ਬਗ਼ੈਰ ਪੜ੍ਹਾਈ ਤੋਂ ਆ ਚੱਕ ਬੱਲਿਆ ਡਿਗਰੀ!! (ਵਿਅੰਗ)

Last Updated: Oct 11 2020 15:59
Reading time: 2 mins, 16 secs

ਕੀ ਤੁਸੀਂ ਕਦੇ ਕਾਲਜ ਨਹੀਂ ਗਏ? ਕੀ ਤੁਹਾਨੂੰ ਬਿਨ੍ਹਾਂ ਕਾਲਜ ਗਿਆ ਨੂੰ ਡਿਗਰੀ ਚਾਹੀਦੀ ਹੈ? ਤੁਸੀਂ ਯੂਨੀਵਰਸਿਟੀ ਦਾ ਨਾਮ ਬੋਲੋ, ਅਸੀਂ ਕੱਟ ਕੇ ਦਿਆਂਗੇ ਡਿਗਰੀ, ਉਹ ਵੀ ਕੁੱਝ ਮਿੰਟਾਂ ਵਿੱਚ ਹੀ। ਇਹ ਸ਼ਬਦ ਉਸ ਫ਼ਰਜ਼ੀਵਾੜੇ ਦੇ ਲੋਕਾਂ ਦੇ ਹਨ, ਜਿਹੜੇ ਜਾਅਲੀ ਸਰਟੀਫਿਕੇਟ ਅਤੇ ਡਿਗਰੀਆਂ ਬਣਾ ਕੇ, ਲੋਕਾਂ ਨੂੰ ਦਿੰਦੇ ਹਨ ਅਤੇ ਮੋਟੀ ਕਮਾਈ ਕਰਦੇ ਹਨ। ਕਹਿੰਦੇ ਨੇ ਕਿ ਬਹੁਤ ਸਾਰੇ ਲੀਡਰਾਂ ਦੀ ਵੀ ਇਨ੍ਹਾਂ ਫ਼ਰਜ਼ੀਵਾੜਿਆਂ 'ਤੇ ਮਿਹਰ ਹੈ ਅਤੇ ਕਈ ਲੀਡਰ ਇਨ੍ਹਾਂ ਦੇ ਨਾਲ ਗਿੱਟ ਮਿੱਟ ਕਰਕੇ ਆਪਣਾ ਹਿੱਸਾ ਲੈਂਦੇ ਹਨ।

ਲੰਘੇ ਕੱਲ੍ਹ ਇੱਕ ਖ਼ਬਰ, ਸਾਹਮਣੇ ਆਈ ਕਿ ਰਾਜਸਥਾਨ ਤੋਂ ਤਿੰਨ ਵਿਅਕਤੀ ਜਾਅਲੀ ਸਰਟੀਫਿਕੇਟ ਅਤੇ ਡਿਗਰੀਆਂ ਬਣਾਉਣ ਦਾ ਕਾਰੋਬਾਰ ਕਰਦੇ ਹਨ ਅਤੇ ਮੋਟੀ ਕਮਾਈ ਕਰਦੇ ਹਨ। ਪੰਜਾਬ, ਹਰਿਆਣਾ ਅਤੇ ਹੋਰਨਾਂ ਰਾਜਾਂ ਦੇ ਕਈ ਲੋਕ ਜਿਨ੍ਹਾਂ ਨੇ ਕਾਲਜ ਦਾ ਮੂੰਹ ਤੱਕ ਨਹੀਂ ਦੇਖਿਆ, ਉਨ੍ਹਾਂ ਨੂੰ ਵੀ ਉਕਤ ਰਾਜਸਥਾਨ ਦੇ ਤਿੰਨਾਂ ਵਿਅਕਤੀਆਂ ਨੇ ਮੋਟਾ ਰੋਕੜਾ ਵਸੂਲ ਕਰਕੇ, ਜਾਅਲੀ ਸਰਟੀਫਿਕੇਟ ਅਤੇ ਡਿਗਰੀਆਂ ਸੌਂਪੀਆਂ। ਡਿਗਰੀਆਂ ਤਾਂ ਇੰਝਾਂ ਲੋਕਾਂ ਨੂੰ ਵੰਡੀਆਂ ਗਈਆਂ, ਜਿਵੇਂ ਇਹ ਰਿਉੜੀਆਂ ਹੁੰਦੀਆਂ ਹਨ।

ਬੀਤੇ ਕੱਲ੍ਹ ਬਠਿੰਡਾ ਪੁਲਿਸ ਨੇ ਜਾਅਲੀ ਸਰਟੀਫਿਕੇਟ ਅਤੇ ਡਿਗਰੀਆਂ ਬਣਾ ਕੇ ਯੂਨੀਵਰਸਿਟੀ ਵਿੱਚ ਦਾਖ਼ਲਾ ਕਰਵਾਉਣ ਦੇ ਨਾਂ 'ਤੇ ਕੇ ਵਿਦਿਆਰਥੀਆਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਰਾਜਸਥਾਨ ਵਾਸੀ 3 ਵਿਅਕਤੀਆਂ 'ਤੇ ਪਰਚਾ ਵੀ ਦਰਜ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਕੀਤੇ ਗਏ ਫਰਜ਼ੀਵਾੜੇ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਇੱਕ ਵਿਅਕਤੀ ਨੇ ਉਕਤ ਨੌਸਰਬਾਜ਼ਾਂ ਕੋਲੋਂ ਜਾਅਲੀ ਡਿਗਰੀਆਂ ਖ਼ਰੀਦ ਕੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਭੇਜ ਦਿੱਤੀਆਂ।

