ਅੰਨਦਾਤੇ ਦਾ ਸੰਘਰਸ਼: ਹਾਕਮਾਂ ਦੀਆਂ ਜੜ੍ਹਾਂ ਹਿਲਾਉਣ ਵਾਲਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 12 2020 17:24
Reading time: 1 min, 30 secs

ਪਿਛਲੇ ਕਈ ਦਿਨਾਂ ਤੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਅਤੇ ਕਿਰਤੀ ਲੋਕ ਸੜਕਾਂ 'ਤੇ ਹਨ। ਪਿਛਲੇ ਤਿੰਨ ਹਫ਼ਤਿਆਂ ਤੋਂ ਕਿਸਾਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਰੇਲ ਟਰੈਕ ਅਤੇ ਟੋਲ ਪਲਾਜ਼ੇ ਬਿਲਕੁਲ ਬੰਦ ਕੀਤੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਸਰਕਾਰੀ ਵਿਭਾਗਾਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਬੰਦ ਕੀਤਾ ਜਾਵੇ।

ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆ ਲਗਾਤਾਰ ਹਾਕਮ ਧਿਰ ਕਿਸਾਨਾਂ ਨੂੰ ਗੱਲਬਾਤ ਲਈ ਸੱਦੇ ਵੀ ਭੇਜ ਰਹੀ ਹੈ। ਇਹ ਭੇਜੇ ਜਾ ਰਹੇ ਕਿਸਾਨਾਂ ਨੂੰ ਸੱਦੇ ਇਸ ਗੱਲ ਦੀ ਗੁਆਹੀ ਭਰਦੇ ਹਨ ਕਿ ਕਿਸਾਨਾਂ ਦੇ ਰੋਹ ਤੋਂ ਕੇਂਦਰ ਦੇ ਹਾਕਮਾਂ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ। ਕਿਸਾਨਾਂ, ਨੌਜਵਾਨਾਂ ਅਤੇ ਵਕੀਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੀ ਦੁਨੀਆ ਸੂਬੇ ਪੰਜਾਬ ਵਿੱਚ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵੱਲ ਹੈ।

ਕਿਉਂਕਿ ਪਹਿਲੀ ਵਾਰ ਹੈ ਕਿ ਕਿਸਾਨੀ ਬਚਾਉਣ ਲਈ ਪੰਜਾਬ ਭਰ ਵਿੱਚੋਂ ਹਰ ਵਰਗ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਹੈ। ਕੇਂਦਰ ਦੀ ਮੋਦੀ ਸਰਕਾਰ 2014 ਵਿੱਚ ਆਈ ਸੀ, ਜਿਸ ਦਿਨ ਤੋਂ ਮੋਦੀ ਸਰਕਾਰ ਨੇ ਰਾਜ ਭਾਗ ਸੰਭਾਲਿਆ ਹੈ, ਉਸੇ ਸਮੇਂ ਤੋਂ ਹੀ ਨਿੱਜੀਕਰਨ ਤੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। 2014 ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।

ਕਿਸਾਨਾਂ ਨਾਲ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਕੀਤਾ ਵਾਅਦਾ ਵੀ ਪੂਰਾ ਨਹੀਂ ਹੋਇਆ। ਉਲਟਾ 2019 ਵਿਚ ਦੁਬਾਰਾ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਤੋਂ ਬਾਅਦ ਖੇਤੀ ਸੁਧਾਰ ਬਿੱਲ ਲਾਗੂ ਕਰਕੇ ਕਾਨੂੰਨ ਬਣਾ ਦਿੱਤੇ ਗਏ। ਪੂਰੇ ਪੰਜਾਬ ਵਿੱਚ ਕਿਸਾਨੀ ਦੀ ਹਮਦਰਦੀ ਵਾਸਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੇ ਮੁੱਖ ਮੰਤਰੀ ਨੇ ਪੰਜਾਬ ਵਿਚ ਟਰੈਕਟਰ ਰੈਲੀਆਂ ਕੀਤੀਆਂ। 

ਇਹ ਸਿਰਫ 2022 ਦੀਆਂ ਚੋਣਾਂ ਦੀ ਤਿਆਰੀ ਹੈ, ਜਦਕਿ ਮੋਦੀ ਤੇ ਕੈਪਟਨ ਸਰਕਾਰ ਧਰਨਾਕਾਰੀਆਂ ਨੂੰ ਡਰਾ ਧਮਕਾ ਦੇ ਉਨ੍ਹਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ। ਪਰ ਕਿਸਾਨ ਅਤੇ ਹੋਰ ਭਰਾਰਤੀ ਜਥੇਬੰਦੀਆਂ ਡਰਨ ਵਾਲੀਆਂ ਨਹੀਂ ਅਤੇ ਨਾ ਹੀ ਇਹ ਜਥੇਬੰਦੀਆਂ ਹੁਣ ਪਿੱਛੇ ਹਟਣ ਵਾਲੀਆਂ ਹਨ।