ਹਾਥਰਸ ਕਾਂਡ: ਜੇ ਚਾਰੇ ਮੁੰਡੇ ਬੇਗੁਨਾਹ ਸਨ ਤਾਂ ਮ੍ਰਿਤਕਾ ਦੀ ਲਾਸ਼ ਨੂੰ ਅੱਧੀ ਰਾਤ ਨੂੰ ਕਿਉਂ ਸਾੜਿਆ ਗਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 11 2020 13:04
Reading time: 3 mins, 6 secs

ਯੂ.ਪੀ. ਦੇ ਹਾਥਰਸ ਵਿੱਚ ਇੱਕ ਦਰਦਨਾਕ ਘਟਨਾ ਲੰਘੇ ਮਹੀਨੇ ਦੀ ਕੋਈ 13/14 ਤਰੀਕ ਨੂੰ ਵਾਪਰੀ। ਉਕਤ ਦਰਦਨਾਕ ਘਟਨਾ ਦੇ ਵਿੱਚ ਚਾਰ ਦਰਿੰਦਿਆਂ ਦੇ ਵੱਲੋਂ ਇੱਕ ਕੁੜੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ 'ਤੇ ਜ਼ੁਲਮ ਢਹਾਉਂਦਿਆਂ ਹੋਇਆ, ਉਸ ਦੀ ਜੀਭ ਕੱਟਣ ਤੋਂ ਮਗਰੋਂ ਸਰੀਰ ਦੇ ਕਈ ਅੰਗ ਤੋੜ ਭੰਨ ਦਿੱਤੇ। ਕਰੀਬ ਦੋ ਹਫ਼ਤਿਆਂ ਤੋਂ ਜ਼ਿਆਦ ਸਮਾਂ ਕੁੜੀ ਨੂੰ ਹਸਪਤਾਲ ਵਿੱਚ ਦਾਖ਼ਲ ਰੱਖਿਆ ਗਿਆ, ਪਰ ਜਖ਼ਮਾਂ ਦੀ ਤਾਬ ਨਾ ਸਹਾਰਦੀ ਹੋਈ, ਕੁੜੀ ਆਖ਼ਰ ਮੌਤ ਨੂੰ ਗਲੇ ਲਗਾ ਗਈ।

ਮ੍ਰਿਤਕਾ ਕੁੜੀ ਜਿਹੜੇ ਦਿਨ ਮਰੀ, ਉਸੇ ਰਾਤ ਹੀ ਹਾਥਰਸ ਪੁਲਿਸ ਮ੍ਰਿਤਕ ਕੁੜੀ ਨੂੰ ਚੁੱਕ ਕੇ ਲੈ ਗਈ। ਕੁੜੀ ਦੀ ਮਾਂ ਨੇ ਪੁਲਿਸ ਵਾਲਿਆਂ ਦੀ ਗੱਡੀ ਅੱਗੇ ਲੰਮੇ ਪੈ ਕੇ ਵੀ ਸੰਘਰਸ਼ ਕੀਤਾ, ਪਰ ਪੁਲਿਸ ਵਾਲਿਆਂ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਆਖ਼ਰ ਪੁਲਿਸ ਵਾਲਿਆਂ ਨੇ ਸਾਰੇ ਸਬੂਤ ਮਿਟਾਉਂਦਿਆਂ ਹੋਇਆ ਮ੍ਰਿਤਕ ਕੁੜੀ ਦੀ ਲਾਸ਼ ਦਾ ਪਰਿਵਾਰ ਦੀ ਗ਼ੈਰ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਦੀ ਇਸ ਕਾਰਗੁਜ਼ਾਰੀ 'ਤੇ ਸਵਾਲ ਵੀ ਉੱਠੇ, ਪਰ ਗ਼ਰੀਬ ਮਾਪਿਆਂ ਦੀ ਸੁਣਦਾ ਕੌਣ ਹੈ?

ਦਲਿਤ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਮ੍ਰਿਤਕਾ ਕੁੜੀ ਦੇ ਨਾਲ ਕਾਰਵਾਈ ਕਰਨ ਵਿੱਚ ਪੁਲਿਸ ਦੇ ਵੱਲੋਂ ਇਸ ਕਰਕੇ ਵਿਤਕਰਾ ਕੀਤਾ ਗਿਆ, ਕਿਉਂਕਿ ਉਹ ਨੀਵੀਂ ਜਾਤੀ ਦੀ ਸੀ। ਜੇਕਰ ਉੱਚ ਜਾਤੀ ਦੀ ਹੁੰਦੀ ਤਾਂ, ਸ਼ਾਇਦ ਉਹ ਬਚ ਵੀ ਜਾਂਦੀ ਅਤੇ ਉਸ ਨਾਲ ਇੰਨ੍ਹਾਂ ਵੱਡਾ ਘਿਨੌਣਾ ਕਾਂਡ ਵੀ ਨਾ ਹੁੰਦਾ। ਖ਼ੈਰ, ਹਾਥਰਸ ਮਾਮਲਾ ਤਕਰੀਬਨ ਸਾਰੇ ਪਾਠਕਾਂ ਨੂੰ ਪਤਾ ਲੱਗ ਹੀ ਗਿਆ ਹੈ, ਪਰ ਅਸੀਂ ਅੱਜ ਇਸ ਲੇਖ ਵਿੱਚ ਪੁਲਿਸ ਦੁਆਰਾ ਕੁੜੀ ਦਾ ਪਰਿਵਾਰ ਦੇ ਪੁੱਛੇ ਬਗ਼ੈਰ ਕੀਤੇ ਗਏ ਚੁੱਪ ਚੁਪੀਤੇ ਸੰਸਕਾਰ ਦੀ ਗੱਲ ਕਰਨ ਤੋਂ ਇਨ੍ਹਾਂ ਬਲਾਤਕਾਰੀਆਂ ਨੂੰ ਬਚਾਉਣ ਵਾਲੇ ਲੋਕਾਂ ਦੇ ਬਾਰੇ ਗੱਲਬਾਤ ਕਰਾਂਗੇ।

ਦਰਅਸਲ, ਹਾਥਰਸ ਕਾਂਡ ਹੋਇਆ ਤਾਂ, ਭਾਰਤ ਹਿੱਲ ਉੱਠਿਆ। ਭਾਰਤ ਦੀ ਅਵਾਮ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਪਹਿਲੋਂ ਹੀ ਸੀ ਅਤੇ ਹਾਥਰਸ ਕਾਂਡ ਸੁਣਦਿਆਂ ਅਵਾਮ ਵਿੱਚ ਹੋਰ ਗੁੱਸਾ ਭਰ ਗਿਆ। ਇੱਕ ਪਾਸੇ ਤਾਂ ਮ੍ਰਿਤਕ ਕੁੜੀ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦੇ ਲਈ ਇਨਕਲਾਬੀ ਧਿਰਾਂ ਸੰਘਰਸ਼ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਮ੍ਰਿਤਕ ਕੁੜੀ ਦੀ ਮੌਤ ਤੋਂ ਮਗਰੋਂ ਹੁਣ ਭਾਜਪਾਈ ਆਗੂ, ਵਰਕਰ ਅਤੇ ਕੁੱਝ ਹਿੰਦੂ ਜਥੇਬੰਦੀਆਂ ਦੇ ਆਗੂ ਬਲਾਤਕਾਰੀਆਂ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਹਨ।

ਬੀਤੇ ਕੱਲ੍ਹ ਖੱਤਰੀ ਮਹਾਂ ਸਭਾ ਦੇ ਵਫਦ ਨੇ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਦੀ ਬਿਜਾਏ, ਕੁੜੀ ਦੇ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮਾਂ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਖੱਤਰੀ ਮਹਾਂ ਸਭਾ ਦੇ ਨਾਲ ਹੀ ਨਿਰਭੈਆ ਮਾਮਲੇ ਵਿੱਚ ਮੁਲਜ਼ਮਾਂ ਦਾ ਪੱਖ ਕੋਰਟ ਵਿੱਚ ਰੱਖਣ ਵਾਲੇ ਵਕੀਲ ਏ. ਪੀ ਸਿੰਘ ਵੀ ਸਨ। ਉਨ੍ਹਾਂ ਨੇ ਚਾਰਾਂ ਮੁਲਜ਼ਮਾਂ ਨੂੰ ਬੇਕਸੂਰ ਦੱਸਦਿਆਂ ਕੋਰਟ ਵਿੱਚ ਉਨ੍ਹਾਂ ਦਾ ਪੱਖ ਰੱਖਣ ਦੀ ਹਾਮੀ ਭਰੀ ਹੈ। ਨਿਰਭੈਆ ਦੀ ਵਕੀਲ ਰਹੇ ਸੀਮਾ ਕੁਸ਼ਵਾਹਾ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਦਾ ਕੇਸ ਲੜਨ ਦਾ ਵਾਅਦਾ ਪਹਿਲਾਂ ਹੀ ਕਰ ਚੁੱਕੇ ਹਨ। ਪਰਿਵਾਰਕ ਮੈਂਬਰਾਂ ਨੇ ਸੀਮਾ ਦੇ ਵਕਾਲਤਨਾਮੇ 'ਤੇ ਦਸਤਖਤ ਵੀ ਕੀਤੇ ਸਨ।

