰਚੇ 'ਤੇ ਲੱਗਣ ਵਾਲੇ ਰੁਜ਼ਗਾਰ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਅਫਸਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਪ੍ਰਾਰਥੀਆਂ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਬਿਉਰੋ ਆਫ ਰੋਜ਼ਗਾਰ ਅਤੇ ਕਾਰੋਬਾਰ, ਫਿਰੋਜ਼ਪੁਰ ਵੱਲੋਂ 15 ਅਕਤੂਬਰ 2020 ਨੂੰ ਰੋਜ਼ਗਾਰ ਮੇਲਾ ਲਗਾਇਆ ਜਾਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਰੁਜ਼ਗਾਰ ਮੇਲੇ ਵਿਚ ਈ. ਈ ਵਰਬੰਦ ਐਲਐਲਪੀ ਕੰਪਨੀ ਵੱਲੋਂ ਸ਼ਿਰਕਤ ਕੀਤੀ ਜਾਣੀ ਹੈ।

ਇਸ ਕੰਪਨੀ ਲਈ ਘੱਟੋ-ਘੱਟ ਵਿੱਦਿਅਕ ਯੋਗਤਾ 12ਵੀਂ ਪਾਸ ਹੈ। ਕੰਪਨੀ ਵੱਲੋਂ ਪਹਿਲੇ 3 ਮਹੀਨੇ ਪ੍ਰਾਰਥੀਆਂ ਨੂੰ ਟ੍ਰੇਨਿੰਗ 'ਤੇ ਰੱਖਿਆ ਜਾਵੇਗਾ, ਜਿਸ ਵਿੱਚ ਸਿਲੈਕਟ ਹੋਏ ਪ੍ਰਾਰਥੀਆਂ ਨੂੰ ਹਰ ਮਹੀਨੇ 4,000 ਰੁਪਏ ਸਟਾਈਪੈਂਡ ਦਿੱਤਾ ਜਾਵੇਗਾ ਅਤੇ ਤਿੰਨ ਮਹੀਨੇ ਉਪਰੰਤ ਉਮੀਦਵਾਰਾਂ ਦਾ ਸਲਾਨਾ ਪੈਕੇਜ਼ 4 ਲੱਖ ਰੁੱਪਏ ਹੋਵੇਗਾ। ਇਸ ਸਬੰਧੀ 15 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਜ਼ਿਲ੍ਹਾ ਬਿਉਰੋ ਆਫ ਰੋਜਗਾਰ ਅਤੇ ਕਾਰੋਬਾਰ ਫਿਰੋਜ਼ਪੁਰ ਵਿਖੇ ਇੰਟਰਵਿਊ ਹੋਵੇਗੀ ਅਤੇ ਸਿਲੈਕਟ ਹੋਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਨਿਯੁੱਕਤੀ ਪੱਤਰ ਦਿੱਤੇ ਜਾਣਗੇ।

ਦੱਸ ਦਈਏ ਕਿ ਜ਼ਿਲ੍ਹਾ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਅਫਸਰ ਅਸ਼ੋਕ ਜਿੰਦਲ ਖ਼ੁਦ ਆਪਣੇ ਬਿਆਨ ਵਿੱਚ ਮੰਨਿਆ ਕਿ ਪ੍ਰਾਈਵੇਟ ਖੇਤਰ ਵਿੱਚ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਹੁਣ ਪੰਜਾਬ ਦੀ ਕੈਪਟਨ ਸਰਕਾਰ ਨੂੰ ਇੱਕ ਸਵਾਲ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਤਾਂ ਤੁਸੀਂ ਵਾਅਦਾ ਘਰ ਘਰ ਸਰਕਾਰੀ ਨੌਕਰੀ ਦੇਣ ਦਾ ਕੀਤਾ ਸੀ, ਹੁਣ ਪ੍ਰਾਈਵੇਟ ਖੇਤਰ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿਵਾ ਕੇ ਕਿਉਂ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰ ਰਹੇ ਹੋ?