ਕਿਸਾਨਾਂ ਨੇ ਮੋਦੀ ਨੂੰ ਬਣਾ ਦਿੱਤਾ ਕਲਯੁਗੀ ਰਾਵਣ ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 12 2020 17:21
Reading time: 2 mins, 37 secs

ਰਾਮ ਭਗਤਾਂ ਦੇ ਵੱਲੋਂ ਹਰ ਸਾਲ ਰਾਵਣ ਦੇ ਬੁੱਤਾਂ ਨੂੰ ਅੱਗ ਲਗਾਈ ਜਾਂਦੀ ਹੈ। ਪਰ ਹਰ ਸਾਲ ਹੀ ਰਾਵਣ ਫਿਰ ਜਿਉਂਦਾ ਹੋ ਜਾਂਦਾ ਹੈ। ਰਾਵਣ ਨੂੰ ਸਾੜਨ ਦਾ ਸਿਲਸਿਲਾ ਅੱਜ ਤੋਂ ਨਹੀਂ, ਬਲਕਿ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪਰ ਰੂੜੀਵਾਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਹੀਂ ਪਤਾ ਕਿ ਮਹਾਤਮਾ ਰਾਵਣ ਦੇ ਕੀ ਚੰਗੇ ਕੰਮ ਸਨ? ਖੈਰ ਅੱਜ ਦੇ ਇਸ ਲੇਖ ਵਿੱਚ ਅਸੀਂ ਰਾਵਣ ਦੇ ਚੰਗੇ ਜਾਂ ਮਾੜੇ ਕੰਮਾਂ ਦੇ ਬਾਰੇ ਵਿਚ ਜ਼ਿਕਰ ਨਹੀਂ ਜਾਵਾਂਗੇ। ਅਸੀਂ ਅੱਜ ਦੇ ਇਸ ਲੇਖ ਦੇ ਵਿੱਚ ਕਿਸਾਨਾਂ ਦੁਆਰਾ ਬਣਾਏ ਗਏ ਕਲਯੁਗੀ ਰਾਵਣ ਨਰਿੰਦਰ ਮੋਦੀ ਦੀ ਗੱਲ ਨੂੰ ਵੀ ਕਰਾਂਗੇ।

ਦੱਸ ਦਈਏ ਕਿ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਪਿਛਲੇ ਕਰੀਬ 3 ਹਫ਼ਤੇ ਤੋਂ ਕਿਸਾਨ ਮਜ਼ਦੂਰ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਨੌਜਵਾਨ ਰੇਲ ਪਟੜੀਆਂ 'ਤੇ ਬੈਠੇ ਹੋਏ ਹਨ। ਇਨ੍ਹਾਂ ਕਿਸਾਨਾਂ ਦੀ ਮੰਗ ਹੈ ਕਿ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਨੂੰ ਕੇਂਦਰ ਦੀ ਮੋਦੀ ਹਕੂਮਤ ਰੱਦ ਕਰੇ, ਨਹੀਂ ਤਾਂ ਉਹ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਹਿਟਲਰ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਦੇਸ਼ ਵਾਸੀਆਂ ਨੂੰ ਕੁਚਲਣ ਤੇ ਲੱਗੀ ਹੋਈ ਹੈ।

ਇਹ ਹਕੂਮਤ ਵੱਲੋਂ ਸਭ ਤੋਂ ਵੱਧ ਘੱਟ ਗਿਣਤੀਆਂ ਅਤੇ ਸਿੱਖਾਂ, ਮੁਸਲਮਾਨਾਂ ਤੋਂ ਇਲਾਵਾ ਆਦਿਵਾਸੀਆਂ 'ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਖੇਤੀ ਆਰਡੀਨੈਂਸ ਦੇ ਜ਼ਰੀਏ ਜਿੱਥੇ ਕਿਸਾਨ ਨੂੰ ਖ਼ਤਮ ਕਰਨ ਦੀਆਂ ਚਾਲਾਂ ਮੋਦੀ ਸਰਕਾਰ ਦੇ ਵੱਲੋਂ ਚੱਲੀਆਂ ਜਾ ਰਹੀਆਂ ਹਨ, ਉਥੇ ਹੀ ਮੋਦੀ ਦੇ ਜੋਟੀਦਾਰ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਸਰਕਾਰੀ ਖੇਤੀ ਮੰਡੀ 'ਤੇ ਵੀ ਕਬਜ਼ਾ ਕਰ ਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸੈਂਕੜੇ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਦੇ ਵੱਲੋਂ ਹੁਣ ਦੁਸਹਿਰੇ ਮੌਕੇ ਕਲਯੁਗੀ ਰਾਵਣ ਨਰਿੰਦਰ ਮੋਦੀ ਦੇ ਪੁਤਲੇ ਸਾੜਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੋਦੀ ਕਲਯੁਗੀ ਰਾਵਣ ਹੈ, ਜੋ ਭਾਰਤੀ ਲੋਕਾਂ ਨੂੰ ਫਿਰ ਤੋਂ ਗ਼ੁਲਾਮ ਬਣਾਉਣ 'ਤੇ ਲੱਗਿਆ ਹੋਇਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਰਾਵਣ ਰੂਪੀ ਅੰਬਾਨੀ, ਅਡਾਨੀ ਤੇ ਉਹਨਾਂ ਦੇ ਜੋਟੀਦਾਰ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਆਉਣ ਵਾਲੇ ਕੁੱਝ ਦਿਨਾਂ ਦੇ ਅੰਦਰ ਫ਼ੂਕੇ ਜਾਣਗੇ ਅਤੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਪੰਜਾਬ ਭਰ ਦੇ ਪਿੰਡਾਂ ਵਿੱਚ ਇਨ੍ਹਾਂ ਕਲਯੁਗੀ ਰਾਵਣਾਂ ਦੇ ਪੁਤਲੇ ਫੂਕੇ ਜਾਣਗੇ। ਕਿਸਾਨਾਂ ਮੁਤਾਬਿਕ ਮੋਦੀ ਤੇ ਉਸ ਦੇ ਜੋਟੀਦਾਰ ਅੰਬਾਨੀ, ਅਡਾਨੀ ਆਦਿ ਕਾਰਪੋਰੇਟ ਘਰਾਣੇ ਦੇ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।

ਅੰਦੋਲਨਕਾਰੀਆਂ ਦਾ ਕਹਿਣਾ ਹੈ ਕਿ ਰਾਵਣ ਰੂਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਜੋਟੀਦਾਰ ਅੰਬਾਨੀਆਂ ਤੇ ਅਡਾਨੀਆਂ ਨੂੰ ਸਬਕ ਸਿਖਾਉਣ ਲਈ ਹੁਣ ਕਿਸਾਨਾਂ ਦੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਭਾਜਪਾ ਦੇ ਕੌਮੀ ਲੀਡਰਾਂ ਵੱਲੋਂ ਇੱਕ ਪਾਸੇ ਕਿਸਾਨਾਂ ਨੂੰ ਕੇਂਦਰੀ ਮੰਤਰੀਆਂ ਦੇ ਸਮੂਹ ਨਾਲ ਗੱਲਬਾਤ ਕਰਨ ਦੇ ਸੱਦੇ ਦਿੱਤੇ ਜਾ ਰਹੇ ਅਤੇ ਦੂਜੇ ਪਾਸੇ ਉਕਤ ਖੇਤੀ ਆਰਡੀਨੈਂਸ ਰੱਦ ਨਾ ਹੋ ਸਕਣ ਦੇ ਦਮਗਜੇ ਮਾਰ ਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦੀ ਹੇਠੀ ਕਰਦਿਆਂ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਜਾ ਰਹੀ ਹੈ।

ਇਹ ਆਪਾ ਵਿਰੋਧੀ ਬਿਆਨ ਸਰਕਾਰ ਦੀ ਮਨਸ਼ਾ ਸਾਫ ਦਰਸਾ ਰਹੇ ਹਨ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਉਕਤ ਆਰਡੀਨੈਂਸਾਂ ਨੂੰ ਰੱਦ ਕਰਵਾਉਣਾ ਜ਼ਿੰਦਗੀ ਮੌਤ ਦੀ ਲੜਾਈ ਬਣਾ ਲਈ ਹੈ ਅਤੇ ਜ਼ੋਰਦਾਰ ਮੰਗ ਕੀਤੀ ਹੈ ਕਿ ਕਾਰਪੋਰੇਟ ਖੇਤੀ ਮਾਡਲ ਰੱਦ ਕਰਕੇ ਇਸ ਦੇ ਬਦਲ ਵਜੋਂ ਕੁਦਰਤ ਤੇ ਮਨੁੱਖ ਪੱਖੀ ਖੇਤੀ ਵਿਕਾਸ ਮਾਡਲ ਅਪਣਾਇਆ ਜਾਵੇ ਅਤੇ ਸਹਿਕਾਰਤਾ ਲਹਿਰ ਅਫ਼ਸਰਸ਼ਾਹੀ ਦੇ ਪੰਜੇ ਵਿੱਚੋਂ ਕੱਢ ਕੇ ਕਿਸਾਨਾਂ ਦੀ ਭਾਈਵਾਲੀ ਨਾਲ ਖੇਤੀ ਆਧਾਰਿਤ ਛੋਟੀਆਂ ਸਨਅਤਾਂ ਲਗਾਈਆਂ ਜਾਣ ਤੇ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਸਾਂਝੀ ਖੇਤੀ ਵੱਲ ਤੋਰ ਕੇ ਸਹਿਕਾਰਤਾ ਲਹਿਰ ਮਜ਼ਬੂਤ ਕੀਤੀ ਜਾਵੇ।