ਆਰਐਸਐਸ ਪਿੱਛੇ ਹੱਥ ਧੋਹ ਕੇ ਪੈ ਗਏ ਪੰਜਾਬੀ ਨੌਜਵਾਨ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 11 2020 16:03
Reading time: 1 min, 58 secs

ਭਾਰਤੀ ਜਨਤਾ ਪਾਰਟੀ ਦੀ ਮਾਂ ਕਹਿਲਾਈ ਜਾਣ ਵਾਲੀ ਆਰਐਸਐਸ ਦੇ ਵਿਰੁੱਧ ਜਿੱਥੇ ਦੇਸ਼ ਭਰ ਦੇ ਇਨਕਲਾਬੀ ਧੜੇ ਉੱਠ ਖੜੇ ਹਨ, ਉੱਥੇ ਹੀ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਕਾਮਰੇਡਾਂ ਦੇ ਵੱਲੋਂ ਵੀ ਭਾਜਪਾ ਸਮੇਤ ਆਰਐਸਐਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ, ਆਰਐਸਐਸ ਦੇ ਵਿਰੁੱਧ ਜਵਾਨੀ ਕਿਉਂ ਹੱਥ ਧੋਹ ਕੇ ਪਈ ਹੋਈ ਹੈ, ਇਹ ਸਵਾਲ ਅੱਜ ਹਰ ਕੋਈ ਉਠਾ ਰਿਹਾ ਹੈ। ਪੰਜਾਬ ਦੀ ਜਵਾਨੀ ਨੇ ਆਰਐਸਐਸ ਦੇ ਖ਼ਿਲਾਫ਼ ਇਸ ਲਈ ਜੰਗ ਛੇੜ ਦਿੱਤੀ ਹੈ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਰਐਸਐਸ ਦੇਸ਼ ਦੇ ਅੰਦਰ ਨਫ਼ਰਤ ਫ਼ੈਲਾ ਰਹੀ ਹੈ।

ਵੈਸੇ ਤਾਂ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਘੋਲ ਨੂੰ ਹਰ ਹੀਲੇ ਬੁਲੰਦੀਆਂ 'ਤੇ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ। ਜਾਣਕਾਰੀ ਦੇ ਮੁਤਾਬਿਕ 15 ਅਕਤੂਬਰ ਨੂੰ ਭਾਰਤੀ ਜਨਤਾ ਪਾਰਟੀ ਦੀ ਜਥੇਬੰਦੀ ਆਰ ਐਸ ਐਸ ਦੇ ਦਫ਼ਤਰ ਦਾ ਘਿਰਾਉ ਕਰਨ ਦਾ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਫ਼ੈਸਲਾ ਕਰ ਲਿਆ ਗਿਆ ਹੈ ਅਤੇ ਇਸੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਨੌਜਵਾਨ ਭਾਰਤ ਸਭਾ ਦੇ ਇਨਵਾਇਟੀ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖਿਲਾਫ ਪੂਰਾ ਦੇਸ਼ ਸੜਕਾਂ 'ਤੇ ਹੈ, ਪਰ ਖ਼ੁਦ ਨੂੰ ਸਮਾਜਿਕ ਸੰਗਠਨ ਦੱਸਣ ਵਾਲੀ ਆਰਐਸਐਸ ਖਾਮੋਸ਼ ਕਿਉਂ ਹੈ? ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਰਐਸਐਸ ਦਾ ਸਿਆਸੀ ਵਿੰਗ ਵੀ ਹੈ, ਜਿਸ ਦਾ ਮਨੋਰਥ ਕਾਰਪੋਰੇਟ ਘਰਾਣਿਆਂ ਪੱਖੀ, ਦੇਸ਼ ਨੂੰ ਇਹ ਹਿੰਦੂ ਰਾਸ਼ਟਰ ਕਹਿੰਦੇ ਨੇ, ਦਾ ਨਿਰਮਾਣ ਕਰਨਾ ਹੈ।

ਜਦੋਂ ਮਾਣੂੰਕੇ ਨੂੰ ਪੁੱਛਿਆ ਗਿਆ ਕਿ ਆਖ਼ਰ ਕੀ ਕਾਰਨ ਹੈ ਕਿ ਪੰਜਾਬ ਦੀ ਜਵਾਨੀ ਆਰਐਸਐਸ ਅਤੇ ਭਾਜਪਾ ਵਿਰੋਧੀ ਹੈ? ਤਾਂ ਇਸੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਆਰਥਿਕ, ਸਮਾਜਿਕ, ਸਿਆਸੀ ਮੁੱਦਿਆਂ ਤੋਂ ਭੜਕਾਉਣ ਲਈ ਹਾਕਮ ਕਦੇ ਰਾਮ ਮੰਦਰ, ਕਦੇ ਲਵ ਜੇਹਾਦ ਦਾ ਮੁੱਦਾ ਉਭਾਰਦੇ ਹਨ। ਰਾਸ਼ਟਰਵਾਦ ਦੀ ਅਲੰਬਰਦਾਰ ਆਰ ਐਸ ਐਸ, ਬੀਜੇਪੀ ਹੁਣ ਖੇਤੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਵਕਤ ਚੁਪ ਕਿਉਂ ਹੈ? ਇਨ੍ਹਾਂ ਦੀਆਂ ਕੋਝੀਆਂ ਚਾਲਾਂ ਪਛਾਣ ਕੇ ਹਿੰਦੂ ਕਿਸਾਨ, ਮਜਦੂਰ, ਵਪਾਰੀ, ਦੁਕਾਨਦਾਰ ਸਭ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ਾਂ ਵਿੱਚ ਆ ਰਹੇ ਹਨ।

ਇਸ ਮੁੱਦੇ 'ਤੇ ਹਿੰਦੂ, ਸਿੱਖ, ਮੁਸਲਿਮ ਏਕਤਾ ਵੱਧ ਰਹੀ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਇਹ ਵੀ ਆਖਿਆ ਕਿ ਜਿਵੇਂ ਮੁਸਲਮਾਨ ਅਤੇ ਆਈ.ਐਸ.ਆਈ.ਐਸ ਵੱਖੋ ਵੱਖਰੀ ਹੈ, ਉਸੇ ਤਰਾਂ ਹਿੰਦੂ ਅਤੇ ਆਰ.ਐਸ.ਐਸ ਵਿੱਚ ਵੀ ਜ਼ਮੀਨ ਆਸਮਾਨ ਦਾ ਫਰਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਪੰਜਾਬ ਦੀ ਧਰਤੀ 'ਤੇ ਆਰਐਸਐਸ ਜਿਹੇ ਜ਼ਹਿਰੀਲੇ ਨਾਗਾਂ ਨੂੰ ਮੇਲਣ ਨਹੀਂ ਦੇਵਾਂਗੇ। 15 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਨੌਜਵਾਨ ਆਰਐਸਐਸ ਦੇ ਦਫ਼ਤਰਾਂ ਦਾ ਘੇਰਾਓ ਕਰਨਗੇ ਅਤੇ ਇਨ੍ਹਾਂ ਘੇਰਾਉ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਣਗੇ।