ਲੜਾਈ ਹੁਣ ਤੇਰੀ ਜਾਂ ਮੇਰੀ ਨਹੀਂ, ਦੇਸ਼ ਨੂੰ ਬਚਾਉਣ ਦੀ ਹੈ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 11 2020 15:55
Reading time: 2 mins, 31 secs

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਪ੍ਰਦਰਸ਼ਨ ਜਾਰੀ ਹਨ ਅਤੇ ਕਿਸਾਨ ਸੜਕਾਂ ਅਤੇ ਰੇਲ ਟਰੈਕਾਂ 'ਤੇ ਬੈਠੇ ਹੋਏ ਹਨ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਹੋਇਆ ਹਾਕਮ ਜਮਾਤ ਨੂੰ ਸੁੱਝ ਬੁੱਝ ਨਹੀਂ ਰਿਹਾ ਕਿ ਉਹ ਕੀ ਕਰਨ? ਹਾਕਮ ਧਿਰ ਦੇ ਵੱਲੋਂ ਲੋਕ ਮਾਰੂ ਕਾਨੂੰਨ ਪਾਸ ਕਰਕੇ, ਜਿੱਥੇ ਕਿਸਾਨਾਂ ਦੇ ਹੱਕ ਕੁਚਲਿਆ ਹੈ, ਉੱਥੇ ਹੀ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨੂੰ ਇਨ੍ਹਾਂ ਸਮੇਂ ਦੇ ਹਾਕਮਾਂ ਵੱਲੋਂ ਸ਼ਹਿ ਦਿੱਤੀ ਗਈ ਹੈ। ਅੰਬਾਨੀ, ਅੰਡਾਨੀ ਅਤੇ ਹੋਰ ਸਰਕਾਰ ਦੇ ਭਾਈਵਾਲਾਂ ਵੱਲੋਂ ਸਰਕਾਰ 'ਤੇ ਦਬਾਅ ਪਾ ਕੇ ਨਵਾਂ ਖੇਤੀ ਕਾਨੂੰਨ ਲਿਆਂਦਾ ਗਿਆ ਹੈ।

ਇਹ ਦੋਸ਼ ਅੱਜ ਹਰ ਕਿਸਾਨ ਲਗਾ ਰਿਹਾ ਹੈ ਕਿ ਅੰਬਾਨੀ, ਅੰਡਾਨੀ ਅਤੇ ਹੋਰ ਕਾਰਪੋਰੇਟ ਘਰਾਣੇ ਦੇਸ਼ ਨੂੰ ਲੁੱਟਣ 'ਤੇ ਲੱਗੇ ਹੋਏ ਹਨ ਅਤੇ ਲੋਕ ਮਾਰੂ ਕਾਨੂੰਨ ਪਾਸ ਕਰਵਾ ਰਹੇ ਹਨ। ਕਿਸਾਨਾਂ ਦੇ ਨਾਲ ਨਾਲ ਜੇਕਰ ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਸੁਰਖ਼ੀਆਂ ਬਟੋਰਨ ਖ਼ਾਤਰ ਹੁਣ ਉਹ ਵੀ ਮੋਦੀ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਨ। ਕਾਮਰੇਡ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਹੋਰ ਵਿਰੋਧੀ ਦਲ ਇਸ ਵੇਲੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ, ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਦੇ ਧਰਨਿਆਂ ਵਿੱਚੋਂ ਹੁਣ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ, ਕਿ ਹੁਣ 'ਲੜਾਈ ਹੁਣ ਤੇਰੀ ਜਾਂ ਮੇਰੀ ਨਹੀਂ ਰਹੀ, ਹੁਣ ਲੜਾਈ ਭਾਰਤ ਦੇਸ਼ ਨੂੰ ਬਚਾਉਣ ਦੀ ਹੈ'। ਜੇਕਰ ਭਾਰਤ ਹੀ ਕਾਰਪੋਰੇਟ ਘਰਾਣਿਆਂ ਨੇ ਖ਼ਰੀਦ ਲਿਆ ਤਾਂ, ਫਿਰ ਸਭ ਲੋਕ ਉਨ੍ਹਾਂ ਦੇ ਗ਼ੁਲਾਮ ਬਣ ਜਾਣਗੇ ਅਤੇ ਇਨ੍ਹਾਂ ਹਾਕਮਾਂ ਤੇ ਕਾਰਪੋਰੇਟਾਂ ਨੂੰ ਸਾਡੇ 'ਤੇ ਅੰਗਰੇਜ਼ਾਂ ਨਾਲੋਂ ਭੈੜਾ ਜ਼ੁਲਮ ਕਰਨ ਦਾ ਮੌਕਾ ਮਿਲ ਜਾਵੇਗਾ। ਵੈਸੇ, ਪੰਜਾਬ ਸੂਬੇ ਦੇ ਲੋਕਾਂ ਨੇ ਹਮੇਸ਼ਾਂ ਹੀ ਹਰ ਜੰਗ ਨੂੰ ਅੱਗੇ ਹੋ ਕੇ ਲੜਿਆ ਹੈ ਅਤੇ ਪੰਜਾਬੀਆਂ ਨੇ ਜਿੱਤ ਵੀ ਆਪਣੀ ਹਰ ਜੰਗ ਦੇ ਵਿੱਚ ਪ੍ਰਾਪਤ ਕੀਤੀ ਹੈ।