ਸੁਪਰੀਮ ਕੋਰਟ ਦੇ ਵਕੀਲ ਏਪੀ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਚਾਰੇ ਲੜਕੇ ਬੇਕਸੂਰ ਹਨ, ਉਨ੍ਹਾਂ ਨੂੰ ਗ਼ਲਤ ਫਸਾਇਆ ਗਿਆ ਹੈ। ਸਿਆਸੀ ਪਾਰਟੀਆਂ ਨੇ ਜਾਤੀ ਸੰਘਰਸ਼ ਕਰਵਾਉਣ ਲਈ ਵੱਡੀ ਸਾਜ਼ਿਸ਼ ਰਚੀ ਸੀ। ਸਰਕਾਰ ਇਸ ਮਾਮਲੇ ਦੀ ਐੱਸਆਈਟੀ ਤੋਂ ਜਾਂਚ ਕਰਵਾ ਰਹੀ ਹੈ, ਫਿਰ ਵੀ ਪੀੜਤ ਪਰਿਵਾਰ ਨੂੰ ਤਸੱਲੀ ਕਿਉਂ ਨਹੀਂ? ਉਨ੍ਹਾਂ ਇਸ ਮਾਮਲੇ ਨੂੰ ਆਨਰ ਕਿਲਿੰਗ ਦੱਸਦਿਆਂ ਕਿਹਾ ਕਿ ਮੌਤ ਨਾਲ ਪੂਰੀ ਸੰਵੇਦਨਾ ਤਾਂ ਹੈ ਪਰ, ਬੇਕਸੂਰ ਨੌਜਵਾਨਾਂ ਨਾਲ ਵੀ ਪੂਰਾ ਇਨਸਾਫ਼ ਹੋਣਾ ਚਾਹੀਦਾ ਹੈ।

ਖੱਤਰੀ ਮਹਾਂ ਸਭਾ, ਸੁਪਰੀਮ ਕੋਰਟ ਦੇ ਵਕੀਲ ਏਪੀ ਸਿੰਘ ਅਤੇ ਯੂ.ਪੀ. ਪੁਲਿਸ ਤੋਂ ਹੁਣ ਜੇਕਰ ਪੁੱਛ ਲਿਆ ਜਾਵੇ ਕਿ ਤੁਹਾਡੀ ਗੱਲ ਮੰਨ ਲਈ ਜਾਂਦੀ ਹੈ ਕਿ ਚਾਰੇ ਮੁੰਡੇ ਬੇਕਸੂਰ ਹਨ। ਜੇ ਚਾਰੇ ਮੁੰਡੇ ਬੇਕਸੂਰ ਸਨ ਤਾਂ, ਜਦੋਂ 14 ਦਿਨ ਲੜਕੀ ਹਸਪਤਾਲ ਵਿੱਚ ਤੜਫਦੀ ਰਹੀ, ਉਦੋਂ ਆਪਣੇ ਬਿਆਨ ਪੁਲਿਸ ਨੂੰ ਕਿਉਂ ਨਹੀਂ ਦਰਜ਼ ਕਰਵਾਏ? ਜੇ ਚਾਰੇ ਮੁੰਡੇ ਬੇਕਸੂਰ ਹਨ ਤਾਂ, ਫਿਰ ਪੁਲਿਸ ਨੇ ਮ੍ਰਿਤਕ ਕੁੜੀ ਦੀ ਲਾਸ਼ ਨੂੰ ਅੱਧੀ ਰਾਤ ਕਿਉਂ ਸਾੜਿਆ? ਜੇ ਪੁਲਿਸ ਵਾਕਿਆਂ ਹੀ ਪਰਿਵਾਰ ਨੂੰ ਇਨਸਾਫ਼ ਦੇਣ ਦੀ ਚਾਹਵਾਨ ਸੀ ਤਾਂ, ਮ੍ਰਿਤਕ ਕੁੜੀ ਦਾ ਅੰਤਿਮ ਸੰਸਕਾਰ ਪਰਿਵਾਰ ਨੂੰ ਕਿਉਂ ਨਹੀਂ ਕਰਨ ਦਿੱਤਾ? ਮ੍ਰਿਤਕਾ ਦੀ ਮੌਤ ਤੋਂ ਮਗਰੋਂ ਯੋਗੀ ਸਰਕਾਰ ਨੇ ਮੁਆਵਜ਼ਾ ਆਖ਼ਰ ਕਿਉਂ ਐਲਾਨਿਆ, ਪਰਿਵਾਰ ਦੀ ਆਵਾਜ਼ ਬੰਦ ਕਰਨ ਲਈ?