ਰਾਜਾ ਤੂੰ ਆਵਦੇ ਘਰੇ ਹੋਏਗਾ, ਇੱਥੇ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 12 2020 12:54
Reading time: 2 mins, 51 secs

ਇੱਕ ਪਾਸੇ ਜਿੱਥੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਦੇ ਵੱਲੋਂ ਕੈਪਟਨ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਕਿਸਾਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ। ਪਰ ਸਰਕਾਰ ਅਤੇ ਸਰਕਾਰ ਦੇ ਅਧਿਕਾਰੀ ਇੱਕ ਵੀ ਕਿਸਾਨਾਂ ਦੀ ਮੰਗ ਮੰਨਣ ਲਈ ਤਿਆਰ ਨਹੀਂ ਹਨ, ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਜਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਕਿਸਾਨਾਂ ਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਫਿਰ ਸਿਆਸੀ ਲੀਡਰ ਉਨ੍ਹਾਂ ਦੇ ਪਿੰਡ ਵਿੱਚ ਵੜਿਆ ਤਾਂ ਉਸ ਦੀ ਖੈਰ ਨਹੀਂ। ਕਿਸਾਨਾਂ ਦੇ ਰੋਹ ਤੋਂ ਡਰਦੇ ਮਾਰੇ ਕਈ ਲੀਡਰ ਤੇ ਅਧਿਕਾਰੀ ਕਿਸਾਨਾਂ ਦੇ ਖੇਤਾਂ ਵੱਲ ਮੂੰਹ ਨਹੀਂ ਕਰ ਰਹੇ। ਇਸੇ ਦੇ ਚਲਦਿਆਂ ਹੁਣ ਕਿਸਾਨ ਇਸ ਹੱਦ ਤੱਕ ਆ ਚੁੱਕੇ ਹਨ ਕਿ ਉਹ ਕੈਪਟਨ ਦੇ ਮੰਡੀਆਂ ਵਿੱਚੋਂ ਬੋਰਡ ਵੀ ਉਤਾਰ ਰਹੇ ਹਨ ਤੇ ਕਹਿ ਰਹੇ ਹਨ ਕਿ 'ਇੱਥੇ ਤੂੰ ਰਾਜਾ ਨਹੀਂ, ਰਾਜਾ ਤੂੰ ਆਵਦੇ ਘਰੇ ਹੋਏਗਾ। ਜਾਣਕਾਰੀ ਦੇ ਮੁਤਾਬਕ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਲੋਹਕੇ ਕਲਾਂ ਵਿਖੇ ਕਿਸਾਨਾਂ ਮਜ਼ਦੂਰਾਂ ਵੱਲੋਂ ਮੰਡੀਆਂ ਵਿੱਚ ਕੈਪਟਨ ਸਰਕਾਰ ਦੁਆਰਾ ਲਗਾਏ ਗਏ ਪੋਸਟਰ ਉਤਾਰੇ ਗਏ। ਨਿਊਜ਼ਨੰਬਰ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਪ੍ਰਧਾਨ ਬਲਵਿੰਦਰ ਸਿੰਘ, ਸੁਖਵੰਤ ਸਿੰਘ ਲਹੁਕਾ ਨੇ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਨੂੰ ਇਹ ਖ਼ਬਰ ਮਿਲੀ ਸੀ ਕਿ ਅੱਜ ਐਮ ਐਲ ਏ ਕੁਲਬੀਰ ਸਿੰਘ ਜ਼ੀਰਾ ਪਿੰਡ ਲੋਹਕੇ ਕਲਾਂ ਵਿਖੇ ਆ ਰਿਹਾ ਹੈ। ਕਿਸਾਨ ਜਥੇਬੰਦੀ ਵੱਲੋਂ ਪਿੰਡ ਦੇ ਕਿਸਾਨਾਂ ਨਾਲ ਰਲ ਕੇ ਉਨ੍ਹਾਂ ਦਾ ਘਿਰਾਓ ਕਰਨ ਦੀ ਪੂਰੀ ਤਿਆਰੀ ਕੀਤੀ ਗਈ ਸੀ। ਜਥੇਬੰਦੀ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਵਿਚ ਵੀ ਅਨੌਸਮੈਂਟ ਕਰਵਾਈ ਗਈ, ਤਾਂ ਇਸ ਦੀ ਭਿਣਕ ਲੱਗਣ ਤੇ ਐਮਐਲਏ ਪਹਿਲਾਂ ਹੀ ਉੱਥੋਂ ਭੱਜ ਗਿਆ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਪਹਿਲਾਂ ਹੀ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਹੋਏ ਹਨ, ਜਿਸ ਨਾਲ ਕਿਸਾਨੀ ਡੁੱਬਣ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਪਿੰਡਾਂ ਵਿੱਚ ਕਿਸੇ ਵੀ ਲੀਡਰ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਜੇਕਰ ਕੋਈ ਲੀਡਰ ਆਵੇਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ, ਪਰ ਅੱਜ ਘਿਰਾਓ ਕਰਨ ਤੋਂ ਪਹਿਲਾਂ ਹੀ ਲੀਡਰ ਇੱਥੋਂ ਚਲੇ ਗਏ। ਜਿਸ ਤੋਂ ਬਾਅਦ ਭੜਕੇ ਕਿਸਾਨਾਂ ਨੇ ਦਾਣਾ ਮੰਡੀ ਪਿੰਡ ਲਹੁਕੇ ਕਲਾਂ ਵਿਖੇ ਕੈਪਟਨ ਸਰਕਾਰ ਦੇ ਹੋਰਡਿੰਗ, ਜਿਸ ਉੱਪਰ ਲਿਖਿਆ ਸੀ ਕਿ 'ਪਰਾਲੀ ਨੂੰ ਅੱਗ ਨਾ ਲਗਾਓ' ਨੂੰ ਉਤਾਰ ਕੇ ਸੁੱਟ ਦਿੱਤਾ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ, ਉਨ੍ਹਾਂ ਨੂੰ ਅਜੇ ਤੱਕ ਵੀ ਸਰਕਾਰ ਦੁਆਰਾ ਮੰਨ ਕੇ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਸਾਲ ਵੀ ਪਰਾਲੀ ਦੀ ਸਾਂਭ ਸੰਭਾਲ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਸਬਸਿਡੀ ਤੇ ਸੰਦ ਮੁਹੱਈਆ ਕਰਵਾਏ ਗਏ ਹਨ। ਉਲਟਾ ਕਿਸਾਨਾਂ ਉੱਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਪਰਚੇ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਛੇ ਹਜ਼ਾਰ ਰੁਪਏ ਪ੍ਰਤੀ ਕਿੱਲਾ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ, ਜਿਸ ਨਾਲ ਕਿਸਾਨ ਮਜ਼ਦੂਰ ਆਪਣੀ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਸਨ। ਪਰ ਸਰਕਾਰ ਵੱਲੋਂ ਇਸ ਤੇ ਕੋਈ ਬਿਆਨ ਨਹੀਂ ਦਿੱਤਾ ਗਿਆ, ਓਲਟਾ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ। ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦਾ ਸ਼ੌਕ ਨਹੀਂ ਇੱਕ ਮਜਬੂਰੀ ਬਣ ਗਿਆ ਹੈ। ਜਿਸ ਦੀ ਜ਼ਿੰਮੇਵਾਰ ਪੰਜਾਬ ਤੇ ਸੈਂਟਰ ਸਰਕਾਰ ਹੈ, ਜਿਸ ਤੋਂ ਭੜਕੇ ਕਿਸਾਨਾਂ ਨੇ ਇਹ ਐਲਾਨ ਕੀਤਾ ਕਿ ਜੇਕਰ ਕੋਈ ਵੀ ਅਫ਼ਸਰ ਕਿਸਾਨਾਂ ਦੇ ਖੇਤਾਂ ਵਿੱਚ ਆਏਗਾ, ਤਾਂ ਉਸ ਦਾ ਉੱਥੇ ਹੀ ਘਿਰਾਓ ਕੀਤਾ ਜਾਵੇਗਾ।