”ਸੁਪਰੀਮ ਕੋਰਟ ਦੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਜਾਗਦਾ ਪੰਜਾਬ ਮੰਚ ਵੱਲੋਂ ਭਾਰਤੀ ਲੋਕਤੰਤਰ ਬਾਰੇ ਕਰਵਾਏ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਦੇਸ਼ ਵਿੱਚ ਐਮਰਜੈਂਸੀ ਦੌਰਾਨ ਲੋਕਤੰਤਰ ਨੂੰ ਇੰਨਾ ਖ਼ਤਰਾ ਨਹੀਂ ਸੀ, ਜਿੰਨਾ ਹੁਣ ਹੋ ਗਿਆ ਹੈ। ਘੱਟ ਗਿਣਤੀਆਂ, ਦਲਿਤਾਂ, ਸਮਾਜ ਸੇਵਕਾਂ, ਆਰਟੀਆਈ ਕਾਰਕੁਨਾਂ ਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ 'ਤੇ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਰਾਜਸੀ ਹਿੱਤਾਂ ਲਈ ਦੇਸ਼ ਦੇ ਹਿੰਦੂ, ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ, ਜਿਸ ਕਾਰਨ ਸੱਭਿਅਤਾ ਅਤੇ ਸੱਭਿਆਚਾਰ ਖ਼ਤਰੇ ਵਿੱਚ ਹਨ।

ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਹੁਣ ਲੋਕਾਂ ਨੂੰ ਡਰਾ ਕੇ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਵੇਂ ਕਿ ਕੁੱਝ ਵੀ ਨਹੀਂ ਹੋ ਰਿਹਾ, ਪਰ ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਣ ਲੱਗਿਆ ਹੈ। ਹੁਣ ਲੋਕਾਂ ਦਾ ਸਰਕਾਰ ਖ਼ਿਲਾਫ਼ ਖੜ੍ਹੇ ਹੋਣ ਦਾ ਵੇਲਾ ਆ ਗਿਆ ਹੈ। ਸਿੱਖ ਕੌਮ ਤੇ ਪੰਜਾਬੀ ਹਮੇਸ਼ਾ ਅਨਿਆਂ ਦੇ ਖਿਲਾਫ਼ ਡਟੇ ਹਨ।

ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਨਿਆਂਪਾਲਕਾ 'ਤੇ ਇੰਨਾ ਕੁ ਕਬਜ਼ਾ ਕਰ ਲਿਆ ਹੈ ਕਿ ਸਾਲ 2018 ਵਿਚ ਸੁਪਰੀਮ ਕੋਰਟ ਦੇ 4 ਸੀਨੀਅਰ ਜਸਟਿਸਾਂ (ਜੱਜਾਂ) ਨੇ ਚੀਫ ਜਸਟਿਸ 'ਤੇ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਨਿਰਪੱਖ ਸੋਚ ਰੱਖਣ ਵਾਲਿਆਂ ਜੱਜਾਂ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਤੱਕ ਨਹੀਂ ਕੀਤੀ ਜਾਂਦੀ। ਖ਼ੈਰ, ਵਕੀਲ ਭੂਸ਼ਣ ਨੇ ਜੋ ਵੀ ਕਿਹਾ, ਉਹ ਬਿਲਕੁਲ ਸੱਚ ਹੈ, ਹੁਣ ਸਾਡੇ ਲੋਕਾਂ ਨੂੰ ਤੇਰੀ ਜਾਂ ਫਿਰ ਮੇਰੀ ਲੜਾਈ ਨੂੰ ਪਾਸੇ ਰੱਖ ਕੇ ਸਭਨਾਂ ਦੀ ਲੜਾਈ ਵਿੱਚ ਹਿੱਸਾ ਲੈ ਕੇ ਦੇਸ਼ ਨੂੰ ਬਚਾਉਣ ਦੀ ਲੋਕ ਹੈ।