ਕੀ ਭਾਜਪਾ ਦੇ ਮੰਤਰੀ ਦੀ ਗੱਲ ਸੁਣਨਗੇ ਕਿਸਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 12 2020 17:27
Reading time: 2 mins, 3 secs

ਇੱਕ ਪਾਸੇ ਤਾਂ ਕਿਸਾਨ ਤੇ ਲੋਕ ਮਾਰੂ ਨੀਤੀਆਂ ਮੋਦੀ ਸਰਕਾਰ ਦੇ ਵੱਲੋਂ ਲਿਆਂਦੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਨੀਤੀਆਂ 'ਤੇ ਪਰਦਾ ਪਾਉਣ ਦੇ ਲਈ ਆਪਣੇ ਅਜਿਹੇ ਸ਼ੇਰ ਤਿਆਰ ਕੀਤੇ ਜਾ ਰਹੇ ਹਨ, ਜੋ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨ ਦੇ ਫ਼ਾਇਦੇ ਦੱਸਣਗੇ। ਜਾਣਕਾਰੀ ਦੇ ਮੁਤਾਬਿਕ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਵੱਲੋਂ ਹੁਣ ਆਪਣੇ 8 ਮੰਤਰੀਆਂ ਨੂੰ ਪੰਜਾਬ ਦੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।

ਜਾਣਕਾਰੀ ਇਹ ਹੈ ਕਿ ਭਾਜਪਾ ਦੇ 8 ਮੰਤਰੀ ਹੁਣ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਬਾਰੇ ਗੁਰ ਦੱਸਣਗੇ ਤਾਂ, ਜੋ ਕਿਸਾਨ ਆਪਣੇ ਰੋਹ ਨੂੰ ਘੱਟ ਕਰ ਦੇਣ। ਪਰ, ਕਿਸਾਨਾਂ ਦੀ ਵੀ ਹੁਣ ਜਿੱਦ ਹੈ, ਉਹ ਗੱਲ ਕਰਨਗੇ ਤਾਂ ਸਿੱਧਾ ਮੋਦੀ ਨਾਲ ਹੀ ਕਰਨਗੇ, ਕਿਸੇ ਭਾਜਪਾਈ ਮੰਤਰੀ ਨਾਲ ਕੋਈ ਗੱਲ ਕਿਸਾਨ ਨਹੀਂ ਕਰਨਗੇ। ਕਿਉਂਕਿ ਇਹ ਭਾਜਪਾਈ ਮੰਤਰੀ ਸਿਰਫ਼ ਮੋਦੀ ਦੁਆਰਾ ਪੜ੍ਹਾਏ ਗਏ ਪਾਠ ਨੂੰ ਹੀ ਅੱਗੇ ਕਿਸਾਨਾਂ ਨੂੰ ਸੁਣਾਉਣਗੇ। ਕਿਸਾਨਾਂ ਦਾ ਦੋਸ਼ ਹੈ ਕਿ ਭਾਜਪਾਈ ਮੰਤਰੀ, ਜੋ ਕਿਸਾਨਾਂ ਨਾਲ ਗੱਲਬਾਤ ਕਰਨਗੇ।

ਇਹ ਭਾਜਪਾਈ ਮੰਤਰੀ ਮਾੜਾ ਮੋਟਾ ਵੀ ਖੇਤੀ ਬਾਰੇ ਗਿਆਨ ਨਹੀਂ ਰੱਖਦੇ। ਕਿਤਾਬਾਂ ਪੜ੍ਹ ਕੇ ਤਾਂ ਹਰ ਕੋਈ ਕਹਿ ਸਕਦਾ ਹੈ ਕਿ 'ਮੈਂ ਕਿਸਾਨ ਹਾਂ', ਪਰ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਨੂੰ ਪਤਾ ਹੈ ਕਿ ਅਸਲ ਵਿੱਚ ਕਿਸਾਨ ਕੌਣ ਹੈ? ਜਾਣਕਾਰੀ ਦੇ ਮੁਤਾਬਿਕ ਖੇਤੀ ਬਿੱਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਧਰਨਾ ਦੇ ਰਹੀਆਂ ਹਨ, ਉਥੇ, ਭਾਜਪਾ ਨੇ ਕਿਸਾਨਾਂ ਨੂੰ ਬਿੱਲਾਂ ਦੀਆਂ ਬਾਰੀਕੀਆਂ ਨੂੰ ਦੱਸਣ ਤੇ ਉਨ੍ਹਾਂ ਦੇ ਖ਼ਦਸ਼ਿਆਂ 'ਤੇ ਚਰਚਾ ਕਰਨ ਲਈ 8 ਮੰਤਰੀਆਂ ਨੂੰ ਫੀਲਡ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ।

ਇਹ ਮੰਤਰੀ ਕਿਸਾਨਾਂ ਨਾਲ ਵਰਚੁਅਲ ਬੈਠਕ ਕਰਨਗੇ, ਜਿਸ ਦੀ ਸ਼ੁਰੂਆਤ 13 ਅਕਤੂਬਰ ਨੂੰ ਅੰਮਿਤਸਰ ਤੋਂ ਹੋਵੇਗੀ। ਲੰਘੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੋਣ ਵਾਲੀ ਵਰਚੁਅਲ ਬੈਠਕ ਨੂੰ ਲੈ ਕੇ ਮੀਟਿੰਗ ਕੀਤੀ। ਅਹਿਮ ਪਹਿਲੂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਆਪਣੇ ਆਪ ਨੂੰ ਕਿਸਾਨਾਂ ਤੱਕ ਹੀ ਸੀਮਤ ਨਹੀਂ ਰੱਖਿਆ ਹੈ। ਕੇਂਦਰੀ ਮੰਤਰੀਆਂ ਦੀ ਬੈਠਕ ਵਿੱਚ ਆੜ੍ਹਤੀਆਂ, ਖੇਤੀ ਵਿਗਿਆਨੀਆਂ ਅਤੇ ਖੇਤ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਦੂਜੇ ਪਾਸੇ, ਕਿਸਾਨਾਂ ਦਾ ਰੋਹ ਹੈ ਕਿ ਉਹ ਕਿਸੇ ਵੀ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਨੂੰ, ਆਗੂ ਨੂੰ ਜਾਂ ਫਿਰ ਕਿਸੇ ਜਾਅਲੀ ਖੇਤ ਮਜ਼ਦੂਰ ਜਾਂ ਫਿਰ ਆੜ੍ਹਤੀਏ ਨੂੰ ਧਰਨੇ ਵਿੱਚ ਸ਼ਾਮਲ ਨਹੀਂ ਹੋਣ ਦੇਣਗੇ। ਕਿਸਾਨਾਂ ਦਾ ਸਿੱਧਾ ਅਤੇ ਸਪੱਸ਼ਟ ਜਵਾਬ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਬਾਰੇ ਵਿੱਚ ਸਿੱਧਾ ਮੋਦੀ ਨਾਲ ਗੱਲ ਕਰਨਗੇ, ਕਿਉਂÎਕਿ ਮੋਦੀ ਤੋਂ ਥੱਲੇ ਕੋਈ ਵੀ ਭਾਜਪਾਈ ਲੀਡਰ ਇਹ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕਦਾ। ਕੇਂਦਰੀ ਖੇਤੀਬਾੜੀ ਮੰਤਰੀ ਅਤੇ ਮੋਦੀ ਕਿਸਾਨਾਂ ਨਾਲ ਜੇ ਮੀਟਿੰਗ ਕਰਕੇ ਖੇਤੀ ਕਾਨੂੰਨ ਰੱਦ ਕਰਨ ਦਾ ਵਿਸਵਾਸ਼ ਦੇਣਗੇ ਤਾਂ, ਹੀ ਕਿਸਾਨ ਮੀਟਿੰਗ ਕਰਨ ਲਈ ਤਿਆਰ ਹੋਣਗੇ, ਨਹੀਂ ਤਾਂ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ।