ਅਜੋਕੇ ਦੌਰ ਦੇ ਹਾਕਮਾਂ ਕੋਲੋਂ ਦੇਸ਼ ਦੇ ਸੰਵਿਧਾਨ ਨੂੰ ਖ਼ਤਰਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 11 2020 12:57
Reading time: 2 mins, 20 secs

ਭਾਰਤ ਦੇਸ਼ ਆਜ਼ਾਦ 15 ਅਗਸਤ 1947 ਨੂੰ ਹੋਇਆ ਸੀ ਅਤੇ ਦੇਸ਼ ਦੇ ਅੰਦਰ ਸੰਵਿਧਾਨ ਲਾਗੂ 26 ਜਨਵਰੀ 1950 ਨੂੰ ਹੋਇਆ ਸੀ। ਸੰਵਿਧਾਨ ਲਿਖਣ ਵਿੱਚ ਅਹਿਮ ਯੋਗਦਾਨ ਡਾਕਟਰ ਭੀਮ ਰਾਓ ਅੰਬੇਦਕਰ ਨੇ ਪਾਇਆ। ਬੇਸ਼ੱਕ ਅੰਗਰੇਜ਼ਾਂ ਦੇ ਬਣਾਏ ਕੁੱਝ ਕਾਨੂੰਨਾਂ ਨੂੰ ਉਸ ਵੇਲੇ ਸੰਵਿਧਾਨ ਦੇ ਵਿੱਚ ਡਾਕਟਰ ਸਾਹਿਬ ਨੂੰ ਲਿਖਣਾ ਵੀ ਪਿਆ, ਪਰ ਬਾਅਦ ਵਿੱਚ ਉਕਤ ਕਾਨੂੰਨਾਂ ਵਿੱਚ ਸੋਧ ਕਰ ਦਿੱਤੀ ਗਈ ਅਤੇ ਹੁਣ ਵੀ ਸੋਧ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਦੇਸ਼ ਦੀ ਆਜ਼ਾਦੀ ਦੇ 74 ਵਰ੍ਹਿਆਂ ਮਗਰੋਂ ਵੀ ਅੰਗਰੇਜ਼ਾਂ ਦੇ ਬਣਾਏ ਕਈ ਕਾਨੂੰਨ ਹਾਲੇ ਵੀ ਭਾਰਤ ਦੇ ਅੰਦਰ ਉਵੇਂ ਹੀ ਚੱਲ ਰਹੇ ਹਨ, ਜਿਵੇਂ ਅੰਗਰੇਜ਼ੀ ਰਾਜ ਵੇਲੇ ਚੱਲਦੇ ਹੁੰਦੇ ਸਨ।

ਖ਼ੈਰ, ਦੇਸ਼ ਦੀ ਸੱਤਾ 'ਤੇ ਬਿਰਾਜ਼ਮਾਨ ਮੋਦੀ ਹਕੂਮਤ ਨੂੰ ਇਸ ਵੇਲੇ ਜਿੱਥੇ ਵਿਰੋਧੀ ਕੋਸ ਰਹੇ ਹਨ, ਉੱਥੇ ਹੀ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਅਜੌਕੇ ਸਮੇਂ ਦੇ ਹਾਕਮ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਝੀ ਚਾਲ ਚੱਲ ਰਹੇ ਹਨ ਅਤੇ ਆਰਐਸਐਸ ਦੁਆਰਾ ਤਿਆਰ ਕੀਤੇ ਗਏ, ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੰਵਿਧਾਨ ਨੂੰ ਧੱਕੇ ਦੇ ਨਾਲ ਲੋਕਾਂ ਉਪਰ ਥੋਪਿਆ ਜਾ ਰਿਹਾ ਹੈ। ਸਮਾਜਿਕ ਜਥੇਬੰਦੀਆਂ ਦੇ ਦੋਸ਼ ਇਸ ਵੇਲੇ ਮੋਦੀ ਹਕੂਮਤ 'ਤੇ ਇਸ ਲਈ ਵੀ ਲੱਗ ਰਹੇ ਹਨ, ਕਿਉਂਕਿ ਇਹ ਹਕੂਮਤ ਹਿੰਦੂਆਂ ਨੂੰ ਛੱਡ ਕੇ ਬਾਕੀ ਸਭਨਾਂ ਧਰਮਾਂ ਅਤੇ ਜਾਤਾਂ ਦੇ ਵਿਰੁੱਧ ਨਫ਼ਰਤ ਘੋਲ ਰਹੀ ਹੈ।

ਦੱਸਣਾ ਬਣਦਾ ਹੈ ਕਿ ਭਾਰਤ ਦੇ ਅੰਦਰ ਮੋਦੀ ਹਕੂਮਤ ਦੀਆਂ ਲੋਕ ਮਾਰੂ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਸ਼ਹਿ ਦੇਣ ਵਾਲੀਆਂ ਨੀਤੀਆਂ ਦੇ ਕਾਰਨ ਦੇਸ਼ ਦਾ ਹਰ ਵਰਗ ਪਿੱਸ ਰਿਹਾ ਹੈ। ਕਿਸਾਨਾਂ ਦੇ ਨਾਲ ਨਾਲ ਸਭਨਾਂ ਤਬਕਿਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ, ਮੋਦੀ ਹਕੂਮਤ ਲੋਕ ਮਾਰੂ ਕਾਨੂੰਨ ਪਾਸ ਕਰ ਰਹੀ ਹੈ, ਜਿਸ ਦੇ ਕਾਰਨ ਲੋਕ ਦੁਖੀ ਹੋ ਕੇ ਸੜਕਾਂ 'ਤੇ ਵੀ ਨਿਕਲ ਰਹੇ ਹਨ। ਲੰਘੇ ਕੱਲ੍ਹ ਮਾਨਸਾ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੇਲਵੇ ਸਟੇਸ਼ਨ 'ਤੇ ਦਿੱਤੇ ਜਾ ਰਹੇ ਧਰਨੇ ਵਿੱਚ ਨਰਮਦਾ ਬਚਾਓ ਅੰਦੋਲਨ ਦੀ ਮੁਖੀ ਅਤੇ ਸਮਾਜ ਸੇਵਿਕਾ ਮੇਧਾ ਪਾਟੇਕਰ ਪਹੁੰਚੀ।

ਆਪਣੇ ਸੰਬੋਧਨ ਵਿੱਚ ਮੇਧਾ ਨੇ ਦੋਸ਼ ਲਗਾਇਆ ਕਿ ਅਜੋਕੇ ਦੌਰ ਵਿੱਚ ਕੇਂਦਰ ਦੀ ਜ਼ਾਲਮ ਸਰਕਾਰ ਤੋਂ ਕਿਸਾਨ, ਕਿਰਤੀ ਤੇ ਸਾਰੇ ਲੋਕ ਦੁਖੀ ਹਨ। ਹੋਰ ਤਾਂ ਹੋਰ ਦੇਸ਼ ਦੇ ਸੰਵਿਧਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਮੇਧਾ ਪਾਟੇਕਰ ਨੂੰ ਕੇਂਦਰ ਸਰਕਾਰ ਨੂੰ ਲੰਮੇਂ ਹੱਥੀਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਦੀਆਂ ਵੀ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ ਅਤੇ ਕਿਸਾਨਾਂ ਦਾ ਇਹ ਸੰਘਰਸ਼ ਵੱਡੀ ਜਿੱਤ ਬਣ ਕੇ ਉਭਰੇਗਾ, ਜਿਸ ਅੱਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਪਾਟੇਕਰ ਨੇ ਕਿਹਾ ਕਿ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਉਨ੍ਹਾਂ ਦਾ ਨਾਅਰਾ 'ਲਾਲ ਹਰਾ ਇਨਕਲਾਬ' ਹੋਵੇਗਾ।

ਆਪਣੇ ਦਿੱਤੇ ਬਿਆਨ ਵਿੱਚ ਮੇਧਾ ਪਾਟੇਕਰ ਨੇ ਪੰਜਾਬ ਦੇ ਲੋਕਾਂ ਵੱਲੋਂ ਰਿਲਾਇੰਸ ਪੰਪਾਂ ਦੇ ਕੀਤੇ ਬਾਈਕਾਟ ਨੂੰ ਵੱਡੀ ਜਿੱਤ ਦੱਸਿਆ। ਪਾਟੇਕਰ ਨੇ ਐਲਾਨ ਕੀਤਾ ਕਿ ਉਹ ਮੋਦੀ ਸਰਕਾਰ ਖ਼ਿਲਾਫ਼ ਪੂਰੇ ਮੁਲਕ ਵਿਚ 250 ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣਗੇ। ਦੇਸ਼ ਵਿਚ ਜ਼ਾਤ-ਪਾਤ ਦੇ ਨਾਂ 'ਤੇ ਲੋਕਾਂ ਨੂੰ ਆਪਸ ਵਿਚ ਲੜਾਇਆ ਗਿਆ ਹੈ ਤੇ ਇਨਸਾਨੀਅਤ ਵਿਚ ਨਫ਼ਰਤ ਦਾ ਜ਼ਹਿਰ ਘੋਲਿਆ ਜਾ ਰਿਹਾ ਹੈ, ਜਿਸ ਦੇ ਖ਼ਤਰੇ ਦੇ ਸੰਕੇਤ ਮਿਲ ਰਹੇ ਹਨ।