ਯੂਨੀਵਰਸਿਟੀ ਦੇ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਵੱਲੋਂ ਭੇਜੇ ਗਏ ਸਰਟੀਫਿਕੇਟ ਅਤੇ ਡਿਗਰੀਆਂ ਜਾਅਲੀ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸਰਟੀਫਿਕੇਟ ਭੇਜਣ ਵਾਲੇ ਬ੍ਰਿਜੇਸ਼ ਕੁਮਾਰ ਨੂੰ ਭਰੋਸੇ ਵਿਚ ਲੈ ਕੇ ਯੂਨੀਵਰਸਿਟੀ ਸੱਦ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਬ੍ਰਿਜੇਸ਼ ਨੇ ਦੱਸਿਆ ਕਿ ਉਸ ਨੇ ਇਹ ਸਰਟੀਫਿਕੇਟ ਅਤੇ ਡਿਗਰੀਆਂ ਰਾਜਸਥਾਨ ਦੇ ਸੂਰਤਗੜ੍ਹ ਸ਼ਹਿਰ ਦੇ ਰਹਿਣ ਵਾਲੇ ਵਿਕਾਸ ਬਿਸ਼ਨੋਈ, ਅਸ਼ੋਕ ਕਵਾਤਰਾ ਅਤੇ ਭਾਰਤ ਕੁਮਾਰ ਕੋਲੋਂ ਖ਼ਰੀਦੀਆਂ ਸਨ।

ਮਾਮਲੇ ਦੀ ਜਾਂਚ ਪੜ੍ਹਤਾਲ ਕਰ ਰਹੇ ਪੁਲਿਸ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਆਦੇਸ਼ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਸ਼ਿਕਾਇਤ 'ਤੇ ਤਿੰਨਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੁਆਰਾ ਜਾਰੀ ਕੀਤੇ ਗਏ ਪ੍ਰੈਸ ਬਿਆਨ ਮੁਤਾਬਿਕ ਬ੍ਰਿਜੇਸ਼ ਕੁਮਾਰ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਕੋਲ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਇਹ ਡਿਗਰੀ ਸਾਲ 2018 ਵਿਚ ਡੈਂਟਲ ਸਰਜਰੀ ਦੀ ਬੈਚੂਲਰ ਡਿਗਰੀ ਨਾਲ ਸਬੰਧਤ ਸੀ ਅਤੇ ਉਕਤ ਵਿਅਕਤੀਆਂ ਨੇ ਇਸੇ ਸਾਲ ਦਾ ਇਕ ਮਾਈਗ੍ਰੇਸ਼ਨ ਸਰਟੀਫਿਕੇਟ ਤਿਆਰ ਕਰਕੇ ਬ੍ਰਿਜੇਸ਼ ਨੂੰ ਦਿੱਤਾ ਸੀ।

ਪੁਲਿਸ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਨੇ ਉਕਤ ਦਸਤਾਵੇਜਾਂ ਨਾਲ ਲੱਗੇ ਰੋਲ ਨੰਬਰ ਅਤੇ ਮਾਰਕਸ਼ੀਟ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਲ 2018 ਵਿੱਚ ਯੂਨੀਵਰਸਿਟੀ ਨੇ ਕਿਸੇ ਵੀ ਵਿਦਿਆਰਥੀ ਨੂੰ ਉਕਤ ਡਿਗਰੀ ਨਹੀਂ ਦਿੱਤੀ ਸੀ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਜਾਅਲੀ ਨਿਕਲਿਆ। ਵੈਸੇ, ਇਹ ਫ਼ਰਜੀਵਾੜਾ ਇਕੱਲੇ ਰਾਜਸਥਾਨ ਵਿੱਚ ਹੀ ਨਹੀਂ, ਬਲਕਿ ਦੇਸ਼ ਦੇ ਹੋਰ ਵੀ ਅਨੇਕਾਂ ਕੋਨਿਆਂ ਵਿੱਚ ਚੱਲਦਾ ਹੈ। ਲੰਘੇ ਦਿਨੀਂ ਯੂਜੀਸੀ ਨੇ ਵੀ ਦੋ ਦਰਜਨ ਦੇ ਕਰੀਬ ਯੂਨੀਵਰਸਿਟੀਆਂ ਦੀ ਮਾਨਤਾ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਇਹ ਯੂਨੀਵਰਸਿਟੀਆਂ 'ਫੇਕ' ਹਨ।